ਗੁਰਬਾਣੀ ਦੀ ਸਰਲ ਵਿਆਖਿਆ ਭਾਗ(85)
ਸਿਰੀਰਾਗੁ ਮਹਲਾ 1 ॥
ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਇਹ ॥
ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ ॥
ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ ॥1॥
ਹੇ ਪਿਆਰੇ ਮਿੱਤ੍ਰ ਮਨ, ਮੇਰੀ ਸਿਖਿਆ ਸੁਣ। ਪਰਮਾਤਮਾ ਨੂੰ ਮਿਲ, ਮਿਲਣ ਦਾ ਵੇਲਾ, ਇਹ ਮਨੁੱਖਾ ਜਨਮ ਹੀ ਹੈ। ਜਦੋਂ ਤੱਕ ਜਵਾਨੀ ਹੈ ਤੇ ਸਾਹ ਚੱਲ ਰਿਹਾ ਹੈ, ਤਦ ਤੱਕ ਹੀ ਇਹ ਸਰੀਰ ਕੰਮ ਦੇ ਰਿਹਾ ਹੈ। ਜੇ ਪ੍ਰਭੂ ਦੇ ਗੁਣ ਆਪਣੇ ਅੰਦਰ ਨਾ ਵਸਾਏ ਤਾਂ ਇਹ ਸਰੀਰ ਕਿਸ ਕੰਮ ? ਇਹ ਤਾਂ ਆਖਰ ਢਹਿ ਕੇ ਮਿੱਟੀ ਦੀ ਢੇਰੀ ਹੋ ਜਾਇਗਾ।1।
ਮੇਰੇ ਮਨ ਲੈ ਲਾਹਾ ਘਰਿ ਜਾਹਿ ॥
ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ ॥1॥ ਰਹਾਉ ॥
ਹੇ ਮੇਰੇ ਮਨ, ਏਥੋਂ ਆਤਮਕ ਲਾਹਾ ਖੱਟ ਕੇ, ਆਪਣੇ ਪਰਲੋਕ ਘਰ ਵਿਚ ਜਾਹ। ਗੁਰੂ ਦੀ ਸਰਨ ਪੈ ਕੇ, ਏਥੇ ਪ੍ਰਭੂ ਦਾ ਨਾਮ ਸਲਾਹੁਣਾ ਚਾਹੀਦਾ ਹੈ, ਨਾਮ ਦੀ ਬਰਕਤ ਨਾਲ ਹਉਮੈ ਦੀ ਅੱਗ ਅੰਦਰੋਂ ਮੁੱਕ ਜਾਂਦੀ ਹੈ, ਇਹ ਅੱਗ, ਕਿ ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ, ਬੁਝ ਜਾਂਦੀ ਹੈ।1।ਰਹਾਉ।
ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ ॥
ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ ॥
ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ ॥2॥
ਪੜ੍ਹੇ ਹੋਏ ਲੋਕ, ਬੇਅੰਤ ਪੁਸਤਕਾਂ ਲਿਖ ਲਿਖ ਕੇ, ਪੜ੍ਹ ਪੜ੍ਹ ਕੇ ਵਿਚਾਰਦੇ ਹਨ, ਗਿਆਨ ਦੀਆਂ ਗੱਲਾਂ ਸੁਣ ਸੁਣ ਕੇ, ਲੋਕਾਂ ਦੀਆਂ ਨਜ਼ਰਾਂ ਵਿਚ ਵਿਚਾਰਵਾਨ ਦਿਸਣ ਦਾ ਵਿਅਰਥ ਜਤਨ ਕਰਦੇ ਹਨ, ਪਰ ਅੰਤਰ ਆਤਮੇ ਦਿਨ-ਰਾਤ ਬਹੁਤ ਤ੍ਰਿਸ਼ਨਾ ਵਿਆਪ ਰਹੀ ਹੈ, ਅੰਦਰ ਹਉਮੈ ਦਾ ਰੰਗ , ਹਉਮੈ ਦਾ ਵਿਕਾਰ ਕਾਇਮ ਹੈ। ਦੂਜੇ ਪਾਸੇ ਉਹ ਪਰਮਾਤਮਾ, ਇਸ ਚੁੰਚ ਗਿਆਨਤਾ ਦੀ ਪਰਵਾਹ ਨਹੀਂ ਕਰਦਾ, ਸਾਡੇ ਗਿਆਨ ਉਸ ਨੂੰ ਤੋਲ ਵੀ ਨਹੀਂ ਸਕਦੇ। ਗੁਰੂ ਦੀ ਮੱਤ ਲੈ ਕੇ, ਉਸ ਦੀ ਕਦਰ ਸਮਝ।2।
ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ ॥
ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ ॥
ਹਰਿ ਜਪਿ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪੁ ॥3॥
ਜੇ ਮੈਂ ਲੱਖਾਂ ਚਤਰਾਈਆਂ ਕਰਾਂ, ਜੇ ਮੈਂ ਲੱਖਾਂ ਬੰਦਿਆਂ ਨਾਲ ਪ੍ਰੀਤ ਕਰਾਂ, ਮਿਲਾਪ ਪੈਦਾ ਕਰਾਂ, ਗੁਰੂ ਦੀ ਸੰਗਤ ਕਰਨ ਤੋਂ ਬਿਨਾ, ਅੰਦਰਲੀ ਤ੍ਰਿਸ਼ਨਾ ਮੁੱਕਦੀ ਨਹੀਂ। ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਨਸਿਕ ਦੁੱਖ ਕਲੇਸ਼, ਬਣਿਆ ਹੀ ਰਹਿੰਦਾ ਹੈ। ਹੇ ਮੇਰੀ ਜਿੰਦੇ, ਪਰਮਾਤਮਾ ਦਾ ਨਾਮ ਜਪ ਕੇ ਹੀ ਇਸ ਤ੍ਰਿਸ਼ਨਾ ਤੋਂ ਖਲਾਸੀ ਹੋ ਸਕਦੀ ਹੈ, ਕਿਉਂਕਿ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਨਾਮ ਜਪਦਾ ਹੈ, ਉਹ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ।3।
ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ ॥
ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ ॥
ਸਤਗੁਰਿ ਮੇਲਿ ਮਿਲਾਇਆ ਨਾਨਕ ਸੋ ਪ੍ਰਭੁ ਨਾਲਿ ॥4॥17॥
ਜਿਸ ਮਨੁੱਖ ਨੇ ਨਾਮ ਦੇ ਵੱਟੇ ਆਪਣਾ ਤਨ ਤੇ ਆਪਣਾ ਮਨ, ਗੁਰੂ ਦੇ ਹਵਾਲੇ ਕਰ ਦਿੱਤਾ, ਜਿਸ ਨੇ ਮਨ ਹਵਾਲੇ ਕੀਤਾ ਤੇ ਸਿਰ ਵੀ ਹਵਾਲੇ ਕਰ ਦਿੱਤਾ, ਉਸ ਨੇ ਗੁਰੂ ਦੀ ਰਾਹੀਂ ਖੋਜ ਕਰ ਕੇ, ਉਸ ਪ੍ਰਭੂ ਨੂੰ ਆਪਣੇ ਅੰਦਰ ਹੀ ਵੇਖ ਲਿਆ, ਜਿਸ ਨੂੰ ਲੱਭਣ ਲਈ ਸਾਰਾ ਜਗਤ ਖੋਜਿਆ ਸੀ। ਹੇ ਨਾਨਕ, ਸਰਨ ਪਏ ਨੂੰ ਗੁਰੂ ਨੇ ਆਪਣੇ ਚਰਨਾਂ ਵਿਚ ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ, ਅਤੇ ਉਹ ਪ੍ਰਭੂ ਆਪਣੇ ਅੰਦਰ, ਅੰਗ-ਸੰਗ ਹੀ ਵਿਖਾ ਦਿੱਤਾ।4।17।
ਅਮਰ ਜੀਤ ਸਿੰਘ ਚੰਦੀ (ਚਲਦਾ)