ਗੁਰਬਾਣੀ ਦੀ ਸਰਲ ਵਿਆਖਿਆ ਭਾਗ(87)
ਸਿਰੀਰਾਗੁ ਮਹਲਾ 1 ॥
ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੁoਭਾਨੁ ॥
ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ॥
ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ ॥1॥
ਮਾਇਆ ਵੇੜ੍ਹੇ ਮਨੁੱਖ ਦਾ ਇਹ ਮਨ ਮੂਰਖ ਹੈ, ਲਾਲਚੀ ਹੈ, ਹਰ ਵੇਲੇ ਲੋਭ ਵਿਚ ਫਸਿਆਂ ਰਹਿੰਦਾ ਹੈ, ਗੁਰੂ ਦੇ ਸ਼ਬਦ ਵਿਚ, ਇਸ ਦੀ ਰੁਚੀ ਹੀ ਨਹੀਂ ਬਣਦੀ, ਇਸ ਭੈੜੀ ਮੱਤ ਦੇ ਕਾਰਨ, ਜਨਮ-ਮਰਨ ਦਾ ਗੇੜ ਬਣਿਆ ਰਹਿੰਦਾ ਹੈ। ਜੇ ਇਸ ਨੂੰ ਗੁਰੂ, ਸੱਚਾ ਗੁਰੂ ਮਿਲ ਪਵੇ ਤਾਂ, ਗੁਣਾਂ ਦਾ ਖਜ਼ਾਨਾ ਪ੍ਰਭੂ, ਇਸ ਨੂੰ ਮਿਲ ਪੈਂਦਾ ਹੈ।1।
ਮਨ ਰੇ ਹਉਮੈ ਛੋਡਿ ਗੁਮਾਨੁ ॥
ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥1॥ ਰਹਾਉ ॥
ਹੇ ਮੇਰੇ ਮਨ, ਮੈਂ ਸਿਆਣਾ ਹਾਂ, ਮੈਂ ਸਿਆਣਾ ਹਾਂ, ਇਹ ਅਹੰਕਾਰ ਛੱਡ, ਤੇ ਪਰਮਾਤਮਾ ਦੇ ਰੂਪ ਗੁਰੂ ਦੀ ਸਰਨ ਪਉ, ਜੋ ਆਤਮਾ ਨੂੰ ਪਵਿਤ੍ਰ ਕਰਨ ਵਾਲਾ ਸਰੋਵਰ ਹੈ। ਇਸ ਤਰ੍ਹਾਂ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ।1।ਰਹਾਉ।
ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ ॥
ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ ॥
ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ ਸਤਗੁਰਿ ਦੀਆ ਨਾਮੁ ॥2॥
ਹੇ ਮਨ, ਪਰਮਾਤਮਾ ਦਾ ਨਾਮ ਦਿਨ-ਰਾਤ ਜਪਿਆ ਕਰ, ਗੁਰੂ ਦੀ ਸਰਨ ਪੈ ਕੇ ਹਰੀ-ਨਾਮ ਧਨ ਦੀ ਕਦਰ ਸਮਝ। ਸਾਧ-ਸੰਗਤ ਵਿਚ ਮਿਲ ਕੇ ਹਰੀ ਨਾਮ ਨਾਲ ਸਾਂਝ ਪਾ, ਸਾਰੇ ਆਤਮਕ ਆਨੰਦ ਪਰਾਪਤ ਹੋ ਜਾਣਗੇ। ਜਿਸ ਨੂੰ ਸ਼ਬਦ ਗੁਰੂ ਨੇ ਨਾਮ ਦੀ ਦਾਤ ਬਖਸ਼ੀ , ਉਸ ਨੇ ਸਦਾ ਦਿਨ-ਰਾਤ ਹਰੀ-ਪ੍ਰਭੂ ਦਾ ਸਿਮਰਨ ਕੀਤਾ ਹੈ।2।
ਕੂਕਰ ਕੂੜੁ ਕਮਾਈਐ ਗੁਰ ਨਿੰਦਾ ਪਚੈ ਪਚਾਨੁ ॥
ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ ॥
ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ ॥3॥
ਜੇਹੜਾ ਮਨੁੱਖ ਆਪਣੇ ਲੋਭੀ ਮਨ ਦੇ ਪਿੱਛੇ ਤੁਰਦਾ ਹੈ, ਉਹ ਕੁੱਤਿਆਂ ਵਾਙ ਬੁਰਕੀ ਬੁਰਕੀ ਵਾਸਤੇ ਦਰ ਦਰ ਤੇ ਖੁਆਰ ਹੁੰਦਾ ਹੈ, ਉਹ ਸਦਾ ਮਾਇਆ ਵਾਲੀ ਦੌੜ-ਭੱਜ ਹੀ ਕਰਦਾ ਹੈ, ਏਥੋਂ ਤੱਕ ਨਿਘਰਦਾ ਹੈ ਕਿ ਗੁਰੂ ਦੀ ਨਿੰਦਾ ਵਿਚ ਹਰ ਵੇਲੇ ਖੁਆਰ ਹੁੰਦਾ ਹੈ। ਮਾਇਆ ਵਾਲੀ ਭਟਕਣਾ ਵਿਚ ਕੁਰਾਹੇ ਪੈਂਦਾ ਹੈ, ਬਹੁਤ ਦੁੱਖ ਪਾਂਦਾ ਹੈ, ਆਖਰ ਯਮ-ਰਾਜ ਉਸ ਨੂੰ ਗੁੱਝੀ ਮਾਰ ਮਾਰ ਕੇ ਤੂੜੀ ਕਰ ਦਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਕਦੇ ਸੁਖ ਨਹੀਂ ਪਾਉਂਦਾ, ਪਰ ਗੁਰੂ ਦੀ ਸਰਨ ਪਿਆਂ ਅਸਚਰਜ ਆਤਮਕ ਆਨੰਦ ਮਿਲਦਾ ਹੈ।3।
ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ ॥
ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ ॥
ਨਾਨਕ ਨਾਮੁ ਨ ਵੀਸਰੈ ਕਰਮਿ ਸਚੈ ਨੀਸਾਣੁ ॥4॥19॥
ਲੋਭੀ ਮਨੁੱਖ, ਇਸ ਲੋਕ ਵਿਚ ਦੁਨੀਆ ਦੇ ਜੰਜਾਲਾਂ ਵਿਚ ਖਚਤ ਰਹਿੰਦਾ ਹੈ, ਪਰ ਪ੍ਰਭੂ ਦੀ ਹਜ਼ੂਰੀ ਵਿਚ ਸਿਮਰਨ ਦਾ ਲੇਖਾ ਕਬੂਲ ਹੁੰਦਾ ਹੈ। ਗੁਰੂ ਅਸਲ ਮਿੱਤ੍ਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਤੇ ਹੋਰਨਾਂ ਨੂੰ ਵੀ ਇਹੀ ਪ੍ਰੇਰਨਾ ਕਰਦਾ ਹੈ, ਗੁਰੂ ਵਾਲੀ ਇਹ ਕਾਰ, ਦਰਗਾਹ ਵਿਚ ਮੰਨੀ ਜਾਂਦੀ ਹੈ।
ਹੇ ਨਾਨਕ, ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਮਿਹਰ ਨਾਲ, ਜਿਸ ਮਨੁੱਖ ਦੇ ਮੱਥੇ ਤੇ ਲੇਖ ਉਘੜਦਾ ਹੈ, ਉਸ ਨੂੰ ਕਦੇ ਪਰਮਾਤਮਾ ਦਾ ਨਾਮ ਭੁੱਲਦਾ ਨਹੀਂ।4।19।
ਅਮਰ ਜੀਤ ਸਿੰਘ ਚੰਦੀ (ਚਲਦਾ)