ਗੁਰਬਾਣੀ ਦੀ ਸਰਲ ਵਿਆਖਿਆ ਭਾਗ(102)
ਸਿਰੀਰਾਗੁ ਮਹਲਾ 3 ਘਰੁ 1
ੴ ਸਤਿ ਗੁਰ ਪ੍ਰਸਾਦਿ ॥
ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ ॥
ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ ॥
ਮਨ ਚਿੰਦਿਆ ਵਰੁ ਪਾਵਣਾ ਜੋ ਇਛੈ ਸੋ ਫਲੁ ਪਾਇ ॥
ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਜਿ ਸਮਾਇ ॥1॥
ਪਰਮਾਤਮਾ ਇਕ ਤੇ ਕੇਵਲ ਇਕ ਹੈ। ਇਹ ਸਾਰਾ ਦਿਸਦਾ ਸੰਸਾਰ ਉਸ ਦਾ ਆਪਣਾ ਹੀ ਆਕਾਰ ਹੈ। ਉਹ ਸਦਾ ਕਾਇਮ ਰਹਿਣ ਵਾਲਾ ਹੈ। ਉਸ ਬਾਰੇ ਸੋਝੀ, ਸ਼ਬਦ-ਗੁਰੂ ਦੀ ਕਿਰਪਾ ਸਦਕੇ ਹੁੰਦੀ ਹੈ। ਮੈਂ ਇਕਾਗਰ ਮਨ ਹੋ ਕੇ, ਇਕ ਚਿੱਤ ਹੋ ਕੇ ਪ੍ਰੇਮ ਨਾਲ ਆਪਣੇ ਪਰਮਾਤਮਾ ਦੀ ਸਰਨ ਲੈਂਦਾ ਹਾਂ। ਪਰਮਾਤਮਾ ਹੀ, ਮਨ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਤੀਰਥ ਹੈ, ਪਰ ਇਹ ਸਮਝ ਉਸ ਮਨੁੱਖ ਨੂੰ ਆਉਂਦੀ ਹੈ, ਜਿਸ ਨੂੰ ਉਹ ਆਪ ਸੋਝੀ ਦੇਵੇ। ਪਰਮਾਤਮਾ ਕੋਲੋਂ, ਮਨ-ਭਾਉਂਦੀ ਮੰਗ ਮਿਲ ਜਾਂਦੀ ਹੈ, ਮਨੁੱਖ ਜੋ ਇੱਛਾ ਕਰਦਾ ਹੈ, ਉਹੀ ਫਲ ਹਾਸਲ ਕਰ ਲੈਂਦਾ ਹੈ। ਪਰ ਪਰਮਾਤਮਾ ਦੀ ਰਜ਼ਾ ਵਿਚ ਹੀ ਚੱਲਣਾ ਚਾਹੀਦਾ ਹੈ, ਪਰਮਾਤਮਾ ਦਾ ਨਾਮ ਹੀ ਮੰਗਣਾ ਚਾਹੀਦਾ ਹੈ। ਪਰਮਾਤਮਾ ਦੀ ਰਜ਼ਾ ਵਿਚ ਚੱਲਣ ਵਾਲਾ ਮਨੁੱਖ, ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ ।1।
ਮਨ ਮੇਰੇ ਹਰਿ ਰਸੁ ਚਾਖੁ ਤਿਖ ਜਾਇ ॥
ਜਿਨੀ ਗੁਰਮੁਖਿ ਚਾਖਿਆ ਸਹਜੇ ਰਹੇ ਸਮਾਇ ॥1॥ ਰਹਾਉ ॥
ਹੇ ਮੇਰੇ ਮਨ, ਪਰਮਾਤਮਾ ਦੀ ਰਜ਼ਾ ਵਿਚ ਚੱਲਣ ਦਾ ਸੁਆਦ ਵੇਖ, ਤੇਰੀ ਮਾਇਆ ਵਾਲੀ ਤ੍ਰਿਸ਼ਨਾ ਖਤਮ ਹੋ ਜਾਵੇਗੀ। ਜਿਨ੍ਹਾਂ ਬੰਦਿਆਂ ਨੇ ਸ਼ਬਦ ਗੁਰੂ ਦੀ ਓਟ ਲੈ ਕੇ, ਪਰਮਾਤਮਾ ਦੀ ਰਜ਼ਾ ਦਾ ਸਵਾਦ ਵੇਖਿਆ ਹੈ, ਉਹ ਹਮੇਸ਼ਾਂ ਸਹਿਜ ਵਿਚ ਟਿਕੇ ਰਹਿੰਦੇ ਹਨ। 1।ਰਹਾਉ।
ਜਿਨੀ ਸਤਿਗੁਰੁ ਸੇਵਿਆ ਤਿਨੀ ਪਾਇਆ ਨਾਮੁ ਨਿਧਾਨੁ ॥
ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ ॥
ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿਆਨੁ ॥
ਮਨੁ ਨਿਰਮਲੁ ਹਰਿ ਰਵਿ ਰਹਿਆ ਪਾਇਆ ਦਰਗਹਿ ਮਾਨੁ ॥2॥
ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦੀ ਸਰਨ ਲਈ ਹੈ, ਉਨ੍ਹਾਂ ਨੇ ਸਭ ਪਦਾਰਥਾਂ ਦਾ ਖਜ਼ਾਨਾ, ਪ੍ਰਭੂ ਦਾ ਨਾਮ ਪ੍ਰਾਪਤ ਕਰ ਲਿਆ ਹੈ। ਉਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਰਸ ਰਚ ਗਿਆ ਹੈ, ਉਨ੍ਹਾਂ ਦੇ ਹਿਰਦੇ ਵਿਚੋਂ ਅਹੰਕਾਰ ਦੂਰ ਹੋ ਗਿਆ ਹੈ। ਉਨ੍ਹਾਂ ਦੇ ਹਿਰਦੇ ਦਾ ਕੌਲ-ਫੁੱਲ ਖਿੜ ਗਿਆ ਹੈ, ਉਨ੍ਹਾਂ ਦੀ ਸੁਰਤ, ਆਤਮਕ ਅਡੋਲਤਾ ਵਿਚ ਲੱਗ ਗਈ ਹੈ। ਉਨ੍ਹਾਂ ਦਾ ਪਵਿੱਤ੍ਰ ਹੋ ਚੁੱਕਾ ਮਨ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਨ੍ਹਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ।2।
ਸਤਿਗੁਰੁ ਸੇਵਨਿ ਆਪਣਾ ਤੇ ਵਿਰਲੇ ਸੰਸਾਰਿ ॥
ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰ ਧਾਰਿ ॥
ਹਉ ਤਿਨ ਕੈ ਬਲਿਹਾਰਣੈ ਜਿਨਾ ਨਾਮੇ ਲਗਾ ਪਿਆਰੁ ॥
ਸੇਈ ਸੁਖੀਏ ਚਹੁ ਜੁਗੀ ਜਿਨਾ ਨਾਮੁ ਅਖੁਟੁ ਅਪਾਰੁ ॥3॥
ਪਰ ਦੁਨੀਆ ਵਿਚ ੳੇਹ ਬੰਦੇ ਬਹੁਤ ਵਿਰਲੇ ਹਨ, ਜਿਹੜੇ ਪਰਮਾਤਮਾ ਦੀ ਸਰਨ ਲੈਂਦੇ ਹਨ। ਜਿਹੜੇ ਹਉਮੈ ਨੂੰ, ਮਾਲਕੀ ਦੀ ਲਾਲਸਾ ਨੂੰ ਮਾਰ ਕੇ, ਆਪਣੇ ਹਿਰਦੇ ਵਿਚ ਹਰੀ ਨੂੰ ਟਿਕਾਂਦੇ ਹਨ। ਮੈਂ ਉਨ੍ਹਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਵਿਚ ਹੀ ਪ੍ਰੇਮ ਬਣਿਆ ਰਹਿੰਦਾ ਹੈ। ਉਹੀ ਬੰਦੇ ਸਦਾ ਸੁਖੀ ਰਹਿੰਦੇ ਹਨ, ਜਿਨ੍ਹਾਂ ਦੇ ਪਾਸ ਕਦੇ ਨਾ ਮੁੱਕਣ ਵਾਲਾ ਪ੍ਰਭੂ ਦੇ ਨਾਮ ਦਾ ਬੇਅੰਤ ਖਜ਼ਾਨਾ ਹੈ।3।
ਗੁਰ ਮਿਲਿਐ ਨਾਮੁ ਪਾਈਐ ਚੂਕੈ ਮੋਹ ਪਿਆਸ ॥
ਹਰਿ ਸੇਤੀ ਮਨੁ ਰਵਿ ਰਹਿਆ ਘਰ ਹੀ ਮਾਹਿ ਉਦਾਸੁ ॥
ਜਿਨਾ ਹਰਿ ਕਾ ਸਾਦੁ ਆਇਆ ਹਉ ਤਿਨ ਬਲਿਹਾਰੈ ਜਾਸੁ ॥
ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸੁ ॥4॥1॥34॥
ਜੇ ਸ਼ਬਦ ਗੁਰੂ ਮਿਲ ਪਵੇ ਤਾਂ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ, ਨਾਮ ਦੀ ਬਰਕਤ ਨਾਲ, ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ, ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ, ਮਨੁੱਖ ਦਾ ਮਨ ਪਰਮਾਤਮਾ ਦੀ ਯਾਦ ਨਾਲ ਇਕ-ਮਿਕ ਹੋਇਆ ਰਹਿੰਦਾ ਹੈ,
ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ, ਮਾਇਆ ਵਲੋਂ ਉਪਰਾਮ ਰਹਿੰਦਾ ਹੈ। ਮੈਂ ਉਨ੍ਹਾਂ ਬੰਦਿਆਂ ਤੋਂ ਵਾਰਨੇ ਜਾਂਦਾ ਹਾਂ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਸਵਾਦ ਆ ਗਿਆ ਹੈ। ਹੇ ਨਾਨਕ, ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਪ੍ਰਭੂ ਦਾ ਸਦਾ-ਥਿਰ ਰਹਿਣ ਵਾਲਾ ਤੇ ਸਾਰੇ ਗੁਣਾਂ ਦਾ ਖਜ਼ਾਨਾ, ਨਾਮ ਪ੍ਰਾਪਤ ਹੁੰਦਾ ਹੈ।4।1।34।
ਅਮਰ ਜੀਤ ਸਿੰਘ ਚੰਦੀ (ਚਲਦਾ)