ਗੁਰਬਾਣੀ ਦੀ ਸਰਲ ਵਿਆਖਿਆ ਭਾਗ(94)
ਸਿਰੀਰਾਗੁ ਮਹਲਾ 1 ਘਰੁ 3 ॥
ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ ॥
ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ ॥1॥
ਹੇ ਭਾਈ, ਇਸ ਸਰੀਰ ਨੂੰ ਧਰਤੀ ਬਣਾ, ਆਪਣੇ ਰੋਜ਼ਾਨਾ ਕਰਮਾਂ ਨੂੰ ਬੀਜ ਬਣਾ, ਪਰਮਾਤਮਾ ਦੇ ਨਾਮ ਦੇ ਪਾਣੀ ਨਾਲ ਇਸ ਧਰਤੀ ਨੂੰ ਸਿੰਜ। ਆਪਣੇ ਮਨ ਨੂੰ ਕਿਸਾਨ ਬਣਾ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਉਗਾ। ਇਸ ਤਰ੍ਹਾਂ ਹੇ ਭਾਈ ਉਹ ਆਤਮਕ ਅਵਸਥਾ ਹਾਸਲ ਕਰ ਲਏਂਗਾ, ਜਿੱਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ।1।
ਕਾਹੇ ਗਰਬਸਿ ਮੂੜੇ ਮਾਇਆ ॥
ਪਿਤ ਸੁਤੋ ਸਗਲ ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ ॥ ਰਹਾਉ ॥
ਹੇ ਮੂਰਖ, ਮਾਇਆ ਦਾ ਮਾਣ ਕਿਉਂ ਕਰਦਾ ਹੈਂ ? ਪਿਤਾ. ਪੁੱਤਰ, ਇਸਤ੍ਰੀ, ਮਾਂ, ਇਹ ਸਾਰੇ ਅੰਤ ਵੇਲੇ ਤੇਰੇ ਸਹਾਈ ਨਹੀਂ ਬਣ ਸਕਦੇ ।ਰਹਾਉ।
ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥
ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸ੍ਰਮਾਈ ॥2॥
ਜਿਹੜਾ ਮਨੁੱਖ ਚੰਦਰੇ ਵਿਸ਼ੇ ਵਿਕਾਰਾਂ ਨੂੰ ਹਿਰਦਾ-ਧਰਤੀ ਵਿਚੋਂ ਇਉਂ ਪੁੱਟ ਦੇਂਦਾ ਹੈ, ਜਿੱਦਾਂ ਖੇਤੀ ਵਿਚੋਂ ਨਦੀਨ ਕੱਢੀਦਾ ਹੈ, ਇਨ੍ਹਾਂ ਵਿਕਾਰਾਂ ਦਾ ਤਿਆਗ ਕਰ ਕੇ ਜੋ ਮਨੁੱਖ ਆਪਣੇ ਅੰਦਰ ਇਕ ਚਿੱਤ ਹੋ ਕੇ ਪ੍ਰਭੂ ਨੂੰ ਸਿਮਰਦਾ ਹੈ, ਜਦੋਂ ਜਪ, ਤਪ, ਸੰਜਮ, ਉਸ ਦੈ ਆਤਮਕ ਜੀਵਨ ਦੇ ਰਖਵਾਲੇ ਬਣਦੇ ਹਨ, ਤਾਂ ਉਸ ਦਾ ਹਿਰਦਾ-ਕੌਲ ਖਿੜ ਪੈਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਦਾ ਰਸ, ਮਾਨੋ ਸਿੰਮਦਾ ਹੈ।2।
ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ ॥
ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥3॥26॥
ਹੇ ਨਾਨਕ, ਜੋ ਮਨੁੱਖ, ਸਤਾਈ ਹੀ ਨਛੱਤ੍ਰਾਂ ਵਿਚ, ਹਰ ਰੋਜ਼, ਪ੍ਰਭੂ ਦਾ ਨਾਮ-ਧਨ ਇਕੱਠਾ ਕਰਦਾ ਰਹੇ, ਜੋ ਮਨੁੱਖ ਆਪਣੀ ਉਮਰ ਦੀਆਂ ਤਿੰਨਾਂ ਹੀ ਅਵਸਥਾ (ਬਚਪਨ-ਜਵਾਨੀ-ਬੁਢਾਪਾ) ਵਿਚ ਮੌਤ ਨੂੰ ਚੇਤੇ ਰੱਖੇ, ਜੋ ਚਾਰ ਵੇਦਾਂ, ਛੇ ਸ਼ਾਸਤ੍ਰਾਂ, ਤੇ ਅਠਾਰਾਂ ਪੁਰਾਣਾਂ ਆਦਿ ਸਾਰੀਆਂ ਧਰਮ ਪੁਸਤਕਾਂ ਵਿਚ ਪਰਮਾਤਮਾ ਦੇ ਨਾਮ ਨੂੰ ਹੀ ਖੋਜੇ, ਤਾਂ ਇਸ ਤਰ੍ਹਾਂ ਪਰਮਾਤਮਾ ਉਸ ਨੂੰ, ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।3।26।
ਅਮਰ ਜੀਤ ਸਿੰਘ ਚੰਦੀ (ਚਲਦਾ)