ਗੁਰਬਾਣੀ ਦੀ ਸਰਲ ਵਿਆਖਿਆ ਭਾਗ(86)
ਸਿਰੀਰਾਗੁ ਮਹਲਾ 1 ॥
ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥
ਤੂ ਸਰਬ ਜੀਆ ਪ੍ਰਤਿਪਾਲਹੀ ਲੇਖੈ ਸਾਸ ਗਿਰਾਸ ॥
ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ ॥1॥
ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਸਿਮਰਨ ਦੀ ਬਰਕਤ ਨਾਲ ਉਸ ਨੂੰ ਮੌਤ ਦਾ ਡਰ ਨਹੀਂ ਰਹਿੰਦਾ, ਉਹ ਹੋਰ ਹੋਰ ਲੰਮੀ ਉਮਰ ਦੀਆਂ ਆਸਾਂ ਨਹੀਂ ਬਣਾਂਦਾ, ਉਸ ਨੂੰ ਇਹ ਯਕੀਨ ਹੁੰਦਾ ਹੈ ਕਿ, ਹੇ ਪ੍ਰਭੂ, ਤੂੰ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈਂ, ਜੀਵਾਂ ਦਾ ਹਰੇਕ ਸਾਹ, ਹਰੇਕ ਗ੍ਰਾਹੀ ਤੇਰੇ ਹਿਸਾਬ ਵਿਚ, ਤੇਰੀ ਨਜ਼ਰ ਵਿਚ ਹੈ। ਹੇ ਪ੍ਰਭੂ, ਗੁਰੂ ਦੇ ਸਨਮੁੱਖ ਰਹਿਣ ਵਾਲੇ ਮਨੁੱਖ ਦੇ ਅੰਦਰ, ਤੂੰ ਪਰਗਟ ਹੋ ਜਾਂਦਾ ਹੈਂ, ਉਸ ਨੂੰ ਇਹ ਯਕੀਨ ਰਹਿੰਦਾ ਹੈ ਕਿ ਜਿਵੇਂ ਤੇਰੀ ਰਜ਼ਾ ਹੈ, ਤਿਵੇਂ ਤੂੰ ਸਭ ਦੀ ਸੰਭਾਲ ਕਰਦਾ ਹੈਂ।1 ।
ਜੀਅਰੇ ਰਾਮ ਜਪਤ ਮਨੁ ਮਾਨੁ ॥
ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ ॥1॥ ਰਹਾਉ ॥
ਹੇ ਮੇਰੀ ਜਿੰਦੇ, ਐਸਾ ਉੱਦਮ ਕਰ ਕਿ ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ, ਮਨ ਸਿਮਰਨ ਵਿਚ ਗਿੱਝ ਜਾਏ । ਗੁਰੂ ਦੀ ਸਰਨ ਪੈ ਕੇ, ਸਿਮਰਨ ਦੀ ਰਾਹੀਂ ਜਿਸ ਮਨੁੱਖ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਸ ਦੀ ਅੰਦਰਲੀ ਤ੍ਰਿਸ਼ਨਾ ਦੀ ਸੜਨ ਬੁੱਝ ਜਾਂਦੀ ਹੈ।1।ਰਹਾਉ।
ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ ॥
ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ ॥
ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ॥2॥
ਪੂਰੀ ਸ਼ਰਧਾ ਨਾਲ, ਗੁਰੂ ਦੀ ਸਰਨ ਪੈ ਜਾਣਾ ਚਾਹੀਦਾ ਹੈ, ਇਸ ਤਰ੍ਹਾਂ ਅੰਦਰ ਵਸਦੇ ਪਰਮਾਤਮਾ ਦੀ ਸਮਝ ਪੈ ਜਾਂਦੀ ਹੈ, ਮਰਨ ਤੋਂ ਪਹਿਲਾਂ ਹੀ ਉਸ ਮੌਤ ਦਾ ਡਰ ਮਾਰ ਲਈਦਾ ਹੈ, ਜਿਸ ਮੌਤ ਦੇ ਵੱਸ ਆਖਰ ਪੈਣਾ ਹੁੰਦਾ ਹੈ। ਪਰ ਇਹ ਅਵਸਥਾ ਤਦੋਂ ਪ੍ਰਾਪਤ ਹੁੰਦੀ ਹੈ, ਜਦੋਂ ਗੁਰੂ ਦੀ ਦੱਸੀ ਸਿਖਿਆ ਉੱਤੇ ਤੁਰੀਏ, ਤੇ ਪ੍ਰਭੂ ਦੀ ਸਿਫਤ-ਸਾਲਾਹ ਵਾਲੇ ਸੋਹਣੇ ਸ਼ਬਦ ਵਿਚ ਇਕ-ਰਸ ਜੁੜੇ ਰਹੀਏ।2।
ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ ॥
ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ ॥
ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ ॥3॥
ਜਦੋਂ ਇਕ-ਰਸ ਸਿਫਤ-ਸਾਲਾਹ ਕਰ ਸਕਣ ਵਾਲੀ ਅਵਸਥਾ ਪ੍ਰਾਪਤ ਹੋ ਜਾਏ, ਤਾਂ ਉਸ ਅਵਸਥਾ ਵਿਚ, ਮਨੁੱਖ ਦੇ ਅੰਦਰੋਂ ਹਉਮੈ ਦਾ ਨਾਸ ਹੋ ਜਾਂਦਾ ਹੈ। ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹਾਂ, ਇਹ ਹਾਲਤ ਮੁੱਕ ਜਾਂਦੀ ਹੈ। ਮੈਂ ਸਦਾ, ਸਦਕੇ ਹਾਂ ਉਸ ਮਨੁੱਖ ਤੋਂ, ਜੋ ਆਪਣੇ ਗੁਰੂ ਨੂੰ ਸੇਂਵਦਾ ਹੈ, ਗੁਰੂ ਦੇ ਦੱਸੇ ਰਾਹ ਤੇ ਚਲਦਾ ਹੈ, ਉਸ ਦੇ ਮੂੰਹ ਵਿਚ ਸਦਾ ਪ੍ਰਭੂ ਦਾ ਨਾਮ ਵੱਸਦਾ ਹੈ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਲਿਜਾ ਕੇ ਆਦਰ ਮਿਲਦਾ ਹੈ।3।
ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ ॥
ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ ॥
ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ ॥4॥
ਪਰ ਸੰਸਾਰ ਦੀ ਹਾਲਤ ਹੋਰ ਤਰ੍ਹਾਂ ਦੀ ਬਣ ਰਹੀ ਹੈ, ਮੈਂ ਜਿੱਧਰ ਵੇਖਦਾ ਹਾਂ, ਓਧਰ ਹੀ ਮਨਮੁੱਖ ਜੀਵ ਮਾਇਆ ਵਿਚ ਮਸਤ ਹੋ ਰਹੇ ਹਨ, ਹਰ ਪਾਸੇ ਮਾਇਆ ਅਤੇ ਜੀਵਾਂ ਦਾ ਗਠ-ਜੋੜ ਬਣਿਆ ਪਿਆ ਹੈ, ਮਨਮੁਖਾਂ ਦਾ ਸਰੀਰ, ਮਾਇਆ ਦੇ ਤਿੰਨ ਗੁਣਾਂ ਵਿਚ ਹੀ ਬੱਝਾ ਹੋਇਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜਿਹੜਾ ਵੀ ਜੀਵ ਜਗਤ ਵਿਚ ਆਇਆਂ, ਉਹ ਇਹੀ ਖੇਡ ਖੇਡਦਾ ਰਿਹਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਰਮਾਤਮਾ ਨਾਲ ਮਿਲਾਪ ਹਾਸਲ ਨਹੀਂ ਕਰ ਸਕਦੇ, ਕਿਉਂਕਿ ਉਹ ਵਿਛੜੇ ਹੋਏ, ਸਦਾ ਵਿਛੁੜੇ ਹੀ ਰਹਿੰਦੇ ਹਨ ਤੇ ਦੁੱਖ ਵਿਚ ਰਹਿੰਦੇ ਹਨ ।4।
ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ ॥
ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਨ ਹੋਇ ॥
ਨਾਨਕ ਇਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਨ ਹੋਇ ॥5॥18॥
ਮਾਇਆ ਵਲੋਂ ਵੈਰਾਗਵਾਨ ਮਨ, ਭਟਕਣਾ ਤੋਂ ਬਚਿਆ ਰਹਿ ਕੇ, ਆਪਣੇ ਸਰੂਪ ਵਿਚ ਹੀ ਟਿਕਿਆ ਰਹਿੰਦਾ ਹੈ, ਕਿਉਂਕਿ ਉਹ ਪਰਮਾਤਮਾ ਦੇ ਅਦਬ ਵਿਚ ਰੰਗਿਆ ਰਹਿੰਦਾ ਹੈ। ਉਹ ਮਨ ਪਰਮਾਤਮਾ ਨਾਲ ਡੂੰਘੀ ਸਾਂਝ ਦਾ ਮਹਾ ਆਨੰਦ ਮਾਣਦਾ ਹੈ, ਉਸ ਨੂੰ ਮੁੜ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਦੀ।
ਹੇ ਨਾਨਕ, ਤੂੰ ਵੀ ਇਸ ਮਨ ਨੂੰ, ਮਾਇਆ ਦੇ ਮੋਹ ਵਲੋਂ ਮਾਰ ਕੇ, ਪ੍ਰਭੂ ਚਰਨਾਂ ਵਿਚ ਜੁੜਿਆ ਰਹੁ, ਫਿਰ ਕਦੇ ਪਰਮਾਤਮਾ ਤੋਂ ਵਿਛੋੜੇ ਦਾ ਦੁੱਖ ਨਹੀਂ ਵਿਆਪੇਗਾ।5।18।
ਅਮਰ ਜੀਤ ਸਿੰਘ ਚੰਦੀ (ਚਲਦਾ)