ਗੁਰਬਾਣੀ ਦੀ ਸਰਲ ਵਿਆਖਿਆ ਭਾਗ(65)
ਰਾਗੁ ਆਸਾ ਮਹਲਾ 1 ॥
ਛਿਅ ਘਰ ਛਿਅ ਗੁਰ ਛਿਅ ਉਪਦੇਸ ॥
ਗੁਰੁ ਗੁਰੁ ਏਕੋ ਵੇਸ ਅਨੇਕ ॥1॥
ਹੇ ਭਾਈ, ਛੇ ਸ਼ਾਸਤਰ ਹਨ, ਛੇ ਹੀ ਇਨ੍ਹਾਂ ਨੂੰ ਚਲਾਉਣ ਵਾਲੇ ਹਨ, ਛੇ ਹੀ ਇਨ੍ਹਾਂ ਦੇ ਸਿਧਾਂਤ ਹਨ। ਪਰ ਇਨ੍ਹਾਂ ਸਾਰਿਆਂ ਦਾ ਮੂਲ਼ ਗੁਰੂ (ਪਰਮਾਤਮਾ) ਇਕ ਹੈ। ਇਹ ਸਾਰੇ ਸਿਧਾਂਤ, ਉਸ ਇਕ ਪ੍ਰਭੂ ਦੇ ਹੀ ਅਨੇਕਾਂ ਰੂਪ ਹਨ। ਪ੍ਰਭੂ ਦੀ ਹਸਤੀ ਦੇ ਪ੍ਰਕਾਸ਼ ਦਾ ਰੂਪ ਹਨ।1।
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥
ਸੋ ਘਰੁ ਰਾਖੁ ਵਡਾਈ ਤੋਇ ॥1॥ ਰਹਾਉ ॥
ਹੇ ਭਾਈ, ਜਿਸ ਸਤ-ਸੰਗ ਘਰ ਵਿਚ ਕਰਤਾਰ ਦੀ ਸਿਫਤ-ਸਾਲਾਹ ਹੁੰਦੀ ਹੈ, ਉਸ ਘਰ ਨੂੰ ਸਾਂਭ ਕੇ ਰੱਖ, ਉਸ ਸਤ-ਸੰਗ ਦਾ ਆਸਰਾ ਲਈ ਰੱਖ, ਉਸ ਸਤ-ਸੰਗ ਨਾਲ ਜੁੜਿਆ ਰਹੁ, ਏਸੇ ਵਿਚ ਹੀ ਤੇਰੀ ਭਲਾਈ ਹੈ।1।ਰਹਾਉ।
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥
ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥2॥2॥
ਜਿਵੇਂ ਸੂਰਜ ਇਕ ਹੈ, ਪਰ ਉਸ ਦੇ ਵੱਖਰੇ-ਵੱਖਰੇ ਬਹੁਤ ਰੂਪ ਹਨ, ਜਿਵੇਂ "ਵਿਸੁਏ" ਇਕ ਵਿਸਾ=ਅੱਖ ਦੇ 15 ਫੋਰ। ਇਕ ਚਸਾ=15 ਵਿਸੁਏ। ਇਕ ਪਲ=30 ਚਸੇ । ਇਕ ਘੜੀ=60 ਪਲ। ਇਕ ਪਹਰ=ਸਾਢੇ ਸੱਤ ਘੜੀਆਂ। ਇਕ ਦਿਨ-ਰਾਤ 8 ਪਹਰ। 15 ਥਿੱਤਾਂ =7 ਵਾਰ=ਇਕ ਮਹੀਨਾ॥ 12 ਮਹੀਨੇ =ਛੇ ਰੁੱਤਾਂ=ਇਕ ਸਾਲ।
ਇਵੇਂ ਹੀ ਪਰਮਾਤਮਾ ਇਕ ਹੈ, ਪਰ ਉਸ ਦੇ ਰੂਪ ਅਨੇਕਾਂ ਹਨ।
ਅਮਰ ਜੀਤ ਸਿੰਘ ਚੰਦੀ (ਚਲਦਾ)