ਗੁਰਬਾਣੀ ਦੀ ਸਰਲ ਵਿਆਖਿਆ ਭਾਗ(81)
ਸਿਰੀਰਾਗੁ ਮਹਲਾ 1 ॥
ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥
ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ ॥
ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਨ ਜਾਇ ॥1॥
ਭਾਗ-ਹੀਣ ਜੀਵ-ਇਸਤ੍ਰੀ ਪ੍ਰਭੂ ਪਤੀ ਤੋਂ ਬਿਨਾ ਹੋਰ ਦੂਜੇ (ਮਾਇਆ) ਦੇ ਪਿਆਰ ਵਿਚ ਹੀ ਲੱਗੀ ਰਹਿੰਦੀ ਹੈ, ਉਸ ਦਾ ਜਿਊਣਾ ਫਿਟਕਾਰ-ਜੋਗ ਹੀ ਹੈ। ਜਿਵੇਂ ਕੱਲਰ ਦੀ ਕੰਧ, ਸਹਜੇ ਸਹਜੇ ਕਿਰਦੀ ਰਹਿੰਦੀ ਹੈ, ਤਿਵੇਂ ਉਸ ਦਾ ਆਤਮਕ ਜੀਵਨ ਦਿਨ ਰਾਤ, ਮਾਇਆ ਦੇ ਮੋਹ ਵਿਚ ਕਿਰ ਕਿਰ ਕੇ ਢਹਿ ਢੇਰੀ ਹੁੰਦਾ ਜਾਂਦਾ ਹੈ। ਸੁਖ ਦੀ ਖਾਤਰ ਉਹ ਦੌੜ-ਭੱਜ ਕਰਦੀ ਹੈ, ਪਰ ਗੁਰੂ ਦੀ ਸਰਨ ਤੋਂ ਬਿਨਾ ਸੁਖ ਨਹੀਂ ਮਿਲ ਸਕਦਾ, ਮਾਇਆ ਦਾ ਮੋਹ ਤਾਂ ਸਗੋਂ ਦੁੱਖ ਹੀ ਦੁੱਖ ਪੈਦਾ ਕਰਦਾ ਹੈ, ਤੇ ਪ੍ਰਭੂ ਪਤੀ ਨੂੰ ਮਿਲਣ ਤੋਂ ਬਿਨਾ ਮਾਨਸਿਕ ਦੁੱਖ ਦੂਰ ਨਹੀਂ ਹੁੰਦਾ।1।
ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥
ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥1॥ ਰਹਾਉ ॥
ਹੇ ਮੂਰਖ ਜੀਵ ਇਸਤ੍ਰੀ, ਜੇ ਪਤੀ ਨਾ ਮਿਲੇ ਤਾਂ ਸ਼ਿੰਗਾਰ ਕਰਨ ਦਾ ਕੋਈ ਲਾਭ ਨਹੀਂ ਹੁੰਦਾ। ਜੇ ਜੀਵ ਇਸਤ੍ਰੀ ਪ੍ਰੇਮ ਤੋਂ ਸੱਖਣੀ ਰਹਿ ਕੇ ਹੀ ਧਾਰਮਿਕ ਉੱਦਮ-ਕਰਮ ਆਦਿ ਕਰੀ ਜਾਂਦੀ ਹੈ, ਪਰ ਉਸ ਦੇ ਅੰਦਰ, ਮਾਇਆ-ਮੋਹ ਪ੍ਰਬਲ ਹੈ, ਉਹ ਪ੍ਰਭੂ ਦੇ ਦਰ ਤੇ, ਪ੍ਰਭੂ ਦੇ ਘਰ ਵਿਚ ਆਸਰਾ ਨਹੀ ਲੈ ਸਕਦੀ, ਕਿਉਂਕਿ ਝੂਠ, ਮਾਇਆ ਦਾ ਮੋਹ, ਪ੍ਰਭੂ ਦੀ ਹਜ਼ੂਰੀ ਵਿਚ ਦੁਰਕਾਰਿਆ ਹੀ ਜਾਂਦਾ ਹੈ।1।ਰਹਾਉ।
ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ ॥
ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ ॥
ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥2॥
ਕਿਸਾਨ ਆਪਣੇ ਰੁਜ਼ਾਨਾ ਤਜਰਬੇ ਤੋਂ ਜਾਣਦਾ ਹੈ ਕਿ ਬੀ ਬੀਜਣ ਤੋਂ ਪਹਿਲਾਂ, ਧਰਤੀ ਨੂੰ ਕਿਵੇਂ ਤਿਆਰ ਕਰਨਾ ਹੈ ? ਤਾਂ ਜੋ ਫਸਲ ਚੰਗੀ ਲਗ ਸਕੇ, ਸਦਾ-ਥਿਰ ਰਹਣ ਵਾਲਾ ਪਰਮਾਤਮਾ ਵੱਡਾ ਕਿਸਾਨ ਹੈ, ਬੜਾ ਸਿਆਣਾ ਕਿਸਾਨ ਹੈ, ਉਹ ਗਲਤੀ ਨਹੀਂ ਖਾਂਦਾ, ਜਿਸ ਹਿਰਦੇ ਧਰਤੀ ਵਿਚ ਨਾਮ ਬੀਜ ਬੀਜਣਾ ਹੁੰਦਾ ਹੈ, ਉਹ ਉਸ ਹਿਰਦੇ ਧਰਤੀ ਨੂੰ ਪਹਿਲਾਂ ਚੰਗੀ ਤਰ੍ਹਾਂ ਤਿਆਰ ਕਰਦਾ ਹੈ, ਫਿਰ ਉਸ ਵਿਚ ਸੱਚੇ ਨਾਮ ਦਾ ਬੀਜ ਬੀਜਦਾ ਹੈ। ਉਥੇ ਨਾਮ ਉੱਗਦਾ ਹੈ, ਮਾਨੋ ਨੌਂ ਖਜ਼ਾਨੇ ਪੈਦਾ ਹੋ ਜਾਂਦੇ ਹਨ, ਪ੍ਰਭੂ ਦੀ ਮਿਹਰ ਨਲ ਉਸ ਹਿਰਦੇ ਵਿਚ ਕੀਤੀ ਮਿਹਨਤ ਕਬੂਲ ਪੈਂਦੀ ਹੈ।2।
ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ ॥
ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ ॥
ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ ॥3॥
ਜਿਹੜਾ ਮਨੁੱਖ ਜਾਣ-ਬੁਝ ਕੇ ਗੁਰੂ ਦੀ ਬਜ਼ੁਰਗੀ ਨੂੰ ਨਹੀਂ ਸਮਝਦਾ, ਉਸ ਦਾ ਸਾਰਾ ਜੀਵਨ ਢੰਗ ਕੋਝਾ ਹੈ, ਆਤਮਕ ਰੌਸ਼ਨੀ ਵਲੋਂ ਉਸ ਅੰਨ੍ਹੇ ਨੇ ਪ੍ਰਭੂ ਦਾ ਨਾਮ ਵਿਸਾਰਿਆ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਦੇ ਜੀਵਨ-ਪੰਧ ਵਿਚ ਘੁੱਪ ਹਨੇਰਾ ਹੀ ਹਨੇਰਾ ਰਹਿੰਦਾ ਹੈ। ਉਸ ਦਾ ਜਨਮ-ਮਰਨ ਦਾ ਗੇੜ ਨਹੀਂ ਮੁੱਕਦਾ, ਜੰਮਦਾ ਹੈ ਮਰਦਾ ਹੈ ਤੇ ਖੁਆਰ ਹੁੰਦਾ ਰਹਿੰਦਾ ਹੈ।3।
ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ ॥
ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ ॥
ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ ॥4॥
ਕਿਸੇ ਇਸਤ੍ਰੀ ਨੇ ਆਪਣੇ ਪਤੀ ਨੂੰ ਖੁਸ਼ ਕਰਨ ਲਈ, ਆਪਣੇ ਸਰੀਰਕ ਸ਼ਿੰਗਾਰ ਵਾਸਤੇ ਚੰਦਨ ਮੁੱਲ ਮੰਗਾਇਆ, ਕੇਸਰ ਮੰਗਾਇਆ, ਸਿਰ ਦੇ ਕੇਸਾਂ ਦਾ ਚੀਰ ਸੋਹਣਾ ਬਨਾਉਣ ਲਈ ਸੰਧੂਰ ਮੰਗਾਇਆ, ਅਤਰ ਚੰਦਨ ਤੇ ਹੋਰ ਸੁਗੰਧੀਆਂ ਮੰਗਾਈਆਂ, ਪਾਨ ਮੰਗਾਏ ਤੇ ਕਪੂਰ ਮੰਗਾਇਆ, ਪਰ ਜੇ ਉਹ ਇਸਤ੍ਰੀ, ਪਤੀ ਨੂੰ ਫਿਰ ਵੀ ਚੰਗੀ ਨਾ ਲੱਗੀ, ਤਾਂ ਉਸ ਦੇ ਉਹ ਵਿਖਾਵੇ ਦੈ ਸਾਰੇ ਉੱਦਮ ਵਿਅਰਥ ਗਏ, ਇਹੀ ਹਾਲ ਜੀਵ ਇਸਤ੍ਰੀ ਦਾ ਹੈ, ਪ੍ਰਭੂ-ਪਤੀ ਵਿਖਾਵੇ ਦੇ ਧਾਰਮਿਕ ਉੱਦਮਾਂ ਨਾਲ ਨਹੀਂ ਰੀਝਦਾ।4।
ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥
ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥
ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ॥5॥13॥
ਜਦੋਂ ਤੱਕ ਗੁਰੂ ਦੇ ਸ਼ਬਦ ਦਾ ਅਸਰ ਬੰਦੇ ਦੇ ਮਨ ਤੇ ਨਹੀਂ ਹੁੰਦਾ, ਤਦ ਤੱਕ ਗੁਰੂ ਦੇ ਦਵਾਰੇ ਤੇ ਬੰਦਾ ਚੰਗਾ ਨਹੀਂ ਲਗਦਾ, ਅਜਿਹੇ ਮਨੁੱਖ ਦੇ ਸਾਰੇ ਸੁੰਦਰ ਪਦਾਰਥ ਵਰਤਣੇ ਵਿਅਰਥ ਚਲੇ ਜਾਂਦੇ ਹਨ, ਕਿਉਂਕਿ ਪਦਾਰਥਾਂ ਨੂੰ ਭੋਗਣ ਵਾਲਾ ਸਰੀਰ ਤਾਂ ਅੰਤ ਨੂੰ ਸੁਆਹ ਹੋ ਜਾਂਦਾ ਹੈ, ਸਾਰੀਆਂ ਸਰੀਰਕ ਸਜਾਵਟਾਂ ਵੀ ਕਿਸੇ ਕੰਮ ਨਹੀਂ ਆਉਂਦੀਆਂ। ਹੇ ਨਾਨਕ, ਉਹੀ ਭਾਗਾਂ ਵਾਲੀਆਂ ਜੀਵ ਇਸਤ੍ਰੀਆਂ ਮੁਬਾਰਕ ਹਨ, ਜਿਨ੍ਹਾਂ ਦਾ ਪ੍ਰਭੂ-ਪਤੀ ਨਾਲ ਪਿਆਰ ਬਣਿਆ ਰਹਿੰਦਾ ਹੈ।5।13।
ਅਮਰ ਜੀਤ ਸਿੰਘ ਚੰਦੀ (ਚਲਦਾ)