ਗੁਰਬਾਣੀ ਦੀ ਸਰਲ ਵਿਆਖਿਆ ਭਾਗ(115)
ਸਿਰੀਰਾਗੁ ਮਹਲਾ 3 ॥
ਜਾ ਪਿਰੁ ਜਾਣੈ ਆਪਣਾ ਤਨੁ ਮਨੁ ਅਗੈ ਧਰੇਇ ॥
ਸੋਹਾਗਣੀ ਕਰਮ ਕਮਾਵਦੀਆ ਸੇਈ ਕਰਮ ਕਰੇਇ ॥
ਸਹਜੇ ਸਾਚਿ ਮਿਲਾਵੜਾ ਸਾਚੁ ਵਡਾਈ ਦੇਇ ॥1॥
ਜਦੋਂ ਕੋਈ ਜੀਵ ਇਸਤ੍ਰੀ, ਪ੍ਰਭੂ-ਪਤੀ ਨੂੰ ਆਪਣਾ ਸਮਝ ਲੈਂਦੀ ਹੈ, ਪ੍ਰਭੂ-ਪਤੀ ਨਾਲ ਯਾਦ ਰਾਹੀਂ ਡੂੰਘੀ ਸਾਂਝ ਪਾ ਲੈਂਦੀ ਹੈ,ਤਾਂ ਉਹ ਆਪਣਾ ਮਨ, ਉਸ ਦੇ ਹਵਾਲੇ ਕਰ ਦੇਂਦੀ ਹੈ, ਆਪਣੇ ਮਨ ਦੈ ਪਿੱਛੇ ਤੁਰਨਾ ਛੱਡ ਦੇਂਦੀ ਹੈ, ਆਪਣਾ ਸਰੀਰ ਵੀ ਹਵਾਲੇ ਕਰ ਦੇਂਦੀ ਹੈ, ਗਿਆਨ ਇੰਦਰੇ ਮਾਇਆ ਵਲੋਂ ਹਟ ਜਾਂਦੇ ਹਨ। ਉਹ ਜੀਵ ਇਸਤ੍ਰੀ ਉਹੀ ਉੱਦਮ ਕਰਦੀ ਹੈ, ਜੋ ਸੁਹਾਗਣਾਂ ਕਰਦੀਆਂ ਹਨ। ਇਸ ਤਰ੍ਹਾਂ ਆਤਮਕ ਅਡੋਲਤਾ ਵਿਚ ਟਿਕਣ ਕਰਕੇ ਸਦਾ-ਥਿਰ ਪ੍ਰਭੂ ਨਾਲ ਉਸ ਦਾ ਮਿਲਾਪ ਹੋ ਜਾਂਦਾ ਹੈ, ਸਦਾ-ਥਿਰ ਪਰਮਾਤਮਾ, ਉਸ ਨੂੰ ਆਪਣੇ ਦਰ ਤੇ ਇੱਜ਼ਤ ਦੇਂਦਾ ਹੈ ।1।
ਭਾਈ ਰੇ ਗੁਰ ਬਿਨੁ ਭਗਤਿ ਨ ਹੋਇ ॥
ਬਿਨੁ ਗੁਰ ਭਗਤਿ ਨ ਪਾਈਐ ਜੇ ਲੋਚੈ ਸਭੁ ਕੋਇ ॥1॥ ਰਹਾਉ ॥
ਹੇ ਭਾਈ, ਗੁਰੂ ਦੀ ਸਰਨ ਪੈਣ ਤੋਂ ਬਿਨਾ, ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ। ਜੇ ਹਰੇਕ ਜੀਵ ਵੀ ਪਰਮਾਤਮਾ ਦੀ ਭਗਤੀ ਵਾਸਤੇ ਤਾਙ ਕਰੇ, ਤਾਂ ਵੀ ਗੁਰੂ ਦੀ ਸਰਨ ਤੋਂ ਬਿਨਾ, ਭਗਤੀ ਦੀ ਦਾਤ ਨਹੀਂ ਮਿਲ ਸਕਦੀ ।1।ਰਹਾਉ।
ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੈ ਭਾਇ ॥
ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ ॥
ਬਿਨੁ ਸਬਦੈ ਪਿਰੁ ਨ ਪਾਈਐ ਬਿਰਥਾ ਜਨਮੁ ਗਵਾਇ ॥2॥
ਪਰ ਜਿਹੜੀ ਜੀਵ-ਇਸਤ੍ਰੀ, ਮਾਇਆ ਦੇ ਪਿਆਰ ਵਿਚ ਰਹਿੰਦੀ ਹੈ, ਉਸ ਨੂੰ ਚੌਰਾਸੀ ਲੱਖ (ਅਣ-ਗਿਣਤ) ਜੂਨਾਂ ਦਾ ਗੇੜਭੁਗਤਣਾ ਪੈਂਦਾ ਹੈ। ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ ਆਤਮਕ ਸ਼ਾਂਤੀ ਨਸੀਬ ਨਹੀਂ ਹੁੰਦੀ, ਉਸ ਦੀ ਜ਼ਿੰਦਗੀ ਦੀ ਰਾਤ ਦੁਖਾਂ ਵਿਚ ਲੰਘਦੀ ਹੈ। ਗੁਰੂ ਦੇ ਸ਼ਬਦ ਤੋਂ ਬਿਨਾ ਪ੍ਰਭੂ ਪਤੀ ਨਹੀਂ ਮਿਲਦਾ, ਜਿਹੜਾ ਮਨੁੱਖ ਗੁਰੂ ਦੇ ਸ਼ਬਦ ਤੋਂ ਸੱਖਣਾ ਰਹਿੰਦਾ ਹੈ, ਉਹ ਆਪਣਾ ਮਨੁੱਖਾ ਜਨਮ ਬੇਕਾਰ ਕਰ ਲੈਂਦਾ ਹੈ।2।
ਹਉ ਹਉ ਕਰਤੀ ਜਗੁ ਫਿਰੀ ਨਾ ਧਨੁ ਸੰਪੈ ਨਾਲਿ ॥
ਅੰਧੀ ਨਾਮੁ ਨ ਚੇਤਈ ਸਭ ਬਾਧੀ ਜਮਕਾਲਿ ॥
ਸਤਗੁਰਿ ਮਿਲਿਐ ਧਨੁ ਪਾਇਆ ਹਰਿ ਨਾਮਾ ਰਿਦੈ ਸਮਾਲਿ ॥3॥
ਲੁਕਾਈ, ਆਮ ਕਰ ਕੇ ਮਮਤਾ-ਜਾਲ ਵਿਚ ਫਸੀ ਹੋਈ ਹੈ, ਸਾਰੀ ਦੁਨੀਆਂ, ਮਾਇਆ ਭਾਲਦੀ ਫਿਰਦੀ ਹੈ, ਪਰ ਇਕੱਠਾ ਕੀਤਾ ਮਾਲ-ਧਨ ਕਿਸੇ ਦੇ ਨਾਲ ਨਹੀਂ ਜਾਂਦਾ, ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਦੁਨੀਆ ਪਰਮਾਤਮਾ ਦਾ ਨਾਮ ਨਹੀਂ ਸਿਮਰਦੀ, ਸਿਮਰਨ-ਹੀਨ ਲੁਕਾਈ ਨੂੰ ਆਤਮਕ ਮੌਤ ਨੇ ਆਪਣੇ ਬੰਧਨਾਂ ਵਿਚ ਬੰਨ੍ਹਿਆ ਹੁੰਦਾ ਹੈ। ਜੇ ਗੁਰੂ ਮਿਲ ਪਵੇ ਤਾਂ, ਹਰੀ-ਨਾਮ ਧਨਪ੍ਰਾਪਤ ਹੋ ਜਾਂਦਾ ਹੈ, ਗੁਰੂ ਦੀ ਸਰਨ ਪੈ ਕੇ ਜੀਵ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸਾਂਭੀ ਰੱਖਦਾ ਹੈ ।3।
ਨਾਮਿ ਰਤੇ ਸੇ ਨਿਰਮਲੇ ਗੁਰ ਕੈ ਸਹਜਿ ਸੁਭਾਇ ॥
ਮਨੁ ਤਨੁ ਰਾਤਾ ਰੰਗ ਸਿਉ ਰਸਨਾ ਰਸਨ ਰਸਾਇ ॥
ਨਾਨਕ ਰੰਗੁ ਨ ਉਤਰੈ ਜੋ ਹਰਿ ਧੁਰਿ ਛੋਡਿਆ ਲਾਇ ॥ 4॥14॥47॥
ਗੁਰੂ ਦੇ ਸ਼ਬਦ ਦੀ ਬਰਕਤ ਨਾਲ ਜੇਹੜੇ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ ਪਵਿੱਤ੍ਰ ਜੀਵਨ ਵਾਲੇ ਹੋ ਜਾਂਦੇ ਹਨ। ਉਹ ਆਤਮਕ-ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਪ੍ਰਭੂ-ਪ੍ਰੇਮ ਨਾਲ ਜੁੜੇ ਰਹਿੰਦੇ ਹਨ। ਉਨ੍ਹਾਂ ਦਾ ਮਨ, ਉਨ੍ਹਾਂ ਦਾ ਸਰੀਰ, ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗਿਆ ਜਾਂਦਾ ਹੈ, ਉਨ੍ਹਾਂ ਦੀ ਰਸਨਾ, ਨਾਮ-ਰਸ ਨਾਲ ਰਸੀਲੀ ਹੋਈ ਰਹਿੰਦੀ ਹੈ। ਹੇ ਨਾਨਕ, ਜਿਨ੍ਹਾਂ ਨੂੰ ਪਰਮਾਤਮਾ ਧੁਰੋਂ ਆਪਣੀ ਰਜ਼ਾ ਵਿਚ ਨਾਮ-ਰੰਗ ਚਾੜ੍ਹ ਦੇਂਦਾ ਹੈ, ਉਨ੍ਹਾਂ ਦਾ ਉਹ ਰੰਗ ਕਦੇ ਉਤਰਦਾ ਨਹੀਂ ।4।14।47।
ਅਮਰ ਜੀਤ ਸਿੰਘ ਚੰਦੀ (ਚਲਦਾ)