ਗੁਰਬਾਣੀ ਦੀ ਸਰਲ ਵਿਆਖਿਆ ਭਾਗ(99)
ਸਿਰੀਰਾਗੁ ਮਹਲਾ 1 ਘਰੁ 4 ॥
ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥
ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥1॥
ਹੇ ਪ੍ਰਭੂ ਤੂੰ ਇਕ ਦਰਿਆ ਸਮਾਨ ਹੈਂ, ਮੈਂ ਤੇਰੇ ਵਿਚ ਰਹਿਣ ਵਾਲੀ ਇਕ ਨਿੱਕੀ ਜਿਹੀ ਮੱਛੀ ਹਾਂ। ਮੈਂ ਤੇਰਾ ਅਖੀਰਲਾ ਬੰਨਾ ਨਹੀਂ ਲੱਭ ਸਕਦੀ। ਮੇਰੀ ਹਾਲਤ ਤੂੰ ਹੀ ਜਾਣਦਾ ਹੈਂ, ਤੂੰ ਹੀ ਨਿਤ ਵੇਖਦਾ ਹੈਂ। ਮੈਂ ਮੱਛੀ, ਤੈਂ ਦਰਿਆ ਵਿਚ ਜਿਧਰ-ਜਿੱਧਰ ਵੇਖਦੀ ਹਾਂ, ਓਧਰ ਓਧਰ ਤੂੰ (ਦਰਿਆ) ਹੀ ਨਜ਼ਰ ਆਉਂਦਾ ਹੈਂ। ਜੇ ਮੈਂ, ਤੈਂ ਦਰਿਆ ਵਿਚੋਂ ਬਾਹਰ ਨਿਕਲ ਜਾਵਾਂ, ਤਾਂ ਓਸੇ ਵੇਲੇ ਤੜਫ ਮਰਦੀ ਹਾਂ, ਮੇਰਾ ਜੀਵਨ, ਤੇਰੇ ਆਸਰੇ ਹੀ ਹੈ।1
ਨ ਜਾਣਾ ਮੇਉ ਨ ਜਾਣਾ ਜਾਲੀ ॥ ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥1॥ ਰਹਾਉ ॥
ਹੇ ਦਰਿਆ-ਪ੍ਰਭੂ, ਮੈਨੂੰ ਨਾ ਤੈਥੋਂ ਵਿਛੋੜਨ ਵਾਲੇ ਮਾਛੀ ਦੀ ਸਮਝ ਹੈ, ਨਾ ਹੀ ਉਸ ਦੇ ਜਾਲ ਦੀ, ਉਨ੍ਹਾਂ ਤੋਂ ਬਚਣਾ ਮੇਰੇ ਵੱਸ ਦੀ ਗੱਲ ਨਹੀਂ। ਤੈਥੋਂ ਵਿਛੋੜਨ ਵਾਸਤੇ ਜਦੋਂ ਮੈਨੂੰ ਕੋਈ ਆਤਮਕ ਦੁੱਖ ਵਿਆਪਦਾ ਹੈ, ਤਾਂ ਮੈਂ ਤੈਨੂੰ ਹੀ ਯਾਦ ਕਰਦੀ ਹਾਂ।1।ਰਹਾਉ)
ਤੂ ਭਰਪੂਰਿ ਜਾਨਿਆ ਮੈ ਦੂਰਿ ॥ ਜੋ ਕਛੁ ਕਰੀ ਸੁ ਤੇਰੈ ਹਦੂਰਿ ॥
ਤੂ ਦੇਖਹਿ ਹਉ ਮੁਕਰਿ ਪਾਉ ॥ ਤੇਰੈ ਕੰਮਿ ਨ ਤੇਰੈ ਨਾਇ ॥2॥
ਹੇ ਪ੍ਰਭੂ ਤੂੰ ਇਸ ਜਗਤ ਵਿਚ ਹਰ ਥਾਂ ਮੌਜੂਦ ਹੈਂ, ਮੈਂ ਤੈਨੂੰ ਕਿਤੇ ਦੂਰ ਵਸਦਾ ਸਮਝਿਆ ਹੋਇਆ ਹੈ, ਅਸਲ ਗੱਲ ਇਹ ਹੈ ਕਿ, ਜੋ ਕੁਝ ਮੈਂ ਕਰਦਾ ਹਾਂ, ਉਹ ਤੇਰੀ ਹਜ਼ੂਰੀ ਵਿਚ ਹੀ ਕਰ ਰਿਹਾ ਹਾਂ, ਤੂੰ ਸਭ ਕੁਝ ਵੇਖਦਾ ਹੈਂ, ਫਿਰ ਵੀ ਮੈਂ ਆਪਣੇ ਕੀਤੇ ਕੰਮਾਂ ਤੋਂ ਮੁੱਕਰ ਜਾਂਦਾ ਹਾਂ। ਮੈਂ ਨਾ ਉਸ ਕੰਮ ਵਿਚ ਲਗਦਾ ਹਾਂ, ਜੋ ਤੈਨੂੰ ਪਰਵਾਨ ਹੋਵੇ, ਨਾ ਹੀ ਮੈਂ ਤੇਰੇ ਨਾਮ ਵਿਚ ਜੁੜਦਾ ਹਾਂ।2।
ਜੇਤਾ ਦੇਹਿ ਤੇਤਾ ਹਉ ਖਾਉ ॥ ਬਿਆ ਦਰੁ ਨਾਹੀ ਕੈ ਦਰਿ ਜਾਉ ॥
ਨਾਨਕੁ ਏਕ ਕਹੈ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੈ ਪਾਸਿ ॥3॥
ਜੇ ਪ੍ਰਭੂ, ਜੋ ਕੁਝ ਤੂੰ ਮੈਨੂੰ ਦੇਂਦਾ ਹੈਂ, ਮੈਂ ਉਹੀ ਖਾਂਦਾ ਹਾਂ, ਕੋਈ ਹੋਰ ਦਰਵਜ਼ਾ ਨਹੀਂ ਹੈ ਜਿੱਥੇ ਮੈਂ ਸਵਾਲੀ ਬਣ ਕੇ ਜਾਵਾਂ। ਨਾਨਕ ਸਿਰਫ ਇਹੀ ਬੇਨਤੀ ਕਰਦਾ ਹੈ ਕਿ ਇਹ ਜਿੰਦ, ਤੇਰੀ ਹੀ ਦਿੱਤੀ ਹੋਈ ਹੈ, ਇਹ ਸਰੀਰ ਤੇਰਾ ਹੀ ਦਿੱਤਾ ਹੋਇਆ ਹੈ, ਇਹ ਸਭ ਕੁਝ ਤੇਰੇ ਆਸਰੇ ਹੀ ਬਚ ਸਕਦਾ ਹੈ।3।
ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨੁੋ ॥
ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੁੋ ॥
ਜੋ ਤਿਸੁ ਭਾਵੈ ਨਾਨਕਾ ਹੁਕਮੁ ਸੋਈ ਪਰਵਾਨੁੋ ॥4॥31॥
ਪ੍ਰਭੂ ਜੀ ਆਪ ਹੀ, ਹਰੇਕ ਜੀਵ ਦੇ ਨੇੜੈ ਹੇ, ਆਪ ਹੀ ਦੂਰ ਵੀ ਹੈ, ਆਪ ਹੀ ਸਾਰੇ ਜਗਤ ਵਿਚ ਮੌਜੂਦ ਹੈ। ਪ੍ਰਭੂ ਆਪ ਹੀ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਆਪ ਹੀ ਹਰੇਕ ਦੀ ਅਰਜ਼ੋਈ ਸੁਣਦਾ ਹੈ, ਆਪ ਹੀ ਆਪਣੀ ਤਾਕਤ ਨਾਲ ਜਗਤ ਪੈਦਾ ਕਰਦਾ ਹੈ। ਸਾਰੇ ਕੰਮ ਆਪ ਹੀ ਕਰਦਾ ਹੈ, ਹੋਰ ਕੋਈ ਵੀ ਅਜਿਹਾ ਨਹੀਂ ਹੈ ਜੋ, ਉਸ ਦਾ ਕੰਮ ਕਰ ਸਕੇ। ਹੇ ਨਾਨਕ, ਜੋ ਹੁਕਮ ਉਸ ਨੂੰ ਚੰਗਾ ਲਗਦਾ ਹੈ, ਉਹੀ ਹਰੇਕ ਜੀਵ ਨੂੰ ਮੱਨਣਾ ਪੈਂਦਾ ਹੈ।4।31।
ਅਮਰ ਜੀਤ ਸਿੰਘ ਚੰਦੀ (ਚਲਦਾ)