ਗੁਰਬਾਣੀ ਦੀ ਸਰਲ ਵਿਆਖਿਆ ਭਾਗ(72)
ਸਿਰੀਰਾਗੁ ਮਹਲਾ 1 ॥
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥
ਪਰ ਨਿੰਦਾ ਪਰ ਮਲੁ ਮੁਖਿ ਸੁਧੀ ਅਗਨਿ ਕ੍ਰੋਧੁ ਚੰਡਾਲੁ ॥
ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥1॥
ਹੇ ਮੇਰੇ ਅਕਾਲ-ਪੁਰਖ, ਮੇਰੀਆਂ ਤਾਂ ਇਹ ਕਰਤੂਤਾਂ ਹਨ, ਖਾਣ ਦਾ ਲਾਲਚ ਮੇਰੇ ਅੰਦਰ ਕੁੱਤਾ ਹੈ, ਜੋ ਹਰ ਵੇਲੇ ਖਾਣ ਨੂੰ ਮੰਗਦਾ ਹੈ, ਭੌੰਕਦਾ ਹੈ। ਝੂਠ ਬੋਲਣ ਦੀ ਵਾਦੀ ਮੇਰੇ ਅੰਦਰ ਚੂਹੜਾ ਹੈ, ਜਿਸ ਨੇ ਮੈਨੂੰ ਬਹੁਤ ਨੀਵਾਂ ਕਰ ਦਿੱਤਾ ਹੈ। ਦੂਸਰਿਆਂ ਨੂੰ ਠੱਗ ਕੇ ਖਾਣਾ ਮੇਰੇ ਅੰਦਰ ਮੁਰਦਾਰ ਹੈ, ਜੋ ਸਵਾਰਥ ਦੀ ਬਦਬੂ ਵਧਾ ਰਿਹਾ ਹੈ। ਪਰਾਈ ਨਿੰਦਾ, ਮੇਰੇ ਮੂੰਹ ਵਿਚ ਸਮੂਲਚੀ ਪਰਾਈ ਮੈਲ ਹੈ। ਕ੍ਰੋਧੁ-ਅੱਗ ਮੇਰੇ ਅੰਦਰ ਚੰਡਾਲ ਬਣੀ ਪਈ ਹੈ। ਮੈਨੂੰ ਕਈ ਚਸਕੇ ਹਨ, ਮੈਂ ਆਪਣੇ-ਆਪ ਨੂੰ ਵਡਿਆਉਂਦਾ ਹਾਂ।1।
ਬਾਬਾ ਬੋਲੀਐ ਪਤਿ ਹੋਇ ॥
ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥1॥ ਰਹਾਉ ॥
ਹੇ ਭਾਈ, ਉਸ ਨਾਲ ਬੋਲਣਾ ਚਾਹੀਦਾ, ਜਿਸ ਨਾਲ ਬੋਲਿਆਂ ਪਰਮਾਤਮਾ ਦੀ ਹਜ਼ੂਰੀ ਵਿਚ ਇੱਜ਼ਤ ਮਿਲੇ। ਉਹੀ ਮਨੁੱਖ ਅਸਲ ਵਿਚ ਚੰਗੇ ਹਨ, ਜੋ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਆਖੇ ਜਾਂਦੇ ਹਨ, ਮੰਦ-ਕਰਮੀ ਬੰਦੇ ਬੈਠੇ ਝੂਰਦੇ ਹੀ ਹਨ।1।ਰਹਾਉ।
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥
ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥2॥
ਸੋਨਾ ਚਾਂਦੀ ਇਕੱਠਾ ਕਰਨ ਦਾ ਚਸਕਾ, ਇਸਤ੍ਰੀ, ਭਾਵ ਕਾਮ ਦਾ ਚਸਕਾ, ਸੁਗੰਧੀਆਂ ਦੀ ਲਗਨ, ਘੋੜਿਆਂ ਦੀ ਸਵਾਰੀ ਦਾ ਸ਼ੌਕ, ਨਰਮ ਨਰਮ ਸੇਜਾਂ ਅਤੇ ਸੋਹਣੇ ਮਕਾਨਾਂ ਦੀ ਲਾਲਸਾ, ਸੁਆਦਲੇ ਮਿੱਠੇ ਪਦਾਰਥ, ਤੇ ਮਾਸ ਖਾਣ ਦਾ ਚਸਕਾ, ਜੇ ਮਨੁੱਖਾ ਸਰੀਰ ਨੂੰ ਇਤਨੇ ਚਸਕੇ ਲੱਗੇ ਹੋਏ ਹੋਣ, ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ, ਕਿਸ ਹਿਰਦੇ ਵਿਚ ਹੋ ਸਕਦਾ ਹੈ ?।2।
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ ॥
ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ ॥3॥
ਉਹੀ ਬੋਲ ਬੋਲਣ ਨਾਲ ਸੁਚੱਜਾ ਹੋ ਸਕੀਦਾ ਹੈ ਜਿਸ ਦੇ ਬੋਲਣ ਨਾਲ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ। ਹੇ ਮੂਰਖ ਅਗਿਆਨੀ ਮਨ ਸੁਣ ਫਿੱਕਾ ਨਾਮ ਰਸ ਤੋਂ ਸੱਖਣਾ ਬੋਲ ਬੋਲਿਆਂ ਖੁਆਰ ਹੋਈਦਾ ਹੈ। ਭਾਵ ਜੇ ਸਾਰੀ ਉਮਰ ਨਿਰੀਆਂ ਉਹੀ ਗੱਲਾਂ ਕਰਦੇ ਰਹੀਏ ਜੋ ਪ੍ਰਭੂ ਦੇ ਪਿਆਰ ਤੋਂ ਸੱਖਣੀਆਂ ਹੋਣ ਤਾਂ ਦੁਖੀ ਹੀ ਰਹੀਦਾ ਹੈ। ਪ੍ਰਭੂ ਦੀ ਸਿਫਤ-ਸਾਲਾਹ ਤੋਂ ਬਿਨਾ ਹੋਰ ਗੱਲਾਂ ਵਿਅਰਥ ਹਨ। ਜੋ ਮਨੁੱਖ ਪ੍ਰਭੂ ਦੀ ਸਿਫਤ-ਸਾਲਾਹ ਕਰ ਕੇ ਉਸ ਪ੍ਰਭੂ ਨੂੰ ਪਿਆਰੇ ਲਗਦੇ ਹਨ ਉਹੀ ਚੰਗੇ ਹਨ।3।
ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ ॥
ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ ॥
ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ॥ 4॥4॥
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ, ਪ੍ਰਭੂ ਹਰ ਵੇਲੇ ਵੱਸ ਰਿਹਾ ਹੈ, ਉਹ ਅਕਲ ਵਾਲੇ ਹਨ, ਉਹ ਇੱਜ਼ਤ ਵਾਲੇ ਹਨ ਤੇ ਧਨ ਵਾਲੇ ਹਨ। ਐਸੇ ਭਲੇ ਮਨੁੱਖਾਂ ਦੀ ਸਿਫਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਵਰਗਾ ਸੋਹਣਾ ਹੋਰ ਕੌਣ ਹੈ ? ਹੇ ਨਾਨਕ, ਪ੍ਰਭੂ ਦੀ ਨਦਰ ਤੋਂ ਵਾਂਝੇ ਬੰਦੇ ਉਸ ਦੇ ਨਾਮ ਵਿਚ ਨਹੀਂ ਜੁੜਦੇ, ਉਸ ਦੇ ਦਿੱਤੇ ਧਨ ਪਦਾਰਥ ਵਿਚ ਹੀ ਮਸਤ ਰਹਿੰਦੇ ਹਨ।4।4।
ਨਚੋੜ:- ਜਿਸ ਮਨੁੱਖ ਦੇ ਮਨ ਵਿਚ ਦੁਨੀਆ ਦੇ ਚਸਕਿਆਂ ਤੇ ਵਿਕਾਰਾਂ ਦਾ ਜ਼ੋਰ ਹੋਵੇ, ਉਹ ਪਰਮਾਤਮਾ ਦੇ ਨਾਮ ਵਿਚ ਨਹੀਂ ਜੁੜ ਸਕਦਾ। ਚਸਕੇ, ਵਿਕਾਰ ਤੇ ਭਗਤੀ, ਇਕੋ ਹਿਰਦੇ ਵਿਚ ਇਕੱਠੇ ਨਹੀਂ ਰਹ ਸਕਦੇ। ਅਜਿਹਾ ਮਨੁੱਖ ਭਾਵੇਂ ਕਿੱਨਾ ਮੰਨਿਆਂ-ਪ੍ਰਮੰਨਿਆ, ਅਕਲਮੰਦ ਤੇ ਧਨੀ ਹੋਵੇ, ਉਸ ਦਾ ਜੀਵਨ, ਖੱਜਲ-ਖੁਆਰੀ ਵਿਚ ਹੀ ਲੰਘਦਾ ਹੈ। ਚਸਕਾ ਕੋਈ ਵੀ ਹੋਵੇ ਮਾੜਾ ਹੈ। ਮਨੁੱਖ ਤਦੋਂ ਹੀ ਕੁਰਾਹੇ ਪੈਂਦਾ ਹੈ, ਜਦੋਂ ਸਰੀਰਕ ਲੋੜਾਂ ਤੋਂ ਲੰਘ ਕੇ ਚਸਕੇ ਵਿਚ ਫਸ ਜਾਂਦਾ ਹੈ।4।
ਅਮਰ ਜੀਤ ਸਿੰਘ ਚੰਦੀ (ਚਲਦਾ)