ਗੁਰਬਾਣੀ ਦੀ ਸਰਲ ਵਿਆਖਿਆ ਭਾਗ(80)
ਸਿਰੀਰਾਗੁ ਮਹਲੁ 1 ॥
ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥
ਲਾਲੁ ਗੁਲਾਲੁ ਗਹਬਰਾ ਸਚਾ ਰੰਗੁ ਚੜਾਉ ॥
ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥1॥
ਪ੍ਰਭੂ ਦੀ ਸਿਫਤ-ਸਾਲਾਹ ਕਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਮਨੁੱਖ ਇਉਂ ਲੀਨ ਹੋ ਜਾਂਦਾ ਹੈ, ਜਿਵੇਂ ਕਿਸੇ ਧਾਤ ਦੀ ਬਣੀ ਹੋਈ ਚੀਜ਼ ਢਲ ਕੇ ਮੁੜ ਉਸੇ ਧਾਤ ਨਾਲ ਇਕ ਰੂਪ ਹੋ ਜਾਂਦੀ ਹੈ। ਸਿਫਤ ਸਾਲਾਹ ਦੀ ਬਰਕਤ ਨਾਲ, ਮਨੁੱਖ ਉਤੇ ਪੱਕਾ ਗੂੜ੍ਹਾ ਲਾਲ ਰੰਗ ਚੜ੍ਹ ਜਾਂਦਾ ਹੈ, ਮਨੁੱਖ ਦਾ ਚਿਹਰਾ ਚਮਕ ਉੱਠਦਾ ਹੈ। ਪਰ ਉਹ ਸਦਾ-ਥਿਰ ਪ੍ਰਭੂ ਉਨ੍ਹਾਂ ਸੰਤੋਖੀ ਜੀਵਨ ਵਾਲਿਆਂ ਨੂੰ ਹੀ ਮਿਲਦਾ ਹੈ, ਜੋ ਪਰਮਾਤਮਾ ਦੀ ਸਿਫਤ-ਸਾਲਾਹ ਕਰਦੇ ਕਰਦੇ ਉਸ ਵਿਚ ਹੀ ਮਗਨ ਰਹਿੰਦੇ ਹਨ।1।
ਭਾਈ ਰੇ ਸੰਤ ਜਨਾ ਕੀ ਰੇਣੁ ॥
ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥1॥ ਰਹਾਉ ॥
ਸੰਤ-ਜਨਾਂ ਦੀ ਸਭਾ, ਸਤ-ਸੰਗ ਵਿਚ ਗੁਰੂ ਦੇ ਸਿਧਾਂਤ ਦੀ ਸੋਝੀ ਹੁੰਦੀ ਹੈ, ਜਿਸ ਆਸਰੇ, ਗੁਰੁ ਪਰਮਾਤਮਾ ਨਾਲ ਮੇਲ ਹੁੰਦਾ ਹੈ, ਅਤੇ ਪਰਮਾਤਮਾ ਹੀ ਮੁਕਤੀ ਦੇਣ ਵਾਲੀ ਕਾਮ-ਧੇਨ ਗਊ ਹੈ, ਹੇ ਭਾਈ, ਜੇ ਤੂੰ ਪਰਮਾਤਮਾ ਨੂੰ ਮਿਲਣਾ ਹੈ ਤਾਂ ਸੰਤ-ਜਨਾਂ ਦੇ ਚਰਨਾਂ ਦੀ ਧੂੜ ਹੋਣ ਲਈ ਸਤ-ਸੰਗ ਰਿਆ ਕਰ।1।ਰਹਾਉ।
(ਸਤ-ਸੰਗ ਦੀ ਖੁੱਲੀ ਵਿਆਖਿਆ ਆਪਾਂ ਪਿੱਛੇ ਕਰ ਚੁੱਕੇ ਹਾਂ)
ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥
ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥
ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥2॥
ਪਰਮਾਤਮਾ ਦੇ ਰਹਿਣ ਦਾ ਸੋਹਣਾ ਥਾਂ, ਉੱਚਾ ਹੈ। ਉਸ ਵਿਚ ਸਭ ਤੋਂ ਉੱਪਰ ਪ੍ਰਭੂ ਦਾ ਮਹਲ ਹੈ। ਪ੍ਰਭੂ ਦਾ ਮਹਲ, ਉਸ ਮਹਲ ਵਿਚਲਾ ਘਰੁ ਅਤੇ ਉਸ ਘਰ ਦਾ ਦਰ, ਦਰਵਾਜਾ, ਪਿਆਰ ਦੇ ਨਾਲ ਲੱਭਦਾ ਹੈ। ਟਿਕਵੇਂ, ਉੱਚੇ ਆਚਰਣ ਦੇ ਆਸਰੇ ਲੱਭੀਦਾ ਹੈ, ਪਰ ਉੱਚਾ ਆਚਰਣ ਵੀ ਸੌਖੀ ਖੇਡ ਨਹੀਂ ਹੈ, ਮਨ ਵਿਕਾਰਾਂ ਵੱਲ ਹੀ ਪ੍ਰੇਰਦਾ ਰਹਿੰਦਾ ਹੈ, ਮਨ ਨੂੰ ਗੁਰੂ ਦੀ ਸਿਖਿਆ ਆਸਰੇ, ਸਿਧੇ ਰਾਹ ਪਾਈਦਾ ਹੈ, ਸਰਬ-ਵਿਆਪੀ ਪ੍ਰਭੂ ਦੇ ਗੁਣਾਂ ਦੀ ਵਿਚਾਰ ਨਾਲ ਸਮਝਾਈਦਾ ਹੈ।2।
ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ ॥
ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ ॥
ਨਿਜ ਘਰਿ ਮਹਲੁ ਪਛਾਣੀਐ ਨਦਰਿ ਕਰੇ ਮਲੁ ਧੋਇ ॥3॥
ਸੰਸਾਰ ਵਿਚ ਆਮ ਕਰ ਕੇ ਮਾਇਆ ਦੇ ਤਿੰਨਾਂ ਗੁਣਾਂ ਦੇ ਅਧੀਨ ਹੀ ਕੰਮ ਹੁੰਦੇ ਹਨ, ਜਿਸ ਕਰ ਕੇ ਆਸਾਂ ਤੇ ਸੰਸਿਆਂ ਦਾ ਗੇੜ ਬਣਿਆ ਰਹਿੰਦਾ ਹੈ, ਜਿਸ ਕਾਰਨ ਮਨ ਖਿਝਿਆ ਰਹਿੰਦਾ ਹੈ, ਇਹ ਖਿੱਝ, ਗੁਰੂ ਦੀ ਸਰਨ ਪੈਣ ਤੋਂ ਬਿਨਾ ਨਹੀਂ ਹਟਦੀ, ਗੁਰੂ ਦੀ ਰਾਹੀਂ ਅਡੋਲਤਾ ਪੈਦਾ ਹੁੰਦੀ ਹੈ, ਅਡੋਲਤਾ ਵਿਚ ਟਿਕੇ ਰਿਹਾਂ ਆਤਮਕ ਆਨੰਦ ਮਿਲਦਾ ਹੈ। ਜਦੋਂ ਪ੍ਰਭੂ ਮਿਹਰ ਦੀ ਨਦਰ ਕਰਦਾ ਹੈ, ਮਨੁੱਖ ਆਪਣੇ ਮਨ ਦੀ ਮੈਲ ਸਾਫ ਕਰਦਾ ਹੈ, ਮਨ ਭਟਕਣੋਂ ਹਟ ਜਾਂਦਾ ਹੈ, ਤੇ ਅਡੋਲਤਾ ਵਿਚ ਪਰਮਾਤਮਾ ਦਾ ਟਿਕਾਣਾ, ਆਪਣੇ ਅੰਦਰ ਹੀ ਪਛਾਣ ਲਈਦਾ ਹੈ।3।
ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ ॥
ਏਕੋ ਸਬਦੁ ਵੀਚਾਰੀਐ ਅਵਰ ਤਿਆਗੈ ਆਸ ॥
ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥4॥ 12॥
ਗੁਰੂ ਤੋਂ ਬਿਨਾ ਮਨ ਦੀ ਮੈਲ ਸਾਫ ਨਹੀਂ ਹੁੰਦੀ, ਪਰਮਾਤਮਾ ਵਿਚ ਜੁੜਨ ਤੋਂ ਬਿਨਾ ਮਾਨਸਿਕ ਅਡੋਲਤਾ ਨਹੀਂ ਲੱਭਦੀ। ਹੇ ਭਾਈ ਇਕ ਪ੍ਰਭੂ ਦੀ ਹੀ ਸਿਫਤ-ਸਾਲਾਹ ਵਿਚਾਰਨੀ ਚਾਹੀਦੀ ਹੈ, ਜੋ ਸਿਫਤ-ਸਾਲਾਹ ਕਰਦਾ ਹੈ, ਉਹ ਹੋਰ ਹੋਰ ਆਸਾਂ ਛੱਡ ਦੇਂਦਾ ਹੈ। ਹੇ ਨਾਨਕ ਆਖ, ਜਿਹੜਾ ਸ਼ਬਦ ਗੁਰੂ ਆਪ ਪ੍ਰਭੂ ਦਾ ਫਲਸਫਾ ਸਮਝ ਕੇ ਮੈਨੂੰ ਸਮਝਾਉਂਦਾ ਹੈ, ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ।4।12।
ਅਮਰ ਜੀਤ ਸਿੰਘ ਚੰਦੀ (ਚਲਦਾ)