ਗੁਰਬਾਣੀ ਦੀ ਸਰਲ ਵਿਆਖਿਆ ਭਾਗ(93)
ਸਿਰੀਰਾਗੁ ਮਹਲਾ 1 ਘਰੁ ਦੂਜਾ 2 ॥
ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥
ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥1॥
ਪ੍ਰਭੂ ਆਪ ਹੀ, ਰਸ-ਭਰਿਆ ਪਦਾਰਥ ਹੈ, ਆਪ ਹੀ ਉਸ ਵਿਚਲਾ ਰਸ ਹੈ, ਆਪ ਹੀ ਉਸ ਸਵਾਦ ਨੂੰ ਮਾਨਣ ਵਾਲਾ ਹੈ। ਪ੍ਰਭੂ ਆਪ ਹੀ ਇਸਤ੍ਰੀ ਬਣਦਾ ਹੈ, ਆਪ ਹੀ ਸੇਜ, ਤੇ ਆਪ ਹੀ ਮਾਨਣ ਵਾਲਾ ਖਸਮ ਹੈ।1।
ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥1॥ ਰਹਾਉ ॥
ਮੇਰਾ ਮਾਲਕ-ਪ੍ਰਭੂ ਪਿਆਰ ਵਿਚ ਰੰਗਿਆ ਹੋਇਆ ਹੈ, ਉਹ ਸਾਰੀ ਸ੍ਰਿਸ਼ਟੀ ਵਿਚ, ਪੂਰਨ ਤੌਰ ਤੇ ਵਿਆਪਕ ਹੈ । 1।ਰਹਾਉ।
ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥
ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥2॥
ਪ੍ਰਭੂ ਆਪ ਹੀ ਮੱਛੀਆਂ ਫੜਨ ਵਾਲਾ ਹੈ, ਆਪ ਹੀ ਮੱਛੀ ਹੈ, ਆਪ ਹੀ ਪਾਣੀ ਹੈ, ਜਿਸ ਵਿਚ ਮੱਛੀ ਰਹਿੰਦੀ ਹੈ, ਆਪ ਹੀ ਜਾਲ ਹੈ, ਜਿਸ ਨਾਲ ਮੱਛੀ ਫੜੀਦੀ ਹੈ। ਪ੍ਰਭੂ ਹੀ ਉਸ ਜਾਲ ਦੇ ਮਣਕੇ ਹੈ, ਆਪ ਹੀ ਮਾਸ ਦੀ ਬੋਟੀ ਹੈ, ਜੋ ਮੱਛੀ ਨੂੰ ਆਪਣੇ ਵੱਲ ਪ੍ਰੇਰਦੀ ਹੈ।2॥
ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥
ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥3॥
ਹੇ ਸਹੇਲੀਏ, ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ-ਤਮਾਸ਼ੇ ਕਰਨ ਵਾਲਾ ਹੈ। ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੂੰ ਉਹ ਖਸਮ ਪ੍ਰਭੂ ਸਦਾ ਮਿਲਦਾ ਹੈ, ਪਰ ਮੇਰੇ ਵਰਗੀਆਂ ਦਾ ਹਾਲ ਵੇਖ, ਕਿ ਸਾਨੂੰ ਕਦੇ ਦੀਦਾਰ ਨਹੀਂ ਹੁੰਦਾ।3।
ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥
ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥4॥25॥
ਹੇ ਪ੍ਰਭੂ, ਨਾਨਕ ਤੇਰੇ ਦਰ ਤੇ ਅਰਦਾਸ ਕਰਦਾ ਹੈ, ਤੂੰ ਹਰ ਥਾਂ ਮੌਜੂਦ ਹੈਂ, ਮੈਨੂੰ ਵੀ ਦੀਦਾਰ ਦੇਹ। ਤੂੰ ਹੀ ਸਰੋਵਰ ਹੈਂ, ਤੂੰ ਹੀ ਸਰੋਵਰ ਤੇ ਰਹਿਣ ਵਾਲਾ ਹੰਸ ਹੈਂ। ਸੂਰਜ ਦੀ ਰੌਸ਼ਨੀ ਵਿਚ ਖਿੜਨ ਵਾਲਾ ਕੌਲ-ਫੁੱਲ ਵੀ ਤੂੰ ਹੀ ਹੈਂ, ਤੇ ਚੰਦ ਦੇ ਚਾਨਣ ਵਿਚ ਖਿੜਨ ਵਾਲੀ ਕੰਮੀ ਵੀ ਤੂੰ ਹੀ ਹੈਂ, ਆਪਣੇ ਜ਼ਵਾਲ ਨੂੰ ਤੇ ਆਪਣੇ ਜਲਾਲ ਨੁੰ ਵੇਖ ਕੇ, ਤੂੰ ਆਪ ਹੀ ਖੁਸ਼ ਹੋਣ ਵਾਲਾ ਹੈਂ।4।25।
ਅਮਰ ਜੀਤ ਸਿੰਘ ਚੰਦੀ (ਚਲਦਾ)