ਗੁਰਬਾਣੀ ਦੀ ਸਰਲ ਵਿਆਖਿਆ ਭਾਗ(66)
ਰਾਗੁ ਧਨਾਸਰੀ ਮਹਲਾ 1 ॥
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥1॥
ਸਾਰਾ ਆਕਾਸ਼, ਮਾਨੋ ਇਕ ਥਾਲ ਹੈ। ਸੂਰਜ ਤੇ ਚੰਦ, ਉਸ ਥਾਲ ਵਿਚ ਦੀਵੇ ਬਣੇ ਹੋਏ ਹਨ। ਤਾਰਿਆਂ ਦੇ ਝੁੰਡ ਉਸ ਥਾਲ ਵਿਚ ਮੋਤੀ ਰੱਖੇ ਹੋਏ ਹਨ। ਪਹਾੜਾਂ ਵਲੋਂ ਆਉਣ ਵਾਲੀ, ਖੁਸ਼ਬੂ, ਮਾਨੋ ਧੂਫ, ਧੁੱਖ ਰਹੀ ਹੈ, ਹਵਾ ਚੌਰ ਕਰ ਰਹੀ ਹੈ ਅਤੇ ਸਾਰੀ ਬਨਸਪਤੀ ਜੋਤਿ-ਰੂਪ (ਪ੍ਰਭੂ) ਦੀ ਆਰਤੀ ਵਾਸਤੇ ਫੁੱਲ ਦੇ ਰਹੀ ਹੈ।1।
ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥
ਅਨਹਤਾ ਸਬਦ ਵਾਜੰਤ ਭੇਰੀ ॥1॥ ਰਹਾਉ ॥
ਹੇ ਜੀਵਾਂ ਦੇ ਜਨਮ-ਮਰਨ ਦਾ ਖਾਤਮਾ ਕਰਨ ਵਾਲੇ ਪ੍ਰਭੂ, ਤੇਰੀ ਕੁਦਰਤ ਵਿਚ ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ! ਬੇਗਿਣਤ ਜੀਵਾਂ ਦੀਆਂ ਨਿਕਲ ਰਹੀਆਂ ਅਲੱਗ ਅਲੱਗ ਆਵਾਜ਼ਾਂ, ਮਾਨੋ ਤੇਰੀ ਆਰਤੀ ਵਾਸਤੇ ਨਗਾੜੇ ਵੱਜ ਰਹੇ ਹਨ।1।ਰਹਾਉ।
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥2॥
ਹੇ ਪ੍ਰਭੂ ਜੀ ਨਿਰਾਕਾਰ ਹੋਣ ਕਰ ਕੇ ਤੇਰੀ ਕੋਈ ਅੱਖ ਨਹੀਂ, ਪਰ ਜੀਵਾਂ ਵਿਚ ਵਿਆਪਕ ਹੋਣ ਕਰ ਕੇ ਹਜ਼ਾਰਾਂ ਨਸਲਾਂ ਦੇ ਜੀਵਾਂ ਦੀਆਂ ਅੱਖਾਂ, ਤੇਰੀਆਂ ਹੀ ਹਨ। ਹਜ਼ਾਰਾਂ ਨਸਲਾਂ ਵਿਚਲੀਆਂ ਤੇਰੀਆਂ ਹੀ ਸ਼ਕਲਾਂ ਹਨ,ਪਰ ਫਿਰ ਵੀ ਤੇਰੀ ਕੋਈ ਸ਼ਕਲ ਨਹੀਂ। ਹਜ਼ਾਰਾਂ ਨਸਲਾਂ ਵਿਚ ਤੇਰੇ ਕਿੰਨੇ ਸੋਹਣੇ ਸੋਹਣੇ ਪੈਰ ਹਨ, ਪਰ ਤੇਰਾ ਇਕ ਵੀ ਪੈਰ ਨਹੀਂ। ਗੰਧ ਲੈਣ ਵਾਲਾ ਤੇਰਾ ਇਕ ਵੀ ਨੱਕ ਨਹੀਂ, ਪਰ ਹਜ਼ਾਰਾਂ ਨਸਲਾਂ ਦੇ ਗੰਧ ਸੁੰਘਣ ਵਾਲੇ ਤੇਰੇ ਬੇਗਿਣਤ ਨੱਕ ਹਨ। ਇਸ ਤਰ੍ਹਾਂ ਤੇਰੇ ਅਜਿਹੇ ਕੌਤਕਾਂ ਨੇ ਮੈਨੂੰ ਹੈਰਾਨ ਕੀਤਾ ਹੋਇਆ ਹੈ।2।
ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥
ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥3॥
ਸਾਰੇ ਜੀਵਾਂ ਵਿਚ, ਇਕੋ ਪਰਮਾਤਮਾ ਦੀ ਜੋਤ ਹੀ ਵਰਤ ਰਹੀ ਹੈ। ਉਸ ਜੋਤ ਦੇ ਪ੍ਰਕਾਸ਼ (ਗਿਆਨ) ਨਾਲ ਹੀ ਸਭ ਜੀਵਾਂ ਨੂੰ ਸੋਝੀ ਹੁੰਦੀ ਹੈ। ਪਰ ਇਸ ਜੋਤ ਦਾ ਗਿਆਨ, ਸ਼ਬਦ-ਗੁਰੂ ਦੀ ਸਿਖਿਆ ਨਾਲ ਹੀ ਮਿਲਦਾ ਹੈ। ਗੁਰੂ ਰਾਹੀਂ ਹੀ ਇਹ ਸੋਝੀ ਹੁੰਦੀ ਹੈ ਕਿ ਸਭ ਜਵਿਾਂ ਵਿਚ ਉਹ, ਇਕੋ ਜੋਤ ਹੈ। ਇਸ ਸਰਬ ਵਿਆਪਕ ਜੋਤ ਦੀ ਆਰਤੀ ਇਹ ਹੈ ਕਿ ਜੋ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ, ਉਹੀ ਜੀਵ ਨੂੰ ਚੰਗਾ ਲੱਗੇ, ਪ੍ਰਭੂ ਦੀ ਰਜ਼ਾ ਵਿਚ ਚੱਲਣਾ ਹੀ, ਉਸ ਦੀ ਆਰਤੀ ਕਰਨੀ ਹੈ।3।
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥4॥3॥
ਹੇ ਹਰੀ, ਤੇਰੇ ਕੌਲ-ਫੁੱਲਾਂ ਵਰਗੇ ਚਰਨਾਂ ਦੀ ਧੂੜ ਲਈ ਮੇਰਾ ਮਨ ਲੋਚਦਾ ਹੈ, ਹਰ ਰੋਜ਼ ਇਸ ਦੀ ਹੀ ਆਸ ਰਹਿੰਦੀ ਹੈ। ਮੈ, ਨਾਨਕ ਪਪੀਹੇ ਤੇ ਆਪਣੀ ਮਿਹਰ ਕਰ, ਜਿਸ ਦੀ ਬਰਕਤ ਨਾਲ ਮੈਂ ਤੇਰੇ ਨਾਮ ਵਿਚ ਟਿਕਿਆ ਰਹਾਂ।4।3 ।
ਅਮਰ ਜੀਤ ਸਿੰਘ ਚੰਦੀ (ਚਲਦਾ)