ਗੁਰਬਾਣੀ ਦੀ ਸਰਲ ਵਿਆਖਿਆ ਭਾਗ(119)
ਸਿਰੀਰਾਗੁ ਮਹਲਾ 3 ॥
ਕਾਂਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ ॥
ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬ ਹੀ ਪਾਇ ॥
ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ ॥1॥
ਮਨੁੱਖ, ਸਰੀਰ ਨੂੰ, ਗਿਆਨ-ਇੰਦਰਿਆਂ ਨੂੰ, ਆਪਣੇ ਵੱਸ ਵਿਚ ਰੱਖਣ ਦੇ ਕਈ ਜਤਨ ਕਰਦਾ ਹੈ, ਪੁੱਠਾ ਲਟਕ ਕੇ ਤਪ ਕਰਦਾ ਹੈ, ਪਰ ਇਸ ਤਰ੍ਹਾਂ ਅੰਦਰੋਂ ਹਉਮੈ ਦੂਰ ਨਹੀਂ ਹੁੰਦੀ। ਜੇ ਮਨੁੱਖ, ਆਤਮਕ-ਉੱਨਤੀ ਸੰਬੰਧੀ ਗਿਣੇ-ਮਿਥੇ ਧਾਰਮਕ ਕਰਮ ਕਰਦਾ ਰਹੇ, ਤਾਂ ਉਹ ਕਦੇ ਵੀ ਪਰਮਾਤਮਾ ਦਾ ਨਾਮ ਹਾਸਲ ਨਹੀਂ ਕਰ ਸਕਦਾ। ਜਿਹੜਾ ਮਨੁੱਖ, ਗੁਰੂ ਦੇ ਸ਼ਬਦ ਦੀ ਮਦਦ ਨਾਲ, ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ, ਵਿਕਾਰਾਂ ਵਲੋਂ ਬਚਦਾ ਹੈ, ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਆ ਵਸਦਾ ਹੈ।1।
ਸੁਣਿ ਮਨ ਮੇਰੇ ਭਜੁ ਸਤਗੁਰ ਸਰਣਾ ॥
ਗੁਰ ਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ ॥1॥ ਰਹਾਉ ॥
ਹੇ ਮੇਰੇ ਮਨ, ਮੇਰੀ ਗੱਲ ਸੁਣ, ਗੁਰੂ ਦੀ ਸਰਨ ਪਉ। ਮਾਇਆ ਦੇ ਪ੍ਰਭਾਵ ਤੋਂ, ਗੁਰੂ ਦੀ ਕਿਰਪਾ ਨਾਲ ਹੀ ਬਚੀਦਾ ਹੈ, ਇਹ ਜ਼ਹਰ ਭਰਿਆ ਸੰਸਾਰ-ਸਮੁੰਦਰ ਗੁਰੂ ਦੇ ਸ਼ਬਦ ਦੇ ਆਸਰੇ ਹੀ ਤਰ ਸਕੀਦਾ ਹੈ।1।ਰਹਾਉ।
ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ ॥
ਪੰਡਿਤੁ ਪੜੈ ਬੰਧਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ ॥
ਸਤਗੁਰਿ ਮਿਲਿਐ ਤ੍ਰਿਕੁਟੀ ਛੂਟੈ ਚਉਥੈ ਪਦਿ ਮੁਕਤਿ ਦੁਆਰੁ ॥2॥
ਤਿੰਨਾਂ ਗੁਣਾਂ ਦੇ ਅਧੀਨ ਰਹਿ ਕੇ ਕੰਮ ਕਰਨੇ, ਇਹ ਸਾਰਾ ਮਾਇਆ ਦਾ ਹੀ ਪ੍ਰਭਾਵ ਹੈ, ਤੇ ਮਾਇਆ ਨਾਲ ਪਿਆਰ, ਮਨ ਵਿਚ ਵਿਕਾਰ ਹੀ ਪੈਦਾ ਕਰਦਾ ਹੈ। ਮਾਇਆ ਦੇ ਬੰਧਨਾਂ ਵਿਚ, ਮਾਇਆ ਦੇ ਮੋਹ ਦਾ ਬੱਝਾ ਹੋਇਆ ਪੰਡਿਤ, ਧਰਮ-ਗ੍ਰੰਥ ਪੜ੍ਹਦਾ ਹੈ, ਪਰ ਮਾਇਆ ਦੇ ਪਿਆਰ ਵਿਚ ਫਸਿਆ ਰਹਿਣ ਕਾਰਨ, ਉਹ ਜੀਵਨ ਦਾ ਸਹੀ ਰਸਤਾ, ਨਹੀਂ ਸਮਝ ਸਕਦਾ। ਜੇ ਸ਼ਬਦ ਗੁਰੂ ਮਿਲ ਪਵੇ ਤਾਂ, ਮਾਇਆ-ਮੋਹ ਦੇ ਕਾਰਨ ਅੰਦਰਲੀ ਖਿੱਚ ਦੂਰ ਹੋ ਜਾਂਦੀ ਹੈ, ਮਾਇਆ ਦੇ ਤਿੰਨ ਗੁਣਾਂ ਤੋਂ ਉਤਲੇ, ਆਤਮਕ ਦਰਜੇ ਵਿਚ ਪਹੁੰਚਿਆਂ, ਮਾਇਆ ਦੇ ਮੋਹ ਤੋਂ ਖਲਾਸੀ ਦਾ ਦਰਵਾਜ਼ਾ ਲੱਭ ਪੈਂਦਾ ਹੈ।2।
ਗੁਰ ਤੇ ਮਾਰਗੁ ਪਾਈਐ ਚੂਕੈ ਮੋਹੁ ਗੁਬਾਰੁ ॥
ਸਬਦਿ ਮਰੈ ਤਾ ਉਧਰੈ ਪਾਏ ਮੋਖ ਦੁਆਰੁ ॥
ਗੁਰ ਪਰਸਾਦੀ ਮਿਲਿ ਰਹੈ ਸਚੁ ਨਾਮੁ ਕਰਤਾਰੁ ॥3॥
ਗੁਰੂ ਪਾਸੋਂ ਜੀਵਨ ਦਾ ਸਹੀ ਰਸਤਾ ਲੱਭ ਪੈਂਦਾ ਹੈ, ਮਨ ਵਿਚੋਂ ਮੋਹ ਦਾ ਹਨੇਰਾ ਦੂਰ ਹੋ ਜਾਂਦਾ ਹੈ। ਜੇ ਮਨੁੱਖ, ਗੁਰੂ ਦੇ ਸ਼ਬਦ ਵਿਚ ਜੁੜ ਕੇ, ਮਾਇਆ ਦੇ ਮੋਹ ਵਲੋਂ ਮਰ ਜਾਏ ਤਾਂ ਸੰਸਾਰ-ਸਮੁੰਦਰ ਵਿਚ ਡੁੱਬਣੋਂ ਬਚ ਜਾਂਦਾ ਹੈ, ਤੇ ਵਿਕਾਰਾਂ ਤੋਂ ਖਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਮਨੁੱਖ, ਪ੍ਰਭੂ ਚਰਨਾਂ ਵਿਚ ਜੁੜਿਆ ਰਹਿ ਸਕਦਾ ਹੈ, ਤੇ ਪ੍ਰਭੂ ਦਾ ਸਦਾ-ਥਿਰ ਨਾਮ ਪ੍ਰਾਪਤ ਕਰ ਸਕਦਾ ਹੈ।3।
ਨਹੀਂ ਤਾਂ ,ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ ਉਪਾਇ ॥
ਦੂਜੈ ਭਾਇ ਦੁਖੁ ਲਾਇਦਾ ਬਹੁਤੀ ਦੇਇ ਸਜਾਇ ॥
ਨਾਨਕ ਨਾਮਿ ਲਗੇ ਸੇ ਉਬਰੇ ਹਉਮੈ ਸਬਦਿ ਗਵਾਇ ॥4॥18॥51॥
ਇਹ ਮਨ ਤਾਂ ਬੜਾ ਬਲਵਾਨ ਹੈ, ਗੁਰੂ ਦੀ ਸਰਨ ਤੋਂ ਬਿਨਾ, ਹੋਰ ਕਿਸੇ ਵੀ ਹੀਲੇ ਨਾਲ ਇਹ ਕੁਰਾਹੇ ਜਾਣੋ ਰੁਕਦਾ ਨਹੀਂ। ਮਾਇਆ ਦੇ ਪਿਆਰ ਵਿਚ ਫਸਾ ਕੇ ਮਨੁੱਖ ਨੂੰ ਦੁੱਖ ਚੰਬੇੜ ਦਿੰਦਾ ਹੈ, ਤੇ ਬੜੀ ਸਜ਼ਾ ਦੇਂਦਾ ਹੈ।
ਹੇ ਨਾਨਕ, ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੂਰ ਕਰਕੇ, ਪਰਮਾਤਮਾ ਦੇ ਨਾਮ ਵਿਚ ਜੁੜਦੇ ਹਨ, ਉਹ ਇਸ ਦੇ ਪੰਜੇ ਤੋਂ ਬਚਦੇ ਹਨ।4।18।51।
ਅਮਰ ਜੀਤ ਸਿੰਘ ਚੰਦੀ (ਚਲਦਾ)