ਗੁਰਬਾਣੀ ਦੀ ਸਰਲ ਵਿਆਖਿਆ ਭਾਗ(100)
ਸਿਰੀਰਾਗੁ ਮਹਲਾ 1 ਘਰੁ 4 ॥
ਕੀਤਾ ਕਹਾ ਕਰੇ ਮਨਿ ਮਾਨੁ ॥ ਦੇਵਣਹਾਰੇ ਕੈ ਹਥਿ ਦਾਨੁ ॥
ਭਾਵੈ ਦੇਇ ਨ ਦੇਈ ਸੋਇ ॥ ਕੀਤੇ ਕੈ ਕਹਿਐ ਕਿਆ ਹੋਇ ॥1॥
ਦੁਨੀਆ ਦੇ ਪਦਾਰਥਾਂ ਦੀ ਵੰਡ ਦੀ ਤਾਕਤ ਵੀ ਦਾਤਾਰ ਦੇ ਆਪਣੇ ਹੱਥ ਵਿਚ ਹੈ, ਪ੍ਰਭੂ ਦਾ ਪੈਦਾ ਕੀਤਾ ਹੋਇਆ ਜੀਵ, ਆਪਣੇ ਮਨ ਵਿਚ ਮਾਇਆ ਦਾ ਕੀ ਮਾਣ ਕਰ ਸਕਦਾ ਹੈ ? ਉਸ ਪ੍ਰਭੂ ਦੀ ਮਰਜ਼ੀ ਹੈ, ਧਨ-ਪਦਾਰਥ ਦੇਵੇ ਜਾਂ ਨਾ ਦੇਵੇ। ਪੈਦਾ ਕੀਤੇ ਜੀਵ ਦੇ ਆਖਿਆਂ ਕੁਝ ਨਹੀਂ ਬਣ ਸਕਦਾ।1।
ਆਪੇ ਸਚੁ ਭਾਵੈ ਤਿਸੁ ਸਚੁ ॥ ਅੰਧਾ ਕਚਾ ਕਚੁ ਨਿਕਚੁ ॥1॥ ਰਹਾਉ ॥
ਪਰਮਾਤਮਾ ਆਪ ਸਦਾ ਕਾਇਮ ਰਹਿਣ ਵਾਲਾ ਹੈ, ਉਸ ਨੂੰ ਆਪਣਾ ਸਦਾ ਕਾਇਮ ਰਹਿਣ ਵਾਲਾ ਨਾਮ, ਹੁਕਮ ਹੀ ਚੰਗਾ ਲਗਦਾ ਹੈ। ਪਰ ਗਿਆਨ ਹੀਣ ਜੀਵ, ਮਾਇਆ ਦੀ ਮਾਲਕੀ ਦੇ ਕਾਰਨ ਹੋਛਾ ਹੈ, ਸਦਾ ਹੋਛਾ ਹੀ ਟਿਕਿਆ ਰਹਿੰਦਾ ਹੈ, ਪ੍ਰਭੂ ਨੂੰ ਇਹ ਹੋਛਾ-ਪਨ, ਪਸੰਦ ਨਹੀਂ ਆ ਸਕਦਾ।1।ਰਹਾਉ।
ਜਾ ਕੇ ਰੁਖ ਬਿਰਖ ਆਰਾਉ ॥ ਜੇਹੀ ਧਾਤੁ ਤੇਹਾ ਤਿਨ ਨਾਉ ॥
ਫੁਲੁ ਭਾਉ ਫਲੁ ਲਿਖਿਆ ਪਾਇ ॥ ਆਪਿ ਬੀਜਿ ਆਪੇ ਹੀ ਖਾਇ ॥2॥
ਜਿਸ ਪਰਮਾਤਮਾ ਦੇ ਪੈਦਾ ਕੀਤੇ ਹੋਏ ਇਹ ਸਾਰੇ ਰੁੱਖ ਬਿਰਖ ਹਨ, ਉਹ ਹੀ ਇਨ੍ਹਾਂ ਨੂੰ ਸਜਾਉਂਦਾ ਹੈ। ਜਿਹੋ-ਜਿਹਾ ਰੁੱਖਾਂ ਦਾ ਅਸਲਾ ਹੈ, ਤਿਹੋ ਜਿਹਾ ਉਨ੍ਹਾਂ ਦਾ ਨਾਮ ਪੈ ਜਾਂਦਾ ਹੈ, ਉਹੋ ਜਿਹੇ ਹੀ ਉਨ੍ਹਾਂ ਨੂੰ ਫੁੱਲ ਅਤੇ ਫਲ ਲਗਦੇ ਹਨ। ਇਸੇ ਤਰ੍ਹਾਂ ਜਿਹੋ ਜਿਹੀ ਭਾਵਨਾ ਕਿਸੇ ਮਨੁੱਖ ਦੇ ਅੰਦਰ ਹੈ, ਉਸੇ ਅਨੁਸਾਰ ਉਸ ਦਾ ਜੀਵਨ ਬਣਦਾ ਹੈ। ਹਰੇਕ ਮਨੁੱਖ ਜੋ ਕੁਝ ਆਪ ਬੀਜਦਾ ਹੈ, ਆਪ ਹੀ ਖਾਂਦਾ ਹੈ, ਉਹ ਜਿਹੋ ਜਿਹੇ ਕਰਮ ਕਰਦਾ ਹੈ, ਵੈਸਾ ਹੀ ਉਸ ਦਾ ਜੀਵਨ ਬਣਦਾ ਹੈ।2।
ਕਚੀ ਕੰਧ ਕਚਾ ਵਿਚਿ ਰਾਜੁ ॥ ਮਤਿ ਅਲੂਣੀ ਫਿਕਾ ਸਾਦੁ ॥
ਨਾਨਕ ਆਣੇ ਆਵੈ ਰਾਸਿ ॥ ਵਿਣੁ ਨਾਵੈ ਨਾਹੀ ਸਾਬਾਸਿ ॥ 3॥32॥
ਜਿਸ ਮਨੁੱਖ ਦੇ ਅੰਦਰ ਗਿਆਨ-ਹੀਣ ਮਨ, ਜੀਵਨ ਉਸਾਰੀ ਕਰਨ ਵਾਲਾ ਰਾਜ-ਮਿਸਤ੍ਰੀ ਹੋਵੇ, ਉਸ ਦੇ ਜੀਵਨ ਦੀ ਕੰਧ ਵੀ ਕੱਚੀ ਹੀ ਬਣਦੀ ਹੈ। ਉਸ ਦੀ ਅਕਲ ਵੀ ਮੱਤ-ਹੀਣ ਅਤੇ ਉਸ ਦਾ ਜੀਵਨ ਵੀ ਬੇ-ਰਸਾ ਹੀ ਰਹਿੰਦਾ ਹੈ। ਪਰ ਜੀਵ ਦੇ ਕੀ ਵੱਸ ? ਹੇ ਨਾਨਕ, ਜੇ ਪ੍ਰਭੂ ਆਪ ਜੀਵ ਦੇ ਜੀਵਨ ਨੂੰ ਸੁਧਾਰੇ, ਤਾਂ ਹੀ ਸੁਧਰਦਾ ਹੈ। ਨਹੀਂ ਤਾਂ ਪ੍ਰਭੂ ਦੇ ਨਾਮ ਵਿਹੂਣੇ ਰਹਿ ਕੇ, ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ।3।32।
ਅਮਰ ਜੀਤ ਸਿੰਘ ਚੰਦੀ (ਚਲਦਾ)