ਗੁਰਬਾਣੀ ਦੀ ਸਰਲ ਵਿਆਖਿਆ ਭਾਗ(78)
ਸਿਰੀਰਾਗੁ ਮਹਲਾ 1 ॥
ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥
ਮਿਲਿ ਕੈ ਕਰਹ ਕਹਾਣੀਆ ਸੰਮ੍ਰਥ ਕੰਤ ਕੀਆਹ ॥
ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ ॥1॥
ਹੇ ਸਤ-ਸੰਗਣ ਭੈਣੋ ਤੇ ਸਹੇਲੀਉ, ਆਉ ਪਿਆਰ ਨਾਲ ਸਤ-ਸੰਗ ਵਿਚ ਇਕੱਠੀਆਂ ਹੋਈਏ, ਸਤ-ਸੰਗ ਵਿਚ ਮਿਲ ਕੇ ਉਸ ਖਸਮ ਪ੍ਰਭੂ ਦੀਆਂ ਗੱਲਾਂ ਕਰੀਏ, ਜੋ ਸਾਰੀਆਂ ਤਾਕਤਾਂ ਵਾਲਾ ਹੈ। ਹੇ ਸਹੇਲੀਉ, ਉਸ ਸਦਾ-ਥਿਰ ਮਾਲਕ ਵਿਚ ਸਾਰੇ ਗੁਣ ਹੀ ਗੁਣ ਹਨ, ਉਸ ਤੋਂ ਵਿੱਛੁੜ ਕੇ, ਸਾਰੇ ਔਗੁਣ ਸਾਡੇ ਵਿਚ ਹੀ ਆ ਜਾਂਦੇ ਹਨ।1।
ਕਰਤਾ ਸਭੁ ਕੋ ਤੇਰੈ ਜੋਰਿ ॥
ਏਕੁ ਸਬਦੁ ਬੀਚਾਰੀਐ ਜਾ ਤੂ ਤਾ ਕਿਆ ਹੋਰਿ ॥1॥ ਰਹਾਉ ॥
ਹੇ ਪਰਮਾਤਮਾ, ਹਰੇਕ ਜੀਵ ਤੇਰੇ ਹਕਮ ਵਿਚ ਹੀ ਤੁਰ ਸਕਦਾ ਹੈ। ਜਿਵੇਂ ਤੇਰੀ ਸਿਫਤ-ਸਾਲਾਹ ਦੀ ਬਾਣੀ ਨੂੰ ਵਿਚਾਰੀਦਾ ਹੈ, ਤਾਂ ਇਹ ਸਮਝ ਪੈਂਦੀ ਹੈ ਕਿ, ਜਦੋਂ ਤੂੰ ਸਾਡੇ ਸਿਰ ਤੇ ਰਖਵਾਲਾ ਹੈਂ, ਤਾਂ ਹੋਰ ਸਾਡਾ ਕੀ ਵਿਗਾੜ ਸਕਦੇ ਹਨ।1।ਰਹਾਉ।
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ ॥
ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥
ਪਿਰੁ ਰੀਸਾਲੂ ਤਾ ਮਿਲੈ ਜਾ ਗੁਰ ਕਾ ਸਬਦੁ ਸੁਣੀ ॥2॥
ਹੇ ਸਤ ਸੰਗਣ ਭੈਣੋ, ਬੇ ਸ਼ੱਕ ਜਾ ਕੇ, ਸੇਹਾਗਣ, ਜੀਵ ਇਸਤ੍ਰੀਆਂ ਨੂੰ ਪੁੱਛ ਲਵੋ ਕਿ ਤੁਸੀਂ ਕਿਨ੍ਹਿਾਂ ਗੁਣਾਂ ਦੀ ਰਾਹੀਂ, ਪ੍ਰਭੂ-ਮਿਲਾਪ ਹਾਸਲ ਕੀਤਾ ਹੈ? ਓਥੋਂ ਇਹੀ ਪਤਾ ਮਿਲੇਗਾ ਕਿ ਉਹ ਅਡੋਲਤਾ ਨਾਲ, ਸੰਤੋਖ ਨਾਲ, ਮਿੱਠੇ ਬੋਲਾਂ ਨਾਲ ਸ਼ਿੰਗਾਰੀਆਂ ਹੋਈਆਂ ਹਨ, ਤਾਂ ਹੀ ਉਨ੍ਹਾਂ ਨੂੰ ਪ੍ਰਭੂ ਨਾਲ ਮਿਲਾਪ ਹਾਸਲ ਹੋਇਆ ਹੈ, ਉਹ ਆਨੰਦ ਦਾਤਾ ਪ੍ਰਭੂ-ਪਤੀ ਤਦ ਹੀ ਮਿਲਦਾ ਹੈ, ਜਦੋਂ ਗੁਰੂ ਦਾ ਉਪਦੇਸ਼, ਮਨ ਲਾ ਲੇ ਸੁਣਿਆ ਜਾਵੇ ਤੇ ਸੰਤੋਖ, ਮਿਠ-ਬੋਲਾ ਪਨ ਆਦਿ ਗੁਣ ਧਾਰੇ ਜਾਣ।2।
ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ ॥
ਕੇਤੇ ਤੇਰੇ ਜੀਅ ਜੰਤ ਸਿਫਤਿ ਕਰਹਿ ਦਿਨੁ ਰਾਤਿ ॥
ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ ॥3॥
ਹੇ ਪ੍ਰਭੂ ਤੇਰੀਆਂ ਬੇਅੰਤ ਤਾਕਤਾਂ ਹਨ, ਤੇਰੀਆਂ ਬੇਅੰਤ ਬਖਸ਼ਿਸ਼ਾਂ ਹਨ। ਬੇਅੰਤ ਜੀਵ ਦਿਨ ਰਾਤ ਤੇਰੀਆਂ ਸਿਫਤਾਂ ਕਰ ਰਹੇ ਹਨ। ਤੇਰੇ ਬੇਅੰਤ ਹੀ ਰੂਪ-ਰੰਗ ਹਨ, ਤੇਰੇ ਪੈਦਾ ਕੀਤੇ ਬੇਅੰਤ ਜੀਵ ਹਨ, ਜੋ ਕੋਈ ਉੱਚੀਆਂ ਤੇ ਕੋਈ ਨੀਵੀਆਂ ਜਾਤਾਂ ਵਾਲੇ ਹਨ।3।
ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ ॥
ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ ॥
ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥4॥10॥
ਹੇ ਨਾਨਕ ਜੋ ਮਨੁੱਖ ਸਿਮਰਨ ਦੀ ਰਾਹੀਂ, ਸਦਾ-ਥਿਰ ਪ੍ਰਭੂ ਵਿਚ ਲੀਨ ਰਹੇ, ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ, ਪਰਮਾਤਮਾ ਉਸ ਦੇ ਹਿਰਦੇ ਵਿਚ ਪ੍ਰਗਟ ਹੋ ਜਾਂਦਾ ਹੈ, ਉਸ ਦੀ ਸੁਰਤ ਪ੍ਰਭੂ ਚਰਨਾਂ ਵਿਚ ਜੁੜੀ ਰਹਿੰਦੀ ਹੈ, ਪ੍ਰਭੂ ਦੇ ਦਰ ਤੇ ਉਸ ਨੂੰ ਆਦਰ ਮਿਲਦਾ ਹੈ, ਗੁਰੂ ਦੇ ਚਰਨਾਂ ਤੇ ਤੁਰ ਕੇ ਉਹ ਸੰਸਾਰਕ ਡਰ ਮੁਕਾ ਲੈਂਦਾ ਹੈ, ਤੇ ਸਦਾ-ਥਿਰ ਰਹਿਣ ਵਾਲਾ ਪ੍ਰਭੂ ਪਾਤਸ਼ਾਹ ਉਸ ਨੂੰ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ।4॥।10।
ਅਮਰ ਜੀਤ ਸਿੰਘ ਚੰਦੀ (ਚਲਦਾ)