ਗੁਰਬਾਣੀ ਦੀ ਸਰਲ ਵਿਆਖਿਆ ਭਾਗ(98)
ਸਿਰੀਰਾਗੁ ਮਹਲਾ 1 ਘਰੁ 4 ॥
ਏਕਾ ਸੁਰਤਿ ਜੇਤੇ ਹੈ ਜੀਅ ॥ ਸੁਰਤਿ ਵਿਹੂਣਾ ਕੋ.ਇ ਨ ਕੀਅ ॥
ਜੇਹੀ ਸੁਰਤਿ ਤੇਹਾ ਤਿਨ ਰਾਹੁ ॥ ਲੇਖਾ ਇਕੋ ਆਵਹੁ ਜਾਹੁ ॥1॥
ਜਿਤਨੇ ਵੀ ਜੀਵ ਹਨ, ਸਭ ਦੇ ਅੰਦਰ, ਇਕ ਪਰਮਾਤਮਾ ਦੀ ਬਖਸ਼ੀ ਹੋਈ ਸੋਝੀ ਕੰਮ ਕਰ ਰਹੀ ਹੈ, ਪਰਮਾਤਮਾ ਨੇ ਕੋਈ ਵੀ ਜੀਵ ਐਸਾ ਨਹੀਂ ਪੈਦਾ ਕੀਤਾ, ਜਿਸ ਨੂੰ ਸੂਝ ਤੋਂ ਵਿਰਵਾ ਰੱਖਿਆ ਹੋਵੇ। ਜਿਹੋ ਜਿਹੀ ਸੂਝ ਪ੍ਰਭੂ ਜੀਵ ਨੂੰ ਦਿੰਦਾ ਹੈ, ਓਹੋ ਜਿਹਾ ਜੀਵਨ ਰਸਤਾ ਉਹ ਫੜ ਲੈਂਦਾ ਹੈ। ਮਿਲੀ ਸੂਝ ਅਨੁਸਾਰ ਜੀਵ, ਜਗਤ ਵਿਚ ਆਉਂਦੇ ਹਨ, ਤੇ ਏਥੋਂ ਚਲੇ ਜਾਂਦੇ ਹਨ, ਇਹ ਮਰਯਾਦਾ ਤੋਰਨ ਵਾਲਾ ਪ੍ਰਭੂ ਆਪ ਹੀ ਹੈ।1।
ਕਾਹੇ ਜੀਅ ਕਰਹਿ ਚਤੁਰਾਈ ॥ ਲੇਵੈ ਦੇਵੈ ਢਿਲ ਨ ਪਾਈ ॥1॥ ਰਹਾਉ ॥
ਹੇ ਜੀਵ, ਤੂੰ ਇਹ ਸਾਬਤ ਕਰਨ ਲਈ ਕਿ ਮੈਂ ਬਹੁਤ ਸੂਝਵਾਨ ਹਾਂ, ਬਹੁਤ ਅਕਲ-ਮੰਦ ਹਾਂ, ਚਲਾਕੀਆਂ ਦਾ ਆਸਰਾ ਕਿਉਂ ਲੈਂਦਾ ਹੈਂ ? ਉਹ ਪਰਮਾਤਮਾ ਹੀ ਜੀਵਾਂ ਨੂੰ ਸੂਝ ਦੇਂਦਾ ਵੀ ਹੈ, ਤੇ ਵਾਪਸ ਲੈਣ ਲੱਗਿਆਂ ਰਤਾ ਢਿਲ ਨਹੀਂ ਲਾਉਂਦਾ ।1।ਰਹਾਉ[
ਤੇਰੇ ਜੀਅ ਜੀਆ ਕਾ ਤੋਹਿ ॥ ਕਿਤ ਕਉ ਸਾਹਿਬ ਆਵਹਿ ਰੋਹਿ ॥
ਜੇ ਤੂ ਸਾਹਿਬ ਆਵਹਿ ਰੋਹਿ ॥ ਤੂ ਓਨਾ ਕਾ ਤੇਰੇ ਓਹਿ ॥2॥
ਹੇ ਮਾਲਕ ਪ੍ਰਭੂ, ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਸਾਰੇ ਜੀਵਾਂ ਦਾ ਤੂੰ ਹੀ ਖਸਮ ਹੈਂ, ਜੇ ਜੀਵ ਤੈਥੋਂ ਮਿਲੀ ਅਕਲ ਦਾ ਮਾਣ ਵੀ ਕਰਨ, ਤਾਂ ਵੀ ਤੂੰ ਗੁੱਸੇ ਵਿਚ ਨਹੀਂ ਆਊਂਦਾਂ, ਕਿਉਂਕਿ ਆਖਰ ਇਹ ਸਾਰੇ ਜੀਵ ਤੇਰੇ ਹੀ ਹਨ। ਹੇ ਮਾਲਕ ਪ੍ਰਭੂ, ਜੇ ਤੂੰ ਗੁੱਸੇ ਵਿਚ ਆਵੇਂ ਤਾਂ ਕਿਸ ਤੇ ਆਵੇਂ ? ਤੂੰ ਉਨ੍ਹਾਂ ਦਾ ਮਾਲਕ ਹੈਂ, ਉਹ ਸਾਰੇ ਤੇਰੇ ਹੀ ਬਣਾਏ ਹੋਏ ਹਨ।2।
ਅਸੀ ਬੋਲਵਿਗਾੜ ਵਿਗਾੜਹ ਬੋਲ ॥ ਤੂ ਨਦਰੀ ਅੰਦਰਿ ਤੋਲਹਿ ਤੋਲ ॥
ਜਹ ਕਰਣੀ ਤਹ ਪੂਰੀ ਮਤਿ ॥ ਕਰਣੀ ਬਾਝਹੁ ਘਟੇ ਘਟਿ ॥3॥
ਹੇ ਪ੍ਰਭੂ, ਅਸੀਂ ਬੋਲ ਵਿਗਾੜਨ ਵਾਲੇ ਜੀਵ ਹਾਂ, ਅਸੀਂ ਤੈਥੋਂ ਮਿਲੀ ਸੂਝ-ਅਕਲ ਉੱਤੇ ਮਾਣ ਕਰ ਕੇ ਅਨੇਕਾਂ ਵਾਰੀ, ਇਕੋ ਬੋਲ, ਬੋਲ ਦੇਂਦੇ ਹਾਂ, ਪਰ ਤੂੰ ਸਾਡੇ ਕਬੋਲਾਂ ਨੂੰ ਮਿਹਰ ਦੀ ਨਿਗਾਹ ਨਾਲ ਪਰਖਦਾ ਹੈਂ। ਗੁਰੂ ਦੇ ਦੱਸੇ ਰਾਹ ਤੇ ਤੁਰ ਕੇ, ਜਿਸ ਮਨੁੱਖ ਦੇ ਅੰਦਰ ਉੱਚਾ ਆਚਰਣ ਬਣ ਜਾਂਦਾ ਹੈ, ਉਸ ਦੀ ਸੂਝ-ਅਕਲ ਵੀ ਗੰਭੀਰ ਹੋ ਜਾਂਦੀ ਹੈ, ਤੇ ਉਹ ਬੜਬੋਲਾ ਨਹੀਂ ਬਣਦਾ, ਉੱਚੇ ਆਚਰਣ ਤਂੋ ਬਿਨਾ, ਮਨੁੱਖ ਦੀ ਸੂਝ ਬੂਝ ਵੀ ਨੀਵੀਂ ਹੀ ਰਹਿੰਦੀ ਹੈ।3।
ਪ੍ਰਣਵਤਿ ਨਾਨਕ ਗਿਆਨੀ ਕੈਸਾ ਹੋਇ ॥ ਆਪੁ ਪਛਾਣੈ ਬੂਝੈ ਸੋਇ ॥
ਗੁਰ ਪਰਸਾਦਿ ਕਰੇ ਬੀਚਾਰੁ ॥ ਸੋ ਗਿਆਨੀ ਦਰਗਹ ਪਰਵਾਣੁ ॥4॥30॥
ਨਾਨਕ ਬੇਨਤੀ ਕਰਦਾ ਹੈ ਕਿ ਅਸਲ ਗਿਆਨਵਾਨ ਮਨੁੱਖ ਉਹ ਹੈ, ਜੋ ਆਪਣੇ ਅਸਲੇ ਨੂੰ ਪਛਾਣਦਾ ਹੈ, ਜੋ ਉਸ ਪਰਮਾਤਮਾ ਨੂੰ ਹੀ, ਅਕਲ-ਦਾਤਾ ਸਮਝਦਾ ਹੈ, ਜੋ ਗੁਰੂ ਦੀ ਮਿਹਰ ਨਾਲ, ਆਪਣੀ ਚਤੁਰਾਈ ਛੱਡ ਕੇ, ਅਕਲ-ਦਾਤੇ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰਦਾ ਹੈ। ਅਜਿਹਾ ਗਿਆਨਵਾਨ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ।4।30।
ਅਮਰ ਜੀਤ ਸਿੰਘ ਚੰਦੀ (ਚਲਦਾ)