ਗੁਰਬਾਣੀ ਦੀ ਸਰਲ ਵਿਆਖਿਆ ਭਾਗ(97)
ਸਿਰੀਰਾਗੁ ਮਹਲਾ 1 ਘਰੁ 4 ॥
ਏਕੁ ਸੁਆਨੁ ਦੁਇ ਸੁਆਨੀ ਨਾਲਿ ॥ ਭਲਕੇ ਭਉਕਹਿ ਸਦਾ ਬਇਆਲਿ ॥
ਕੂੜੁ ਛੁਰਾ ਮੁਠਾ ਮੁਰਦਾਰੁ ॥ ਧਾਣਕ ਰੂਪਿ ਰਹਾ ਕਰਤਾਰ ॥1॥
ਹੇ ਕਰਤਾਰ, ਮੈਂ ਸਾਂਹਸੀਆਂ ਵਾਲੇ ਰੂਪ ਵਿਚ ਰਹਿੰਦਾ ਹਾਂ, ਮੇਰੇ ਨਾਲ ਲੋਭ ਦਾ ਕੁੱਤਾ ਹੈ, ਦੋ ਕੁੱਤੀਆਂ (ਆਸਾ, ਤ੍ਰਿਸ਼ਨਾ) ਹਨ, ਮੇਰੇ ਹੱਥ ਵਿਚ ਝੂਠ ਦਾ ਛੁਰਾ ਹੈ, ਮੈਂ ਮਾਇਆ ਵਿਚ ਠੱਗਿਆ ਜਾ ਰਿਹਾ ਹਾਂ, ਤੇ ਪਰਾਇਆ ਹੱਕ, ਮੁਰਦਾਰ ਖਾਂਦਾ ਹਾਂ।1।
ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥ ਹਉ ਬਿਗੜੈ ਰੂਪਿ ਰਹਾ ਬਿਕਰਾਲ ॥
ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥ ਮੈ ਏਹਾ ਆਸ ਏਹੋ ਆਧਾਰੁ ॥1॥ ਰਹਾਉ ॥
ਹੇ ਪਤੀ-ਪ੍ਰਭੂ, ਨਾ ਮੈਂ ਤੇਰੀ ਨਸੀਹਤ ਤੇ ਤੁਰਦਾ ਹਾਂ, ਨਾ ਮੇਰੀ ਕਰਣੀ ਚੰਗੀ ਹੈ, ਮੈਂ ਸਦਾ ਡਰਾਉਣੇ, ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ। ਮੈਨੂੰ ਹੁਣ ਸਿਰਫ ਇਹੀ ਆਸ ਹੈ, ਇਹੀ ਆਸਰਾ ਹੈ ਕਿ ਤੇਰਾ ਜਿਹੜਾ ਨਾਮ ਸਾਰੇ ਸੰਸਾਰ ਨੂੰ, ਸੰਸਾਰ ਸਮੁੰਦਰ ਤੋਂ ਪਾਰ ਲੰਘਾਂਦਾ ਹੈ, ਉਹ ਮੈਨੂੰ ਵੀ ਪਾਰ ਲੰਘਾ ਲਵੇਗਾ ।1।ਰਹਾਉ।
ਮੁਖਿ ਨਿੰਦਾ ਆਖਾ ਦਿਨੁ ਰਾਤਿ ॥ ਪਰ ਘਰੁ ਜੋਹੀ ਨੀਚ ਸਨਾਤਿ ॥
ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥ ਧਾਣਕ ਰੂਪਿ ਰਹਾ ਕਰਤਾਰ ॥2॥
ਮੈਂ ਦਿਨ ਰਾਤ ਮੂੰਹੋਂ ਦੂਸਰਿਆਂ ਦੀ ਨਿੰਦਾ ਕਰਦਾ ਰਹਿੰਦਾ ਹਾਂ, ਮੈਂ ਨੀਚ ਤੋਂ ਵੀ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ ਘਰ ਤੱਕਦਾ ਹਾਂ। ਮੇਰੇ ਸਰੀਰ ਵਿਚ ਕਾਮ ਤੇ ਕ੍ਰੋਧ ਚੰਡਾਲ ਵੱਸ ਰਹੇ ਹਨ, ਹੇ ਕਰਤਾਰ, ਮੈਂ ਸਾਂਹਸੀਆਂ ਵਾਲੇ ਰੂਪ ਵਿਚ ਤੁਰਿਆ ਫਿਰਦਾ ਹਾਂ ।2।
ਫਾਹੀ ਸੁਰਤਿ ਮਲੂਕੀ ਵੇਸੁ ॥ ਹਉ ਠਗਵਾੜਾ ਠਗੀ ਦੇਸੁ ॥
ਖਰਾ ਸਿਆਣਾ ਬਹੁਤਾ ਭਾਰੁ ॥ ਧਾਣਕ ਰੂਪਿ ਰਹਾ ਕਰਤਾਰ ॥3॥
ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਠੱਗੀ ਵਿਚ ਕਿਵੇਂ ਫਸਾਵਾਂ ? ਪਰ ਮੈਂ ਫਕੀਰਾਂ ਵਾਲਾ ਚੋਲਾ ਪਾਇਆ ਹੋਇਆ ਹੈ, ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ ਨੂੰ ਠੱਗ ਰਿਹਾ ਹਾਂ। ਜਿਉਂ ਜਿਉਂ ਮੈਂ ਬਹੁਤਾ ਸਿਆਣਾ ਬਣਦਾ ਹਾਂ, ਪਾਪਾਂ ਦਾ ਹੋਰ ਹੋਰ ਭਾਰ, ਆਪਣੇ ਸਿਰ ਤੇ ਚੁੱਕਦਾ ਜਾਂਦਾ ਹਾਂ। ਹੇ ਕਰਤਾਰ, ਮੈਂ ਸਾਂਹਸੀਆਂ ਵਾਲਾ ਰੂਪ ਧਾਰੀ ਬੈਠਾਂ ਹਾਂ ।3।
ਮੈ ਕੀਤਾ ਨ ਜਾਤਾ ਹਰਾਮਖੋਰੁ ॥ ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥
ਨਾਨਕੁ ਨੀਚੁ ਕਹੈ ਬੀਚਾਰੁ ॥ ਧਾਣਕ ਰੂਪਿ ਰਹਾ ਕਰਤਾਰ ॥4॥29॥
ਹੇ ਕਰਤਾਰ, ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਂਦਾ ਹਾਂ। ਮੈਂ ਵਿਕਾਰੀ ਹਾਂ, ਮੈਂ ਤੇਰਾ ਚੋਰ ਹਾਂ, ਤੇਰੇ ਸਾਮ੍ਹਣੇ ਮੈਂ ਕਿਸ ਮੂੰਹ ਨਾਲ ਪੇਸ਼ ਹੋਵਾਂਗਾ ? ਮੰਦ-ਕਰਮੀ ਨਾਨਕ ਇਹੀ ਗੱਲ ਆਖਦਾ ਹੈ, ਹੇ ਕਰਤਾਰ, ਮੈਂ ਤਾਂ ਸਾਂਹਸੀ-ਰੂਪ ਵਿਚ ਜੀਵਨ ਬਤੀਤ ਕਰ ਰਿਹਾ ਹਾਂ ।4।29।
ਅਮਰ ਜੀਤ ਸਿੰਘ ਚੰਦੀ (ਚਲਦਾ)