ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ(89)
ਗੁਰਬਾਣੀ ਦੀ ਸਰਲ ਵਿਆਖਿਆ ਭਾਗ(89)
Page Visitors: 44

 

    ਗੁਰਬਾਣੀ ਦੀ ਸਰਲ ਵਿਆਖਿਆ ਭਾਗ(89)    
         
ਸਿਰੀਰਾਗੁ ਮਹਲਾ 1
     
ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ॥
     
ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥
     
ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ ॥1
       
ਹੇ ਪਿਆਰੇ, ਹਰਿ ਨਾਮ ਜਪੋ, ਗੁਰੂ ਦੀ ਮੱਤ ਅੁਸਾਰ ਚਲ ਕੇ ਹਰੀ ਦਾ ਸਿਮਰਨ ਕਰੋ। ਜਦੋਂ ਮਨ ਸਿਮਰਨ ਦੀ ਕਸਵੱਟੀ ਤੇ ਲਾਇਆ ਜਾਂਦਾ ਹੈ, ਤਦੋਂ ਸਿਮਰਨ ਦੀ ਬਰਕਤ ਨਾਲ ਇਹ ਤੋਲ ਵਿਚ ਪੂਰਾ ਉਤਰਦਾ ਹੈ। ਤਦੋਂ ਹਿਰਦਾ, ਮਾਣਕ ਮੁੱਲੋਂ ਅਮੁੱਲ ਹੋ ਜਾਂਦਾ ਹੈ, ਕੋਈ ਇਸ ਦਾ ਮੁੱਲ ਨਹੀਂ ਪਾ ਸਕਦੲਾ।1
     
ਭਾਈ ਰੇ ਹਰਿ ਹੀਰਾ ਗੁਰ ਮਾਹਿ ॥
     
ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ 1ਰਹਾਉ ॥
       
ਹੇ ਭਾਈ, ਇਹ ਹਰੀ ਨਾਮ ਦਾ ਕੀਮਤੀ ਹੀਰਾ ਸ਼ਬਦ-ਗੁਰੂ ਦੇ ਕੋਲ ਹੈ। ਇਹ ਪ੍ਰਭੂ ਦੀ ਸਾਧ-ਸੰਗਤ ਵਿਚ ਮਿਲਦਾ ਹੈ, ਸੋ ਹੇ ਭਾਈ ਸਾਧ-ਸੰਗਤ ਵਿਚ ਜਾ ਕੇ, ਗੁਰੂ ਦੇ ਸ਼ਬਦ ਵਿਚ ਜੁੜ ਕੇ, ਦਿਨ-ਰਾਤ ਪਰਮਾਤਮਾ ਦੀ ਸਿਫਤ-ਸਾਲਾਹ ਕਰ।1ਰਹਾਉ।  
     
ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥
     
ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ ॥
     
ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ ॥2
       
ਹੇ ਭਾਈ ਸਦਾ ਕਾਇਮ ਰਹਿਣ ਵਾਲਾ ਸੌਦਾ, ਧਨ, ਸਰਮਾਇਆ ਇਕੱਠਾ ਕਰ। ਇਹ ਧਨ ਗੁਰੂ ਦੇ ਬਖਸ਼ੇ ਆਤਮਕ ਚਾਨਣ ਨਾਲ ਲੱਭਦਾ ਹੈ। ਜਿਵੇਂ ਪਾਣੀ ਪਾਇਆਂ ਅੱਗ ਬੁਝ ਜਾਂਦੀ ਹੈ, ਤਿਵੇਂ ਪ੍ਰਭੂ ਦੇ ਦਾਸਾਂ ਦਾ ਦਾਸ ਬਣਿਆਂ ਤ੍ਰਿਸ਼ਨਾ ਅੱਗ ਬੁਝ ਜਾਂਦੀ ਹੈ। ਜਿਹੜਾ ਬੰਦਾ, ਨਾਮ-ਧਨ ਇਕੱਠਾ ਕਰਦਾ ਹੈ, ਉਸ ਨੂੰ ਡਰਾਉਣ ਬਾਰੇ ਜਮਰਾਜ ਸੋਚ ਵੀ ਨਹੀਂ ਸਕਦਾ, ਇਸ ਤਰ੍ਹਾਂ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ।2
     
ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥
     
ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ
     
ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ ॥3
       
ਗੁਰੂ ਦੇ ਦੱਸੇ ਰਾਹ ਤੇ ਚੱਲਣ ਵਾਲੇ ਬੰਦਿਆਂ ਨੂੰ ਝੂਠਾ ਪਦਾਰਥ ਪਸੰਦ ਨਹਂ ਆਉਂਦਾ, ਉਹ ਦੁਨਿਆਵੀ ਪਦਾਰਥਾਂ ਵਿਚ ਮਨ ਨਹੀਂ ਜੋੜਦੇ, ਉਹ ਪ੍ਰਭੂ ਦੇ ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਸਦਾ-ਥਿਰ ਪਰਮਾਤਮਾ ਦੇ ਪਿਆਰ ਵਿਚ ਜੁੜੇ ਰਹਿੰਦੇ ਹਨ, ਪਰ ਮਾਇਆ ਵੇੜ੍ਹੇ ਬੰਦੇ ਨੂੰ ਪ੍ਰਭੂ ਦਾ ਨਾਮ ਚੰਗਾ ਨਹੀਂ ਲਗਦਾ, ਕੂੜ ਵਿਚ ਫਸੇ ਹੋਏ ਦੀ ਇੱਜ਼ਤ ਵੀ ਝੂਠੀ ਹੀ ਹੁੰਦੀ ਹੈ, ਇੱਜ਼ਤ ਵੀ ਚਾਰ ਦਿਨਾਂ ਦੀ ਹੀ ਹੁੰਦੀ ਹੈ। ਪਰ ਇਹ ਬੰਦੇ ਦੇ ਆਪਣੇ ਵੱਸ ਦੀ ਖੇਡ ਨਹੀਂ, ਜਿਨ੍ਹਾਂ ਨੂੰ ਗੁਰੂ, ਪ੍ਰਭੂ ਚਰਨਾਂ ਵਿਚ ਮਿਲਾ ਲਏ, ਉਹ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਨ੍ਹਾਂ ਦੀ ਲੀਨਤਾ ਸਦਾ ਪ੍ਰਭੂ ਯਾਦ ਵਿਚ ਹੀ ਰਹਿੰਦੀ ਹੈ।3
     
ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ ॥
     
ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ ॥
     
ਨਾਨਕ ਗੁਰਮੁਖਿ ਪਾਈਐ ਦਇਆ ਕਰੇ ਹਰਿ ਹੀਰੁ ॥421
       
ਪ੍ਰਭੂ ਦਾ ਨਾਮ ਮਾਨੋ, ਮਾਣਕ ਤੇ ਲਾਲ ਹੈ, ਰਤਨ ਹੈ, ਹੀਰਾ ਹੈ, ਹਰੇਕ ਮਨੁੱਖ ਦੇ ਅੰਦਰ ਵਸਦਾ ਹੈ। ਅਥਾਹ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ। ਉਸ ਦਾ ਨਾਮ ਹੀ ਸਦਾ-ਥਿਰ ਰਹਣ ਵਾਲਾ ਸੌਦਾ ਹੈ, ਧਨ ਹੈ। ਪਰ ਹੇ ਨਾਨਕ, ਜਿਸ ਮਨੁੱਖ ਉੱਤੇ ਹੀਰਾ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ, ਪ੍ਰਭੂ ਦਾ ਨਾਮ, ਗੁਰੂ ਦੀ ਰਾਹੀਂ ਮਿਲਦਾ ਹੈ।421
           
ਅਮਰ ਜੀਤ ਸਿੰਘ ਚੰਦੀ       (ਚਲਦਾ) 

  

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.