ਗੁਰਬਾਣੀ ਦੀ ਸਰਲ ਵਿਆਖਿਆ ਭਾਗ(105)
ਸਿਰੀਰਾਗੁ ਮਹਲਾ 3 ॥
ਜਿਨੀ ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸੁ ॥
ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ ॥
ਸਬਦਿ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸੁ ॥
ਹਿਰਦੈ ਜਿਨ ਕੈ ਹਰਿ ਵਸੈ ਤਿਤੁ ਘਟਿ ਹੈ ਪਰਗਾਸੁ ॥1॥
ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਸੁਣ ਕੇ ਮੰਨ ਲਿਆ ਹੈ, ਭਾਵ, ਆਪਣੇ ਮਨ ਨੂੰ, ਉਸ ਨਾਮ ਸਿਮਰਨ ਵਿਚ ਗਿਝਾਅ ਲਿਆ ਹੈ, ਉਨ੍ਹਾਂ ਦਾ ਆਪਣੇ ਅੰਤਰ-ਆਤਮੇ ਨਿਵਾਸ ਬਣਿਆ ਰਹਿੰਦਾ ਹੈ, ਉਨ੍ਹਾਂ ਦਾ ਮਨ, ਬਾਹਰ ਭਟਕਣੋਂ ਹਟ ਜਾਂਦਾ ਹੈ। ਗੁਰੂ ਦੀ ਸਿਖਿਆ ਅਨੁਸਾਰ ਸਦਾ-ਥਿਰ ਪ੍ਰਭੂ ਦੀ ਸਿਫਤਿ ਸਾਲਾਹ ਕਰ ਕੇ ਉਹ, ਗੁਣਾਂ ਦੇ ਖਜ਼ਾਨੇ ਪ੍ਰਭੂ ਨੂੰ ਲੱਭ ਲੈਂਦੇ ਹਨ। ਜਿਹੜੇ ਬੰਦੇ ਗੁਰੂ ਦੇ ਸ਼ਬਦ ਦੇ ਰੰਗ ਵਿਚ ਰੰਗੇ ਜਾਂਦੇ ਹਨ, ਉਹ ਪਵਿੱਤ੍ਰ ਆਚਰਨ ਵਾਲੇ ਹੋ ਜਾਂਦੇ ਹਨ, ਮੈਂ ਉਨ੍ਹਾਂ ਤੋਂ ਸਦਾ ਸਦਕੇ ਜਾਂਦਾ ਹਾਂ। ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਨ੍ਹਾਂ ਦੇ ਹਿਰਦੇ ਵਿਚ ਚਾਨਣ ਹੋ ਜਾਂਦਾ ਹੈ, ਉਨ੍ਹਾਂ ਨੂੰ ਸਹੀ ਜੀਵਨ ਜੀਉਣ ਦੀ ਸੂਝ ਆ ਜਾਂਦੀ ਹੈ ।1।
ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ ॥
ਧੁਰਿ ਮਸਤਕਿ ਜਿਨ ਕਉ ਲਿਖਿਆ ਸੇ ਗੁਰਮੁਖਿ ਰਹੇ ਲਿਵ ਲਾਇ ॥1॥ ਰਹਾਉ ॥
ਹੇ ਮੇਰੇ ਮਨ, ਪਵਿੱਤ੍ਰ ਹਰਿ ਨਾਮ ਸਿਮਰ। ਧੁਰੋਂ ਪਰਮਾਤਮਾ ਦੀ ਹਜ਼ੂਰੀ ਵਿਚੋਂ ਜਿਨ੍ਹਾਂ ਬੰਦਿਆਂ ਨੂੰ ਆਪਣੇ ਮੱਥੇ ਤੇ ਸਿਮਰਨ ਦਾ ਲੇਖ, ਲਿਖਿਆ ਹੋਇਆ ਮਿਲ ਜਾਂਦਾ ਹੈ, ਉਹ ਗੁਰੂ ਦੀ ਸਰਨ ਪੈ ਕੇ, ਪਰਮਾਤਮਾ ਦੀ ਯਾਦ ਵਿਚ, ਸੁਰਤ ਜੋੜੀ ਰੱਖਦੇ ਹਨ।1।ਰਹਾਉ।
ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ ॥
ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥
ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ ॥
ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ ॥2॥
ਹੇ ਪ੍ਰਭੂ ਦੇ ਸੰਤ-ਜਨੋ, ਧਿਆਨ ਨਾਲ ਵੇਖੋ, ਪਰਮਾਤਮਾ ਹਰ ਥਾਂ ਵਿਆਪਕ, ਹਰੇਕ ਦੇ ਨੇੜੇ ਵੱਸਦਾ ਹੈ। ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਮੱਤ ਲੈ ਕੇ, ਉਸ ਨੂੰ ਭਰਪੂਰ ਵੱਸਦਾ ਪਛਾਣ ਲਿਆ ਹੈ, ਉਹ ਸਦਾ, ਉਸ ਨੂੰ ਆਪਣੇ ਅੰਗ-ਸੰਗ ਵੇਖਦੇ ਹਨ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਸਿਖਿਆ ਅਨੁਸਾਰ ਗੁਣ ਗ੍ਰਹਣ ਕਰ ਲਏ ਹਨ, ਪਰਮਾਤਮਾ ਉਨ੍ਹਾਂ ਦੇ ਮਨ ਵਿਚ ਸਦਾ ਵੱਸਦਾ ਹੈ, ਪਰ ਜਿਨ੍ਹਾਂ ਨੇ ਔਗਣ ਵਿਹਾਝੇ ਹੋਏ ਹਨ, ਉਨ੍ਹਾਂ ਨੂੰ ਕਿਤੇ ਦੂਰ ਵਸਦਾ ਜਾਪਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਗੁਣਾਂ ਤੋਂ ਸੱਖਣੇ ਰਹਿੰਦੇ ਹਨ, ਉਹ ਪ੍ਰਭੂ ਦੇ ਨਾਮ ਤੋਂ ਬਿਨਾ, ਮਾਇਆ ਦੇ ਝੋਰਿਆਂ ਵਿਚ ਝੁਰ ਝੁਰ ਕੇ, ਆਤਮਕ ਮੌਤ ਸਹੇੜ ਲੈਂਦੇ ਹਨ।2।
ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ ॥
ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ ॥
ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ ॥
ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ ॥3॥
ਜਿਨ੍ਹਾਂ ਮਨੁੱਖਾਂ ਨੇ ਸ਼ਬਦ-ਗੁਰੂ ਦੇ ਰਾਹੀਂ ਪ੍ਰਭੂ ਦਾ ਨਾਮ ਸੁਣ ਕੇ ਮੰਨ ਲਿਆ ਹੈ, ਮਨ ਵਿਚ ਸਦਾ ਹਰੀ ਨੂੰ ਸਿਮਰਿਆ ਹੈ। ਹਰ ਵੇਲੇ ਪ੍ਰਭੂ-ਭਗਤੀ ਵਿਚ ਰੰਗੇ ਹੋਏ ਬੰਦਿਆਂ ਦਾ ਮਨ ਪਵਿੱਤ੍ਰ ਹੋ ਜਾਂਦਾ ਹੈ, ਸਰੀਰ ਵੀ ਪਵਿੱਤ੍ਰ ਹੋ ਜਾਂਦਾ ਹੈ। ਕਸੁਂਭੇ ਦਾ ਰੰਗ ਛੇਤੀ ਲੱਥ ਜਾਣ ਵਾਲਾ ਹੈ, ਏਸੇ ਤਰ੍ਹਾਂ ਮਾਇਆ ਦਾ ਸਾਥ ਵੀ ਚਾਰ ਦਿਨਾਂ ਦਾ ਹੈ, ਉਹ ਸਾਥ ਟੁੱਟ ਜਾਂਦਾ ਹੈ, ਤੇ ਉਸ ਦੇ ਮੋਹ ਵਿਚ ਫਸਿਆ ਮਨੁੱਖ ਵਿਛੋੜੇ ਦੇ ਦੁੱਖ ਵੇਲੇ ਦੁਖੀ ਹੁੰਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਰੂਪ ਚਾਨਣ ਹੈ, ਉਹ ਸਦਾ ਅਡੋਲ-ਚਿੱਤ ਰਹਿੰਦਾ ਹੈ ।3।
ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ ॥
ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ ॥
ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ ॥
ਜਿਸੁ ਨਦਰਿ ਕਰੇ ਸੋ ਉਬਰੈ ਹਰਿ ਸੇਤੀ ਲਿਵ ਲਾਇ ॥4॥
ਇਹ ਕੀਮਤੀ, ਮਨੁੱਖਾ ਜਨਮ ਹਾਸਲ ਕਰ ਕੇ ਮੂਰਖ ਮਨੁੱਖ, ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਪਰ ਜਦੋਂ ਪੈਰ ਤਿਲਕ ਗਿਆ, ਜਦੋਂ ਸਰੀਰ ਢਹਿ ਪਿਆ, ਏਥੇ ਜਗਤ ਵਿਚ ਟਿਕਿਆ ਨਹੀਂ ਰਹਿ ਸਕੇਗਾ, ਨਾਮ ਤੋਂ ਸੱਖਣੇ ਰਹਿਣ ਕਰ ਕੇ ਅਗਾਂਹ ਦਰਗਾਹ ਵਿਚ ਵੀ ਥਾਂ ਨਹੀਂ ਮਿਲਦੀ। ਮੌਤ ਆਇਆਂ, ਸਿਮਰਨ ਦਾ ਸਮਾ ਮਿਲ ਨਹੀਂ ਸਕਦਾ, ਆਖਰ ਮੂਰਖ ਜੀਵ ਪਛਤਾਂਦਾ ਚਲੇ ਜਾਂਦਾ ਹੈ। ਜਿਸ ਮਨੁੱਖ ਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ ਕੇ, ਮਾਇਆ ਕਸੁੰਭੇ ਦੇ ਮੋਹ ਤੋਂ ਬਚ ਜਾਂਦਾ ਹੈ ।4।
ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥
ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥
ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ ॥
ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ ॥5॥4॥37॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਸਭ ਕੁਝ ਵਿਖਾਵੇ ਲਈ ਕਰਦਾ ਹੈ, ਉਸ ਨੂੰ ਸਹੀ ਜੀਵਨ ਜੀਊਣ ਦੀ ਸਮਝ ਨਹੀਂ ਆਉਂਦੀ। ਪਰ ਗੁਰੂ ਦੇ ਸਨਮੁੱਖ ਹੋ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿੱਤ੍ਰ ਹੋ ਜਾਂਦਾ ਹੈ, ਉਨ੍ਹਾਂ ਦੀ ਘਾਲ-ਕਮਾਈ, ਪ੍ਰਭੂ ਦੇ ਦਰ ਤੇ ਕਬੂਲ ਹੋ ਜਾਂਦੀ ਹੈ, ਉਹ ਮਨੁੱਖ ਹਰੀ ਦੇ ਗੁਣ ਪੜ੍ਹ ਕੇ, ਗਾ ਕੇ, ਹਰੀ ਦੇ ਚਰਨਾਂ ਵਿਚ ਲੀਨ ਹੋ ਜਾਂਦੇ ਹਨ। ਹੇ ਨਾਨਕ, ਜੇਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖਦੇ ਹਨ, ਸਦਾ-ਥਿਰ ਪ੍ਰਭੂ ਦੀ ਸਿਫਤ-ਸਾਲਾਹ, ਪਰਮਾਤਮਾ ਦਾ ਸਿਮਰਨ ਹੀ ਉਨ੍ਹਾਂ ਲਈ ਸੱਚੀ ਬਾਣੀ ਹੈ ।5।4।37।
ਅਮਰ ਜੀਤ ਸਿੰਘ ਚੰਦੀ (ਚਲਦਾ)