ਗੁਰਬਾਣੀ ਦੀ ਸਰਲ ਵਿਆਖਿਆ ਭਾਗ(71)
ਸਿਰੀਰਾਗੁ ਮਹਲਾ 1 ॥
ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ ॥
ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ ॥
ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ ॥1॥
ਇਹ ਗੱਲ ਹਰ ਕੋਈ ਜਾਣਦਾ ਹੈ ਕਿ ਅਸੀਂ ਜ਼ਿਦਗੀ ਦੇ ਸਾਹ ਗਿਣੇ ਮਿਣੇ ਸਮੇ ਲਈ ਹੀ ਲੈ ਰਹੇ ਹਾਂ, ਸਾਡਾ ਬੋਲ-ਚਾਲ, ਸਾਡਾ ਖਾਣ-ਪੀਣ ਥੋੜੇ ਹੀ ਸਮੇ ਲਈ ਹੈ, ਜਿਸ ਜੀਵਨ-ਸਫਰ ਵਿਚ ਅਸੀਂ ਤੁਰੇ ਹੋਏ ਹਾਂ, ਉਹ ਸਫਰ ਵੀ ਥੋੜੇ ਹੀ ਚਿਰ ਲਈ ਹੈ, ਦੁਨੀਆ ਦੇ ਰਾਗ-ਰੰਗ ਤੇ ਰੰਗ ਤਮਾਸ਼ੈ ਸੁਣਨੇ ਵੇਖਣੇ ਵੀ ਥੋੜੇ ਹੀ ਸਮੇ ਲਈ ਹਨ।1।
ਬਾਬਾ ਮਾਇਆ ਰਚਨਾ ਧੋਹੁ ॥
ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥ 1॥ ਰਹਾਉ ॥
ਹੇ ਭਾਈ, ਮਾਇਆ ਦੀ ਖੇਡ, ਜੀਵਾਂ ਲਈ ਚਾਰ ਦਿਨ ਦੀ ਹੀ ਖੇਡ ਹੈ। ਪਰ ਇਸ ਚਾਰ ਦਿਨ ਦੀ ਖੇਡ ਵਿਚ ਅੰਨ੍ਹੇ ਹੇਏ ਮਨੁੱਖ ਨੇ ਪ੍ਰਭੂ ਦਾ ਨਾਮ ਵਿਸਾਰ ਦਿੱਤਾ ਹੈ, ਨਾ ਮਾਇਆ ਨਾਲ ਹੀ ਨਿਭਦੀ ਹੈ, ਤੇ ਨਾ ਪ੍ਰਭੂ ਦਾ ਨਾਮ ਹੀ ਮਿਲਦਾ ਹੈ।1।ਰਹਾਉ।
ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ ॥
ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ ॥
ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ ॥2॥
ਜਗਤ ਵਿਚ ਜਨਮ ਲੈ ਕੇ ਜੰਮਣ ਤੋਂ ਮਰਨ ਤੱਕ ਸਾਰੀ ਉਮਰ ਮਨੁੱਖ, ਪਦਾਰਥ ਇਕੱਠੇ ਕਰਨ ਦੇ ਆਹਰੇ ਲੱਗਾ ਰਹਿੰਦਾ ਹੈ, ਜਿਨ੍ਹਾਂ ਦੀ ਖਾਤਰ ਇਹ ਦੌੜ-ਭੱਜ ਕਰਦਾ ਹੈ, ਉਨ੍ਹਾਂ ਵਿਚੋਂ ਕੋਈ ਵੀ ਓਥੇ ਤੱਕ ਸਾਥ ਨਹੀਂ ਨਿਭਾਹੁੰਦਾ, ਜਿੱਥੇਇਸ ਨੂੰ ਸਾਰੀ ਜ਼ਿੰਦਗੀ ਵਿਚ ਕੀਤੇ ਕੰਮਾਂ ਦਾ ਲੇਖਾ ਸਮਝਾਇਆ ਜਾਂਦਾ ਹੈ, ਇਸ ਦੇ ਮਰਨ ਪਿੱਛੋਂ, ਇਸ ਨੂੰ ਰੋਣ ਵਾਲੇ ਸਾਰੇ ਹੀ ਸਬੰਧੀ, ਇਸ ਦੇ ਭਾ ਦੀਆਂ, ਪਰਾਲੀ ਦੀਆਂ ਪੰਡਾਂ ਪਏ ਚੁੱਕਦੇ ਹਨ, ਕਿਉਂ ਜੋ ਮਰਨ ਵਾਲੇ ਨੂੰ ਉਨ੍ਹਾਂ ਦਾ ਕੋਈ ਲਾਭ ਨਹੀਂ ਹੁੰਦਾ।2।
ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਨ ਆਖੈ ਕੋਇ ॥
ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ ॥
ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ ॥ 3॥
ਹੇ ਪ੍ਰਭੂ ਹਰੇਕ ਜੀਵ ਤੈਨੂੰ ਬਹੁਤ ਬਹੁਤ ਧਨ ਵਾਸਤੇ ਹੀ ਕਹਿੰਦਾ ਹੈ, ਕੋਈ ਵੀ ਥੋੜਾ ਨਹੀਂ ਮੰਗਦਾ, ਕਿਸੇ ਨੇ ਵੀ ਕਦੇ ਮੰਗਣ ਤੋਂ ਬੱਸ ਨਹੀਂ ਕੀਤੀ, ਮੰਗ-ਮੰਗ ਕੇ ਕਦੇ ਕੋਈ ਵੀ ਨਹੀਂ ਰੱਜਿਆ, ਪਰ ਉਹ ਸਾਰਾ ਧਨ ਇਥੇ ਹੀ ਰਹਿ ਜਾਂਦਾ ਹੈ। ਹੇ ਪ੍ਰਭੂ, ਇਕ ਤੂੰ ਹੀ ਸਦਾ ਰਹਣ ਵਾਲਾ ਖਾਲਕ ਹੈਂ, ਹੋਰ ਸਾਰੇ ਜੀਆ-ਜੰਤ, ਹੋਰ ਸਾਰੇ ਜਗਤ-ਮੰਡਲ ਨਾਸ਼ਵੰਤ ਹਨ।3।
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥4॥3॥
ਹੇ ਪ੍ਰਭੂ ਮੈਂ ਤੈਥੋਂ ਇਹੀ ਮੰਗਦਾ ਹਾਂ ਕਿ ਤੇਰਾ ਨਾਨਕ ਉਨ੍ਹਾਂ ਬੰਦਿਆਂ ਨਾਲ ਸਾਥ ਬਣਾਏ, ਜੋ ਨੀਵੀਂ ਤੋਂ ਨੀਵੀਂ ਜਾਤਿ ਦੇ ਹਨ, ਜੋ ਨੀਵਿਆਂ ਤੋਂ ਵੀ ਅੱਤ ਨੀਵੇਂ ਅਖਵਾਂਦੇ ਹਨ, ਮੈਨੂੰ ਮਾਇਆ-ਧਾਰੀਆਂ ਦੇ ਰਾਹੇ ਤੁਰਨ ਦੀ ਕੋਈ ਤਾਂਙ ਨਹੀਂ, ਕਿਉਂਜੋ ਮੈਨੂੰ ਪਤਾ ਹੈ ਕਿ ਤੇਰੀ ਮਿਹਰ ਦੀ ਨਜ਼ਰ ਓਥੇ ਹੈ, ਜਿੱਥੇ ਗਰੀਬਾਂ ਦੀ ਸਾਰ ਲਈ ਜਾਂਦੀ ਹੈ।4।3।
ਭਾਵ;- ਚਾਰ ਦਿਨ ਦੀ ਖੇਡ ਦੀ ਖਾਤਰ, ਜੀਵ ਪ੍ਰਭੂ ਦਾ ਨਾਮ ਵਿਸਾਰ ਕੇ, ਜੀਵਨ ਵਿਅਰਥ ਗਵਾਂਦੇ ਹਨ। ਜੀਵਨ ਦੇ ਦਿਨ ਗਿਣੇ-ਮਿਥੇ ਹਨ, ਇਹ ਵੀ ਗਵਾ ਲਏ ਖਾਣ ਦੇ ਪਦਾਰਥਾਂ ਦੇ ਆਹਰੇ, ਸਦਾ ਧਨ ਹੀ ਮੰਗਦੇ ਰਹੇ, ਜੋ ਨਾਲ ਨਹੀਂ ਨਿਭਣਾ। ਪਰ ਪ੍ਰਭੂ ਦੀ ਮਿਹਰ ਉਨ੍ਹਾਂ ਤੇ ਹੈ, ਜੋ ਮਾਇਆ-ਧਾਰੀਆਂ ਦੇ ਰਾਹੇ ਨਹੀਂ ਤੁਰਦੇ।
ਏਥੇ ਮਾਇਆ ਧਾਰੀਆਂ ਦੀ ਗੱਲ ਹੈ, ਜਿਸ ਵਿਚ 95% ਤੋਂ ਵੱਧ ਪੰਜਾਬ ਦੇ ਰਾਜਸੀ ਨੇਤਾ, ਸੰਤ-ਮਹਾਂਪੁਰਖ-ਬ੍ਰਹਮ-ਗਿਆਨੀ, ਗੁਰਦਵਾਰਿਆਂ ਦੇ ਪ੍ਰਬੰਧਕ, ਹਨ, ਕਿਰਤੀ ਨਹੀਂ।3।
ਅਮਰ ਜੀਤ ਸਿੰਘ ਚੰਦੀ (ਚਲਦਾ)