ਗੁਰਬਾਣੀ ਦੀ ਸਰਲ ਵਿਆਖਿਆ ਭਾਗ(109)
ਸ੍ਰੀਰਾਗੁ ਮਹਲਾ 3 ॥
ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ ॥
ਸਬਦੁ ਨ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ ॥
ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ ॥1॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਉਸ ਦੇ ਅੰਦਰ ਨਾ ਪਰਮਾਤਮਾ ਦੀ ਲਗਨ ਪੈਦਾ ਹੁੰਦੀ ਹੈ ਨਾ ਮਾਇਆ ਵਲੋਂ ਉਪਰਾਮਤਾ। ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਵਿਚਾਰਦਾ, ਇਸ ਕਰ ਕੇ ਉਸ ਨੂੰ ਸਦਾ ਦੁੱਖ ਘੇਰੀ ਰੱਖਦਾ ਹੈ, ਪਰਮਾਤਮਾ ਦੀ ਦਰਗਾਹ ਵਿਚ ਵੀ ਉਹ ਆਪਣੀ ਇੱਜ਼ਤ ਗਵਾ ਲੈਂਦਾ ਹੈ। ਪਰ ਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਹਉਮੈ ਦੂਰ ਹੋ ਜਾਂਦੀ ਹੈ, ਨਾਮ ਵਿਚ ਰੰਗੇ ਜਾਈਦਾ ਹੈ, ਤੇ ਸੁਖ ਪ੍ਰਾਪਤ ਹੁੰਦਾ ਹੈ ।1।
ਮੇਰੇ ਮਨ ਅਹਿਨਿਸਿ ਪੂਰਿ ਰਹੀ ਨਿਤ ਆਸਾ ॥
ਸਤਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ ॥1॥ ਰਹਾਉ ॥
ਹੇ ਮੇਰੇ ਮਨ, ਤੇਰੇ ਅੰਦਰ ਤਾਂ ਦਿਨ-ਰਾਤ ਸਦਾ ਮਾਇਆ ਦੀ ਆਸ ਭਰੀ ਰਹਿੰਦੀ ਹੈ। ਜੇ ਮਨ, ਗੁਰੂ ਦੇ ਦੱਸੇ ਅਨੁਸਾਰ ਕਰਤਾਰ ਦੀ ਸੇਵਾ ਕਰੇ, ਤਦ ਹੀ ਮਾਇਆ ਦਾ ਮੋਹ ਚੰਗੀ ਤਰ੍ਹਾਂ ਸੜ ਸਕਦਾ ਹੈ, ਤਦੋਂ ਹੀ ਗ੍ਰਿਹਸਤ ਵਿਚ ਰਹਿੰਦਿਆਂ ਹੀ, ਮਾਇਆ ਤੋਂ ਉਪਰਾਮ ਹੋ ਸਕੀਦਾ ਹੈ।1।ਰਹਾਉ।
ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿ ਬੈਰਾਗੁ ਅਨੰਦੁ ॥
ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਹਉਮੈ ਮਾਰਿ ਨਿਚੰਦੁ ॥
ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ ॥2॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ, ਗੁਰੂ ਦੇ ਦੱਸੇ ਕਰਮ ਕਰਦਾ ਹੈ ਤੇ ਅੰਦਰੋਂ ਖਿੜਿਆ ਰਹਿੰਦਾ ਹੈ, ਕਿਉਂ ਜੋ ਉਸ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਹੈ ਤੇ ਆਤਮਕ ਸੁਖ ਹੈ। ਉਹ ਦਿਨ-ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਹੈ, ਆਪਣੇ ਅੰਦਰੋਂ ਹਉਮੈ ਦੂਰ ਕਰ ਕੇ, ਉਹ ਬੇਫਿਕਰ ਰਹਿੰਦਾ ਹੈ। ਵੱਡੀ ਕਿਸਮਤ ਨਾਲ ਉਸ ਨੂੰ ਸਾਧ-ਸੰਗਤ ਪ੍ਰਾਪਤ ਹੋ ਜਾਂਦੀ ਹੈ, ਜਿੱਥੇ ਉਸ ਨੂੰ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ, ਤੇ ਉਹ ਆਤਮਕ ਅਡੋਲਤਾ ਵਿਚ ਟਿਕਿਆ ਹੋਇਆ ਸੁਖ ਮਾਣਦਾ ਹੈ।2।
ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ ॥
ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਏ ॥
ਨਾਮੁ ਨਿਧਾਨੁ ਸਤਗੁਰੂ ਦਿਖਾਲਿਆ ਹਰਿ ਰਸੁ ਪੀਆ ਅਘਾਏ ॥3॥
ਉਹ ਮਨੁੱਖ ਅਸਲ ਸਾਧੂ ਹੈ, ਉਹੀ ਬੈਰਾਗੀ ਹੈ, ਜਿਹੜਾ ਆਪਣੇ ਹਿਰਦੇ ਵਿਚ ਪ੍ਰਭੂ ਦਾ ਨਾਮ ਵਸਾਂਦਾ ਹੈ। ਉਸ ਦੇ ਅੰਦਰ ਵਿਕਾਰਾਂ ਦੀ ਕਾਲਖ ਕਦੇ ਵੀ ਅਸਰ ਨਹੀਂ ਕਰਦੀ, ਉਹ ਆਪਣੇ ਅੰਦਰੋਂ, ਆਪਾ-ਭਾਵ ਗਵਾਈ ਰੱਖਦਾ ਹੈ। ਸੱਚੇ ਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ-ਖਜ਼ਾਨਾ ਉਸ ਦੇ ਅੰਦਰ ਹੀ ਵਿਖਾ ਦਿੱਤਾ ਹੁੰਦਾ ਹੈ, ਤੇ ਉਹ ਨਾਮ-ਰਸ ਰੱਜ ਰੱਜ ਕੇ ਪੀਂਦਾ ਹੈ।3।
ਜਿਨਿ ਕਿਨੈ ਪਾਇਆ ਸਾਧਸੰਗਤੀ ਪੂਰੈ ਭਾਗਿ ਬੈਰਾਗਿ ॥
ਮਨਮੁਖ ਫਿਰਹਿ ਨ ਜਾਣਹਿ ਸਤਗੁਰੁ ਹਉਮੈ ਅੰਦਰਿ ਲਾਗਿ ॥
ਨਾਨਕ ਸਬਦਿ ਰਤੇ ਹਰਿ ਨਾਮਿ ਰੰਗਾਏ ਬਿਨੁ ਭੈ ਕੇਹੀ ਲਾਗਿ ॥4॥8॥41॥
ਪਰਮਾਤਮਾ ਨੂੰ ਜਿਸ ਕਿਸੇ ਨੇ ਲੱਭਾ ਹੈ, ਸਾਧ-ਸੰਗਤ ਵਿਚ ਹੀ ਵੱਡੀ ਕਿਮਤ ਨਾਲ ਪ੍ਰਭੂ-ਪ੍ਰੇਮ ਵਿਚ ਜੁੜ ਕੇ ਲੱਭਾ ਹੈ। ਪਰ ਆਪਣੇ ਮਨ ਦੇ ਪਿੱਛ ਤੁਰਨ ਵਾਲੇ ਬੰਦੇ ਬਾਹਰ ਜੰਗਲਾਂ ਆਦਿ ਵਿਚ ਤੁਰੇ ਫਿਰਦੇ ਹਨ,
ਉਹ ਪਰਮਾਤਮਾ ਦੀ ਵਡਿਆਈ ਨੂੰ ਨਹੀਂ ਸਮਝਦੇ, ਉਨ੍ਹਾਂ ਦੇ ਅੰਦਰ ਹਉਮੈ ਦੀ ਮੈਲ ਲੱਗੀ ਰਹਿੰਦੀ ਹੈ। ਹੇ ਨਾਨਕ, ਜਿਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਗਏ ਹਨ ਉਹ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਪਰ ਪਾਹ ਤੋਂ ਬਿਨਾ ਪੱਕਾ ਰੰਗ ਨਹੀਂ ਚੜ੍ਹਦਾ, ਤੇ ਨਾਮ-ਰੰਗ ਵਿਚ ਰੰਗੇ ਜਾਣ ਵਾਸਤੇ ਪ੍ਰਭੂ ਦੇ ਡਰ ਅਦਬ ਤੋਂ ਬਿਨਾ ਪਾਹ ਨਹੀਂ ਮਿਲ ਸਕਦੀ।4।8।41।
ਅਮਰ ਜੀਤ ਸਿੰਘ ਚੰਦੀ (ਚਲਦਾ)