ਗੁਰਬਾਣੀ ਦੀ ਸਰਲ ਵਿਆਖਿਆ ਭਾਗ(76)
ਸਿਰੀਰਾਗੁ ਮਹਲਾ 1 ॥
ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥
ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ ॥
ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ ॥1॥
ਜਿਸ ਮਨੁੱਖ ਦਾ ਸਰੀਰ, ਕੇਸਰ ਵਰਗਾ ਸ਼ੁੱਧ, ਵਿਕਾਰ ਰਹਿਤ ਹੋਵੇ, ਜਿਸ ਦੀ ਜੀਭ, ਪ੍ਰਭੂ ਦੀ ਸਿਫਤ ਸਾਲਾਹ ਦੇ ਰਤਨਾਂ ਨਾਲ ਜੜੀ ਹੋਵੇ, ਜਿਸ ਦੇ ਸਰੀਰ ਵਿਚ ਹਰੇਕ ਸੁਆਸ ਪ੍ਰਭੂ ਦੇ ਨਾਮ ਦੀ ਯਾਦ ਨਾਲ ਸੁਗੰਧਤ ਹੋਵੇ, ਜਿਸ ਮਨੁੱਖ ਦੇ ਮੱਥੇ ਤੇ ਅਠਾਹਟ ਹੀ ਤੀਰਥਾਂ ਦਾ ਟਿੱਕਾ ਹੋਵੇ, ਜੋ ਪ੍ਰਭੂ ਦਾ ਨਾਮ ਜੱਪ ਕੇ ਅਠਾਹਟ ਤੀਰਥਾਂ ਨਾਲੋਂ ਵਧੀੱਕ ਪਵਿੱਤ੍ਰ ਹੋ ਚੁੱਕਾ ਹੋਵੇ, ਉਸ ਮਨੁੱਖ ਦੇ ਅੰਦਰ ਮੱਤ ਖਿੜਦੀ ਹੈ, ਉਸ ਖਿੜੀ ਹੋਈ ਮੱਤ ਨਾਲ ਹੀ ਸੱਚਾ ਨਾਮ ਸਲਾਹਿਆ ਜਾ ਸਕਦਾ ਹੈ, ਗੁਣਾਂ ਦਾ ਖਜ਼ਾਨਾ ਪ੍ਰਭੂ ਸਲਾਹਿਆ ਜਾ ਸਕਦਾ ਹੈ।1।
ਬਾਬਾ ਹੋਰ ਮਤਿ ਹੋਰ ਹੋਰ ॥
ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ॥1॥ ਰਹਾਉ ॥
ਹੇ ਭਾਈ ਪ੍ਰਭੂ ਦੇ ਨਾਮ ਤੋਂ ਖੁੰਝੀ ਹੋਈ ਮੱਤ, ਹੋਰ ਹੋਰ ਪਾਸੇ ਲੈ ਜਾਂਦੀ ਹੈ, ਸਿਫਤ ਸਾਲਾਹ ਛੱਡ ਕੇ ਜੇ ਹੋਰ ਕਰਮ ਸੈਂਕੜੇ ਵਾਰੀ ਵੀ ਕਰੀਏ, ਤਾਂ ਕੁਝ ਨਹੀਂ ਬਣਦਾ, ਕਿਉਂਕਿ ਕੂੜਾ ਕਰਮ ਕਰਨ ਨਾਲ, ਕੂੜ ਦਾ ਹੀ ਜ਼ੋਰ ਵਧਦਾ ਹੈ।1।ਰਹਾਉ।
ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ ॥
ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ ॥
ਜਾ ਪਤਿ ਲੇਖੈ ਨ ਪਵੈ ਸਭਾ ਪੂਜ ਖੁਆਰੁ ॥2॥
ਜੇ ਕੋਈ ਮਨੁੱਖ, ਪੀਰ ਅਖਵਾਉਣ ਲੱਗ ਪਏ, ਸਾਰਾ ਸੰਸਾਰ ਆ ਕੇ ਉਸ ਦਾ ਦਰਸ਼ਨ ਕਰੇ, ਉਸ ਦੀ ਪੂਜਾ ਹੋਣ ਲੱਗ ਪਵੇ ਜੇ ਉਹ ਪੁਗਿਆ ਹੋਇਆ ਕਰਾਮਾਤੀ ਜੋਗੀ ਗਿਣਿਆ ਜਾਣ ਲਗ ਪਏ, ਵੱਡੇ ਨਾਮਣੇ ਵਾਲਾ ਕਹਾਣ ਲਗ ਪਏ, ਤਾਂ ਭੀ ਇਹ ਸਭ ਕੁਝ ਕਿਸੇ ਅਰਥ ਨਹੀਂ ਕਿਉਂਕਿ ਜੇ ਪ੍ਰਭੂ ਦੀ ਹਜ਼ੂਰੀ ਵਿਚ ਕੀਤੇ ਕਰਮਾਂ ਦਾ ਹਿਸਾਬ ਦੇਣ ਵੇਲੇ ਉਸ ਨੂੰ ਇੱਜ਼ਤ ਨਹੀਂ ਮਿਲਦੀ, ਤਾਂ ਦੁਨੀਆ ਵਿਚ ਹੋਈ ਸਾਰੀ ਪੂਜਾ ਖੁਆਂਰ ਹੀ ਕਰਦੀ ਹੈ।2।
ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ ॥
ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ ॥
ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ ॥3॥
ਜਿਨ੍ਹਾਂ ਮਨੁੱਖਾਂ ਨੂੰ ਸੱਚੇ ਗੁਰੂ ਨੇ ਸ਼ਾਬਾਸ਼ ਦਿੱਤੀ ਹੈ, ਉਨ੍ਹਾਂ ਦੀ ਉਸ ਇੱਜ਼ਤ ਨੂੰ ਕੋਈ ਮਿਟਾ ਨਹੀਂ ਸਕਦਾ, ਕਿਉਂਕਿ ਉਨ੍ਹਾਂ ਦੇ ਹਿਰਦੇ ਵਿਚ , ਪ੍ਰਭੂ ਦਾ ਨਾਮ ਖਜ਼ਾਨਾ ਵੱਸਦਾ ਹੈ, ਉਨ੍ਹਾਂ ਦੇ ਅੰਦਰ ਨਾਮ ਹੀ ਉਂਗਰਦਾ ਹੈ। ਇਹ ਪੱਕਾ ਨਿਯਮ ਜਾਣੋ ਕਿ, ਪ੍ਰਭੂ ਦਾ ਨਾਮ ਹੀ ਪੂਜਿਆ ਜਾਂਦਾ ਹੈ, ਨਾਮ ਹੀ ਸਤਿਕਾਰਿਆ ਜਾਂਦਾ ਹੈ। ਪ੍ਰਭੂ ਹੀ ਸਦਾ ਇਕ-ਰਸ, ਸਦਾ-ਥਿਰ ਰਹਣ ਵਾਲਾ ਹੈ।3।
ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ ॥
ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ ॥
ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ ॥4॥8॥
ਜਿਨ੍ਹਾਂ ਮਨੁੱਖਾਂ ਨੇ ਕਦੇ ਨਾਮ ਨਹੀਂ ਜਪਿਆ, ਉਨ੍ਹਾਂ ਦਾ ਸਰੀਰ ਜਦੋਂ ਮਿੱਟੀ ਹੋ ਕੇ ਮਿੱਟੀ ਵਿਚ ਰਲਿਆ, ਤਾਂ ਨਾਮ-ਹੀਣ ਜਿੰਦ ਦਾ ਹਾਲ ਭੈੜਾ ਹੀ ਹੁੰਦਾ ਹੈ। ਦੁਨੀਆ ਵਿਚ ਕੀਤੀਆਂ ਸਾਰੀਆਂ ਚਤਰਾਈਆਂ ਸੁਆਹ ਹੋ ਜਾਂਦੀਆਂ ਹਨ, ਜੀਵ ਜਗਤ ਤੋਂ ਦੁਖੀ ਹੋਕੇ ਹੀ ਤੁਰਦਾ ਹੈ। ਹੇ ਨਾਨਕ, ਜੇ ਪ੍ਰਭੂ ਦਾ ਨਾਮ ਭੁਲਾ ਦੇਈਏ, ਤਾਂ ਪ੍ਰਭੂ ਦੇ ਦਰ ਤੇ ਪਹੁੰਚ ਕੇ ਹਾਲ, ਭੈੜਾ ਹੀ ਹੁੰਦਾ ਹੈ।4।8।
ਅਮਰ ਜੀਤ ਸਿੰਘ ਚੰਦੀ (ਚਲਦਾ)