ਗੁਰਬਾਣੀ ਦੀ ਸਰਲ ਵਿਆਖਿਆ ਭਾਗ(70)
ਸਿਰੀਰਾਗੁ ਮਹਲਾ 1 ॥
ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥
ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥1॥
ਜੇ ਮੇਰੀ ਉਮਰ ਕ੍ਰੋੜਾਂ ਹੀ ਸਾਲ ਦੀ ਹੋ ਜਾਵੇ, ਜੇ ਮੈਂ ਹਵਾ-ਪਾਣੀ ਦੇ ਆਸਰੇ ਹੀ ਜਿਊਂਦਾ ਰਹ ਸਕਾਂ, ਜੇ ਕਿਸੇ ਗੁਫਾ ਵਿਚ ਬੈਠ ਕੇ ਸਾਰੀ ਉਮਰ ਸਮਾਧੀ ਲਾਈ ਰੱਖਾਂ, ਚੰਦ-ਸੂਰਜ ਨੂੰ ਵੇਖਾਂ ਵੀ ਨਾ, ਜੇ ਸੁਪਨੇ ਵਿਚ ਵੀ ਸੌਣ ਦੀ ਥਾਂ ਨਾ ਮਿਲੇ, ਹੇ ਪ੍ਰਭੂ, ਏਨੀਆਂ ਲੱਮੀਆਂ ਸਮਾਧੀਆਂ ਲਾ ਕੇ ਵੀ ਮੈਥੋਂ ਤੇਰਾ ਮੁੱਲ ਨਹੀਂ ਪੈ ਸਕਦਾ, ਤੇਰੇ ਬਰਾਬਰ ਦਾ ਮੈਂ ਹੋਰ ਨਹੀਂ ਲੱਭ ਸਕਦਾ, ਮੈਂ ਤੇਰੀ ਕਿੰਨੀ ਕੁ ਵਡਿਆਈ ਦੱਸਾਂ ? ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ।1।
ਸਾਚਾ ਨਿਰੰਕਾਰੁ ਨਿਜ ਥਾਇ ॥
ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥1॥ ਰਹਾਉ ॥
ਸਦਾ ਕਾਇਮ ਰਹਣ ਵਾਲਾ, "ਨਿਰ-ਆਕਾਰ" ਪਰਮਾਤਮਾ ਆਪਣੇ ਆਪ ਵਿਚ ਟਿਕਿਆ ਹੋਇਆ ਹੈ, ਉਸ ਨੂੰ ਕਿਸੇ ਹੋਰ ਦੇ ਆਸਰੇ ਦੀ ਮੁਥਾਜੀ ਨਹੀਂ ਹੈ, ਅਸੀਂ ਜੀਵ ਇਕ ਦੂਜੇ ਤੋਂ ਸੁਣ ਸੁਣ ਕੇ ਹੀ ਉਸ ਦੀ ਬਜ਼ੁਰਗੀ ਬਾਰੇ ਬਿਆਨ ਕਰ ਦੇਂਦੇ ਹਾਂ, ਪਰ ਕੋਈ ਇਹ ਨਹੀੰ ਦੱਸ ਸਕਦਾ ਕਿ ਉਹ ਕਿੰਨਾ ਕੁ ਵੱਡਾ ਹੈ ? ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ ਜੀਵ ਦੇ ਅੰਦਰ ਆਪਣੀ ਸਿਫਤ-ਸਾਲਾਹ ਦੀ ਤਾਂਘ ਪੈਦਾ ਕਰ ਦੇਂਦਾ ਹੈ।1।ਰਹਾਉ।
ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥
ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥2॥
ਜੇ ਤਪਾਂ ਦੇ ਕਸ਼ਟ ਦੇ ਦੇ ਕੇ ਮੈਂ ਆਪਣੇ ਸਰੀਰ ਨੂੰ ਕੁਹ ਸੁੱਟਾਂ, ਮੁੜ ਮੁੜ ਰਤਾ ਰਤਾ ਕਟਾ ਦਿਆਂ , ਚੱਕੀ ਵਿਚ ਪਾ ਕੇ ਪੀਹ ਦਿਆਂ, ਅੱਗ ਨਾਲ ਸਾੜ ਸੁੱਟਾਂ, ਤੇ ਆਪਣੇ ਆਪ ਨੂੰ ਸਵਾਹ ਨਾਲ ਰਲਾ ਦਿਆਂ, ਇਤਨੇ ਤੱਪ ਸਾਧ ਕੇ ਵੀ, ਹੇ ਪ੍ਰਭੂ, ਤੇਰੇ ਬਰਾਬਰ ਦਾ ਮੈਂ ਹੋਰ ਕਿਸੇ ਨੂੰ ਨਹੀਂ ਲੱਭ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ।2।
ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ ॥
ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ ॥
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥3॥
ਜੇ ਮੈਂ ਪੰਛੀ ਬਣ ਕੇ ਉੱਡ ਸਕਾਂ ਤੇ ਸੈਂਕੜੇ ਅਸਮਾਨਾਂ ਤੱਕ ਪਹੁੰਚ ਸਕਾਂ, ਜੇ ਏਨਾ ਉੱਚਾ ਉੱਡ ਜਾਵਾਂ ਕਿ ਕਿਸੇ ਨੂੰ ਦਿਸਾਂ ਵੀ ਨਾ, ਖਾਵਾਂ-ਪੀਵਾਂ ਵੀ ਕੁਝ ਨਾ, ਇਤਨੀ ਪਹੁੰਚ ਵੇਖਦਾ ਹੋਇਆ ਵੀ ਹੇ ਪ੍ਰਭੂ, ਮੈਂ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਲੱਭ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ3।
ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥
ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥4॥2॥
ਹੇ ਨਾਨਕ ਆਖ, ਹੇ ਪ੍ਰਭੂ ਜੇ ਮੇਰੇ ਕੋਲ ਤੇਰੀ ਵਡਿਆਈ ਨਾਲ ਭਰੇ ਹੋਏ ਲੱਖਾਂ ਮਣ ਕਾਗਜ਼ ਹੋਣ, ਉਨ੍ਹਾਂ ਨੂੰ ਮੁੜ ਮੁੜ ਪੜ੍ਹ ਕੇ ਵਿਚਾਰ ਵੀ ਕੀਤੀ ਜਾਵੇ, ਜੇ ਤੇਰੀ ਵਡਿਆਈ ਲਿਖਣ ਵਾਸਤੇ ਮੈਂ ਹਵਾ ਨੂੰ ਕਲਮ ਬਣਾ ਲਵਾਂ, ਲਿਖਦਿਆਂ ਲਿਖਦਿਆਂ ਸਿਆਹੀ ਦੀ ਵੀ ਕਦੇ ਤੋਟ ਨਾ ਆਵੇ, ਤਾਂ ਵੀ ਹੇ ਪ੍ਰਭੂ, ਮੈਂ ਤੇਰਾ ਮੁੱਲ ਨਹੀਂ ਪਾ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ।4।2।
ਨਚੋੜ:-ਜੇ ਕ੍ਰੋੜਾਂ ਸਾਲ, ਅਮੁੱਕ ਸਮਾਧੀ ਲਾ ਕੇ ਤੇ ਬੜੇ ਬੜੇ ਤੱਪ ਸਹਾਰ ਸਹਾਰ ਕੇ ਦਿੱਬ-ਦ੍ਰਿਸ਼ਟੀ ਹਾਸਲ ਕਰ ਲਈਏ, ਜੇ ਉੱਡਣ ਦੀ ਸਮਰਥਾਂ ਹਾਸਲ ਕਰ ਕੇ ਪਰਮਾਤਮਾ ਦੀ ਰਚੀ ਰਚਨਾ ਦਾ ਅਖੀਰਲਾ ਬੰਨਾ ਲੱਭਣ ਲਈ ਸੈਂਕੜੇ ਅਸਮਾਨਾਂ ਤਕ ਹੋ ਆਈਏ, ਜੇ ਅਮੁੱਕ ਸਿਆਹੀ ਨਾਲ, ਲੱਖਾਂ ਮਣਾਂ ਕਾਗਜ਼ਾਂ ਤੇ ਪ੍ਰਭੂ ਦੀ ਵਡਿਆਈ ਦਾ ਲੇਖਾ ਇਕ-ਸਾਰ ਲਿਖਦੇ ਜਾਈਏ, ਤਾਂ ਵੀ ਕੋਈ ਜੀਵ, ਉਸ ਦੀ ਵਡਿਆਈ ਦਾ ਅੰਤ ਪਾਣ ਜੋਗਾ ਨਹੀਂ ਹੈ। ਉਹ ਨਿਰਾਕਾਰ ਪ੍ਰਭੂ ਆਪਣੇ ਸਹਾਰੇ ਆਪ ਕਾਇਮ ਹੈ, ਉਸ ਨੂੰ ਸਹਾਰਾ ਦੇਣ ਜੋਗਾ, ਉਸ ਦਾ ਕੋਈ ਸਰੀਕ ਨਹੀਂ ਹੈ। ਕਰਤਾਰ, ਜਿਸ ਉੱਤੇ ਮਿਹਰ ਕਰੇ, ਉਸ ਨੂੰ ਆਪਣੀ ਸਿਫਤ-ਸਾਲਾਹ ਦੀ ਦਾਤ, ਆਪ ਬਖਸ਼ਦਾ ਹੈ।2।
ਅਮਰ ਜੀਤ ਸਿੰਘ ਚੰਦੀ (ਚਲਦਾ)