ਗੁਰਬਾਣੀ ਦੀ ਸਰਲ ਵਿਆਖਿਆ ਭਾਗ(112)
ਸਿਰੀਰਾਗੁ ਮਹਲਾ 3 ॥
ਤ੍ਰੈ ਗੁਣ ਮਾਇਆ ਮੋਹੁ ਹੈ ਗੁਰਮੁਖਿ ਚਉਥਾ ਪਦੁ ਪਾਇ ॥
ਕਰਿ ਕਿਰਪਾ ਮੇਲਾਇਅਨੁ ਹਰਿ ਨਾਮੁ ਵਸਿਆ ਮਨਿ ਆਇ ॥
ਪੋਤੈ ਜਿਨ ਕੈ ਪੁੰਨੁ ਹੈ ਤਿਨ ਸਤਸੰਗਤਿ ਮੇਲਾਇ ॥1॥
ਜਗਤ ਵਿਚ ਤ੍ਰਿਗੁਣੀ ਮਾਇਆ ਦਾ ਮੋਹ ਪਸਰ ਰਿਹਾ ਹੈ, ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਉਸ ਆਤਮਕ ਦਰਜੇ ਨੂੰ ਹਾਸਲ ਕਰ ਲੈਂਦਾ ਹੈ, ਜਿੱਥੇ ਮਾਇਆ ਦੇ ਤਿੰਨ ਗੁਣਾਂ ਦਾ ਜੋਰ ਨਹੀਂ ਪੈ ਸਕਦਾ। ਪਰਮਾਤਮਾ ਨੇ ਮਿਹਰ ਕਰ ਕੇ ਜਿਨ੍ਹਾਂ ਮਨੁਖਾਂ ਨੂੰ ਆਪਣੇ ਚਰਨਾਂ ਨਾਲ ਮਿਲਾਇਆ ਹੈ, ਉਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ। ਜਿਨ੍ਹਾਂ ਦੇ ਭਾਗਾਂ ਵਿਚ ਨੇਕੀ ਹੈ, ਪਰਮਾਤਮਾ ਉਨ੍ਹਾਂ ਨੂੰ ਸਤਸੰਗਤ ਵਿਚ ਮਿਲਾਉਂਦਾ ਹੈ ।1।
ਭਾਈ ਰੇ ਗੁਰਮਤਿ ਸਾਚਿ ਰਹਾਉ ॥
ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ ॥1॥ ਰਹਾਉ ॥
ਹੇ ਭਾਈ, ਗੁਰੂ ਦੀ ਮੱਤ ਲੈ ਕੇ ਸਦਾ-ਥਿਰ ਪ੍ਰਭੂ ਵਿਚ ਟਿਕੇ ਰਹੋ। ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਹੀ ਕਮਾਈ ਕਰੋ, ਸਦਾ-ਥਿਰ ਪਰਮਾਤਮਾ ਦੀ ਸਿਫਤ-ਸਾਲਾਹ ਵਿਚ ਜੁੜੇ ਰਹੋ ।1।ਰਹਾਉ।
ਜਿਨੀ ਨਾਮੁ ਪਛਾਣਿਆ ਤਿਨ ਵਿਟਹੁ ਬਲਿ ਜਾਉ ॥
ਆਪੁ ਛੋਡਿ ਚਰਣੀ ਲਗਾ ਚਲਾ ਤਿਨ ਕੈ ਭਾਇ ॥
ਲਾਹਾ ਹਰਿ ਹਰਿ ਨਾਮੁ ਮਿਲੈ ਸਹਜੇ ਨਾਮਿ ਸਮਾਇ ॥2॥
ਮੈਂ ਉਨ੍ਹਾਂ ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਕਦਰ ਸਮਝੀ ਹੈ। ਆਪਾ-ਭਾਵ ਤਿਆਗ ਕੇ ਮੈਂ ਉਨ੍ਹਾਂ ਦੀ ਚਰਨੀਂ ਲੱਗਦਾ ਹਾਂ, ਮੈਂ ਉਨ੍ਹਾਂ ਦੇ ਅਨੁਸਾਰੀ ਹੋ ਕੇ ਤੁਰਦਾ ਹਾਂ। ਜਿਹੜਾ ਮਨੁੱਖ, ਨਾਮ ਜਪਣ ਵਾਲਿਆਂ ਦੀ ਸਰਨ ਲੈਂਦਾ ਹੈ, ਉਹ ਆਤਮਕ ਅਡੋਲਤਾ ਦੀ ਰਾਹੀਂ, ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ, ਉਸ ਨੂੰ ਪ੍ਰਭੂ ਦਾ ਨਾਮ-ਰੂਪੀ ਲਾਭ ਹਾਸਲ ਹੋ ਜਾਂਦਾ ਹੈ ।2।
ਬਿਨੁ ਗੁਰ ਮਹਲੁ ਨ ਪਾਈਐ ਨਾਮੁ ਨ ਪਰਾਪਤਿ ਹੋਇ ॥
ਐਸਾ ਸਤਗੁਰੁ ਲੋੜਿ ਲਹੁ ਜਿਦੂ ਪਾਈਐ ਸਚੁ ਸੋਇ ॥
ਅਸੁਰ ਸੰਘਾਰੈ ਸੁਖਿ ਵਸੈ ਜੋ ਤਿਸੁ ਭਾਵੈ ਸੁ ਹੋਇ ॥3॥
ਗੁਰੂ ਦੀ ਸਰਨ ਤੋਂ ਬਿਨਾ, ਪਰਮਾਤਮਾ ਦਾ ਦਰ ਨਹੀਂ ਲੱਭਦਾ, ਪ੍ਰਭੂ ਦਾ ਨਾਮ ਨਹੀਂ ਮਿਲਦਾ। ਹੇ ਭਾਈ ਤੂੰ ਵੀ ਅਜਿਹਾ ਗੁਰੂ ਲੱਭ ਲੈ, ਜਿਸ ਪਾਸੋਂ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪਵੇ। ਜਿਹੜਾ ਮਨੁੱਖ, ਗੁਰੂ ਦੀ ਰਾਹੀਂ ਪਰਮਾਤਮਾ ਨੂੰ ਲੱਭ ਲੈਂਦਾ ਹੈ, ਉਹ ਕਾਮਾਦਿਕ ਦੈਂਤਾਂ ਨੂੰ ਮਾਰ ਲੈਂਦਾ ਹੈ, ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ, ਉਸ ਨੂੰ ਨਿਸਚਾ ਹੋ ਜਾਂਦਾ ਹੈ ਕਿ ਜੋ ਕੁਛ ਪਰਮਾਤਮਾ ਨੂੰ ਚੰਗਾ ਲਗਦਾ ਹੈ, ਉਹੀ ਹੁੰਦਾ ਹੈ ।3।
ਜੇਹਾ ਸਤਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ ॥
ਏਹੁ ਸਹਸਾ ਮੂਲੇ ਨਾਹੀ ਭਾਉ ਲਾਏ ਜਨੁ ਕੋਇ ॥
ਨਾਨਕ ਏਕ ਜੋਤਿ ਦੁਇ ਮੂਰਤੀ ਸਬਦਿ ਮਿਲਾਵਾ ਹੋਇ ॥4॥11॥44॥
ਕੋਈ ਵੀ ਮਨੁੱਖ, ਗੁਰੂ-ਚਰਨਾਂ ਵਿਚ ਸ਼ਰਧਾ ਬਣਾ ਕੇ ਵੇਖ ਲਵੇ, ਪਰਮਾਤਮਾ ਨੂੰ ਜਿਹੋ ਜਿਹਾ ਕਿਸੇ ਨੇ ਸਮਝਿਆ ਹੈ, ਉਸ ਨੂੰ ਉਹੋ ਜਿਹਾ ਆਤਮਕ ਆਨੰਦ ਪ੍ਰਾਪਤ ਹੋਇਆ ਹੈ। ਜਿਸ ਵਿਚ ਰਤਾ ਭਰ ਵੀ ਸ਼ੱਕ ਨਹੀਂ ਹੈ।
ਹੇ ਨਾਨਕ, ਜਿਸ ਸਿੱਖ ਦਾ ਪਰਮਾਤਮਾ ਨਾਲ, ਗੁਰੂ ਦੇ ਸ਼ਬਦ ਰਾਹੀਂ ਮਿਲਾਪ ਹੋ ਜਾਂਦਾ ਹੈ, ਉਸ ਸਿੱਖ ਅਤੇ ਪਰਮਾਤਮਾ ਦੀ ਜੋਤ, ਇਕੋ ਹੋ ਜਾਂਦੀ ਹੈ, ਸਰੀਰ ਭਾਵੇਂ ਦੋ ਹੀ ਹੋਣ। (ਇਹ ਸਿੱਖ ਦੇ ਜਿਊਂਦੇ ਹੋਣ ਦੀ ਅਵਸਥਾ ਵਿਚ ਹੈ, ਇਸ ਅਵਸਥਾ ਵਿਚ ਹੀ ਗੁਰੂ ਅਤੇ ਭਗਤ ਹੋਏ ਹਨ।)।4।11।44।
ਅਮਰ ਜੀਤ ਸਿੰਘ ਚੰਦੀ (ਚਲਦਾ)