ਗੁਰਬਾਣੀ ਦੀ ਸਰਲ ਵਿਆਖਿਆ ਭਾਗ(103)
ਸਿਰੀਰਾਗੁ ਮਹਲਾ 3 ॥
ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥
ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ ॥1॥
ਬਹੁਤੇ ਧਾਰਮਿਕ ਪਹਿਰਾਵੇ ਪਹਨ ਕੇ, ਦੂਜਿਆਂ ਨੂੰ ਠੱਗਣ ਲਈ, ਆਪਣੇ ਮਨ ਵਿਚ, ਹਿਰਦੇ ਵਿਚ ਖੋਟ ਕਮਾ ਕੇ, ਆਪ ਹੀ ਭਟਕਣਾ ਵਿਚ ਪੈ ਜਾਈਦਾ ਹੈ। ਜੇਹੜਾ ਮਨੁੱਖ, ਇਹ ਵਿਖਾਵਾ-ਠੱਗੀ ਕਰਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, ਸਗੋਂ ਉਹ ਆਤਮਕ ਮੌਤ ਸਹੇੜ ਕੇ, ਠੱਗੀ ਆਦਿਕ ਵਿਕਾਰਾਂ ਦੇ ਗੰਦ ਵਿਚ ਫਸਿਆ ਰਹਿੰਦਾ ਹੈ।1।
ਮਨ ਰੇ ਗ੍ਰਿਹ ਹੀ ਮਾਹਿ ਉਦਾਸੁ ॥
ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥1॥ ਰਹਾਉ ॥
ਹੇ ਮੇਰੇ ਮਨ, ਗ੍ਰਿਹਸਤ ਵਿਚ ਰਹਿੰਦਾ ਹੋਇਆ ਹੀ, ਮਾਇਆ ਦੇ ਮੋਹ ਵਲੋਂ ਨਿਰਲੇਪ ਰਹੁ। ਪਰ ਜਿਸ ਮਨੁੱਖ ਦੇ ਹਿਰਦੇ ਵਿਚ, ਗੁਰੂ ਦੀ ਸਰਨ ਪੈ ਕੇ ਸੋਝੀ ਪੈਦਾ ਹੁੰਦੀ ਹੈ, ਉਹ ਮਨੁੱਖ ਹੀ ਸਦਾ-ਥਿਰ, ਪ੍ਰਭੂ-ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਤੇ ਵਿਕਾਰਾਂ ਵਲੋਂ ਸੰਕੋਚ ਕਰਦਾ ਹੈ, ਇਸ ਵਾਸਤੇ ਹੇ ਮਨ, ਗੁਰੂ ਦੀ ਸਰਨ ਪੈ ਕੇ ਇਹ ਕਰਨ-ਜੋਗ ਕੰਮ, ਕਰਨ ਦੀ ਜਾਂਚ ਸਿਖ।1।ਰਹਾਉ।
ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥
ਹਰਿ ਕਾ ਨਾਮੁ ਧਿਆਈਐ ਸਤਸੰਗਤਿ ਮੇਲਿ ਮਿਲਾਇ ॥2॥
ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ, ਆਪਣੇ ਮਨ ਨੂੰ ਵੱਸ ਵਿਚ ਕਰ ਲਿਆ ਹੈ, ਉਹ ਗ੍ਰਿਹਸਤ ਵਿਚ ਰਹਿੰਦਿਆਂ ਹੀ, ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ। ਵਿਕਾਰਾਂ ਤੋਂ ਖਲਾਸੀ ਪਾ ਲੈਂਦਾ ਹੈ। ਇਸ ਕਰ ਕੇ ਹੇ ਮਨ, ਸਾਧ-ਸੰਗਤ ਦੇ ਇਕੱਠ ਵਿਚ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।2।
ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ ॥
ਬਿਨੁ ਸਤਿਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ ॥3॥
ਹੇ ਭਾਈ, ਜੇ ਤੂੰ ਕਾਮ-ਵਾਸਨਾ ਪੂਰੀ ਕਰਨ ਲਈ, ਲੱਖ ਇਸਤ੍ਰੀਆਂ ਵੀ ਭੋਗ ਲਵੇਂ, ਜੇ ਤੂੰ ਸਾਰੀ ਧਰਤੀ ਦਾ ਰਾਜ ਵੀ ਕਰ ਲਵੇਂ ਤਾਂ ਵੀ ਸ਼ਬਦ-ਗੁਰੂ ਦੀ ਸਰਨ ਤੋਂ ਬਿਨਾ, ਆਤਮਕ ਸੁਖ ਨਹੀਂ ਲੱਭ ਸਕੇਂਗਾ, ਸਗੋਂ ਮੁੜ-ਮੁੜ ਕੇ ਜੂਨਾਂ ਵਿਚ ਪੈਂਦਾ ਰਹੇਂਗਾ ।3।
ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ ॥
ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥4॥
ਜਿਨ੍ਹਾਂ ਮਨੁੱਖਾਂ ਨੇ, ਸ਼ਬਦ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ, ਪਰਮਾਤਮਾ ਦੇ ਨਾਮ ਸਿਮਰਨ ਦਾ ਹਾਰ ਆਪਣੇ ਗਲ ਵਿਚ ਪਾ ਲਿਆ ਹੈ, ਮਨ ਹਰ ਵੇਲੇ ਪ੍ਰਭੂ ਦੀ ਰਜ਼ਾ ਵਿਚ ਚਲਦਾ ਹੈ, ਕਰਾਮਾਤੀ ਤਾਕਤ ਉਨ੍ਹਾਂ ਦੇ ਪਿੱਛੇ-ਪਿਛੇ ਤੁਰੀ ਫਿਰਦੀ ਹੈ, ਪਰ ਉਨ੍ਹਾਂ ਨੂੰ ਉਸ ਦਾ ਰੱਤਾ ਭਰ ਵੀ ਲਾਲਚ ਨਹੀਂ ਹੁੰਦਾ।4।
ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ ॥
ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥5॥2॥35॥
ਪਰ ਅਸਾਂ ਜੀਵਾਂ ਦੇ ਵੱਸ ਵੀ ਕੀ ਹੈ ? ਹੇ ਪ੍ਰਭੂ, ਜੋ ਕੁਝ ਤੈਨੂੰ ਚੰਗਾ ਲਗਦਾ ਹੈ, ਉਹੀ ਹੁੰਦਾ ਹੈ, ਤੇਰੀ ਮਰਜ਼ੀ ਤੋਂ ਬਗੈਰ, ਹੋਰ ਕੁਝ ਕੀਤਾ ਹੀ ਨਹੀਂ ਜਾ ਸਕਦਾ। ਹੇ ਪਰਮਾਤਮਾ, ਮੈਨੂੰ ਆਪਣਾ ਨਾਮ, ਆਪਣੀ ਰਜ਼ਾ ਵਿਚ ਚੱਲਣ ਦੀ ਹਿੱਮਤ ਬਖਸ਼, ਤਾਂ ਜੋ ਆਤਮਕ ਅਡੋਲਤਾ ਵਿਚ ਟਿਕ ਕੇ, ਤੇਰੇ ਪਿਆਰ ਵਿਚ ਜੁੜ ਕੇ, ਤੇਰਾ ਦਾਸ ਨਾਨਕ, ਤੇਰਾ ਨਾਮ ਸਿਮਰ ਕੇ, ਆਤਮਕ ਜੀਵਨ ਪ੍ਰਾਪਤ ਕਰ ਸਕੇ ।5।2।35 ।
ਅਮਰ ਜੀਤ ਸਿੰਘ ਚੰਦੀ (ਚਲਦਾ)