ਗੁਰਬਾਣੀ ਦੀ ਸਰਲ ਵਿਆਖਿਆ ਭਾਗ(126)
ਸਿਰੀਰਾਗੁ ਮਹਲਾ 3 ॥
ਤਿਨਾ ਅਨੰਦੁ ਸਦਾ ਸੁਖੁ ਹੈ ਜਿਨਾ ਸਚੁ ਨਾਮੁ ਆਧਾਰੁ ॥
ਗੁਰ ਸਬਦੀ ਸਚੁ ਪਾਇਆ ਦੂਖ ਨਿਵਾਰਣਹਾਰੁ ॥
ਸਦਾ ਸਦਾ ਸਾਚੇ ਗੁਣ ਗਾਵਹਿ ਸਾਚੈ ਨਾਇ ਪਿਆਰੁ ॥
ਕਿਰਪਾ ਕਰਿ ਕੈ ਆਪਣੀ ਦਿਤੋਨੁ ਭਗਤਿ ਭੰਡਾਰੁ ॥1॥
ਪਰਮਾਤਮਾ ਦਾ ਸਦਾ-ਥਿਰ ਨਾਮ ਜਿਨ੍ਹਾਂ ਮਨੁੱਖਾਂ ਦੀ ਜ਼ਿੰਦਗੀ ਦਾ ਆਸਰਾ ਬਣਦਾ ਹੈ, ਉਨ੍ਹਾਂ ਨੂੰ ਸਦਾ ਆਨੰਦ ਮਿਲਦਾ ਹੈ, ਸਦਾ ਸੁਖ ਮਿਲਦਾ ਹੈ, ਕਿਉਂਕਿ ਗੁਰੂ ਦੇ ਸ਼ਬਦ ਨਾਲ ਜੁੜ ਕੇ ਉਨ੍ਹਾਂ, ਉਹ ਸਦਾ-ਥਿਰ ਪਰਮਾਤਮਾ ਪਾ ਲਿਆ ਹੁੰਦਾ ਹੈ, ਜੋ ਸਾਰੇ ਦੁੱਖ ਦੂਰ ਕਰਨ ਦੀ ਸਮਰਥਾ ਰੱਖਦਾ ਹੈ। ਉਹ ਮਨੁੱਖ ਸਦਾ ਹੀ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਪਾਈ ਰੱਖਦੇ ਹਨ। ਪਰਮਾਤਮਾ ਨੇ ਆਪਣੀ ਕਿਰਪਾ ਕਰ ਕੇ ਉਨ੍ਹਾਂ ਨੂੰ ਆਪਣੀ ਭਗਤੀ ਦਾ ਖਜ਼ਾਨਾ ਬਖਸ਼ ਦਿੱਤਾ ਹੈ ।1।
ਮਨ ਰੇ ਸਦਾ ਅਨੰਦੁ ਗੁਣ ਗਾਇ ॥
ਸਚੀ ਬਾਣੀ ਹਰਿ ਪਾਈਐ ਹਰਿ ਸਿਉ ਰਹੈ ਸਮਾਇ ॥ 1॥ ਰਹਾਉ ॥
ਹੇ ਮੇਰੇ ਮਨ, ਪਰਮਾਤਮਾ ਦੇ ਗੁਣ ਗਾਂਦਾ ਰਹੁ। ਗੁਣ ਗਾਵਨ ਨਾਲ ਸਦਾ ਖੁਸ਼ੀ ਬਣੀ ਰਹਿੰਦੀ ਹੈ। ਜਿਹੜਾ ਜੀਵ ਸਿਫਤ-ਸਾਲਾਹ ਕਰਦਾ ਹੈ, ਉਹ ਪਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫਤ-ਸਾਲਾਹ ਵਿਚ ਜੁੜਿਆਂ, ਪ੍ਰਭੂ ਮਿਲ ਪੈਂਦਾ ਹੈ ।1।ਰਹਾਉ।
ਸਚੀ ਭਗਤੀ ਮਨੁ ਲਾਲੁ ਥੀਆ ਰਤਾ ਸਹਜਿ ਸੁਭਾਇ ॥
ਗੁਰ ਸਬਦੀ ਮਨੁ ਮੋਹਿਆ ਕਹਣਾ ਕਛੂ ਨ ਜਾਇ ॥
ਜਿਹਵਾ ਰਤੀ ਸਬਦਿ ਸਚੈ ਅੰਮ੍ਰਿਤੁ ਪੀਵੈ ਰਸਿ ਗੁਣ ਗਾਇ ॥
ਗੁਰਮੁਖਿ ਏਹੁ ਰੰਗੁ ਪਾਈਐ ਜਿਸ ਨੋ ਕਿਰਪਾ ਕਰੇ ਰਜਾਇ ॥2॥
ਸਦਾ-ਥਿਰ ਪ੍ਰਭੂ ਦੀ ਭਗਤੀ ਦੇ ਰੰਗ ਵਿਚ ਜਿਸ ਮਨੁੱਖ ਦਾ ਮਨ ਗੂੜ੍ਹਾ ਰੰਗਿਆ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਮਸਤ ਰਹਿੰਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਦਾ ਮਨ, ਪ੍ਰਭੂ ਚਰਨਾਂ ਵਿਚ ਅਜਿਹਾ ਮਸਤ ਹੁੰਦਾ ਹੈ ਕਿ ਉਸ ਮਸਤੀ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਦੀ ਜ਼ਬਾਨ, ਸਦਾ-ਥਿਰ ਪ੍ਰਭੂ ਦੀ ਸਿਫਤ ਸਾਲਾਹ ਵਿਚ ਰੰਗੀ ਜਾਂਦੀ ਹੈ,ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ ਕੇ, ਉਹ ਆਤਮਕ ਜੀਵਨ ਦੇਣ ਵਾਲਾ ਰੱਸ ਪੀਂਦਾ ਹੈ। ਪਰ ਇਹ ਰੰਗ ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ, ਉਹੀ ਮਨੁੱਖ ਪ੍ਰਾਪਤ ਕਰਦਾ ਹੈ, ਜਿਸ ਉੱਤੇ ਪ੍ਰਭੂ ਆਪਣੀ ਰਜ਼ਾ ਅਨੁਸਾਰ ਮਿਹਰ ਕਰਦਾ ਹੈ।2।
ਸੰਸਾ ਇਹੁ ਸੰਸਾਰੁ ਹੈ ਸੁਤਿਆ ਰੈਣਿ ਵਿਹਾਇ ॥
ਇਕਿ ਆਪਣੈ ਭਾਣੈ ਕਢਿ ਲਇਅਨੁ ਆਪੇ ਲਇਓਨੁ ਮਿਲਾਇ ॥
ਆਪੇ ਹੀ ਆਪਿ ਮਨਿ ਵਸਿਆ ਮਾਇਆ ਮੋਹੁ ਚੁਕਾਇ ॥
ਆਪਿ ਵਡਾਈ ਦਿਤੀਅਨੁ ਗੁਰਮੁਖਿ ਦੇਇ ਬੁਝਾਇ ॥3॥
ਜਗਤ ਦਾ ਮੋਹ ਤੌਖਲੇ ਦਾ ਮੂਲ ਹੈ, ਮੋਹ ਦੀ ਨੀਂਦ ਵਿਚ ਸੁਤਿਆਂ ਹੀ, ਜ਼ਿੰਦਗੀ-ਰੂਪ ਰਾਤ ਬੀਤ ਜਾਂਦੀ ਹੈ। ਕਈ ਭਾਗਾਂ ਵਾਲੇ ਜੀਵਾਂ ਨੂੰ ਪਰਮਾਤਮਾ ਨੇ ਆਪਣੀ ਰਜ਼ਾ ਵਿਚ ਜੋੜ ਕੇ ਇਸ ਮੋਹ ਵਿਚੋਂ ਕੱਢ ਲਿਆ ਤੇ ਆਪ ਹੀ ਆਪਣੇ ਚਰਨਾਂ ਵਿਚ ਜੋੜ ਲਿਆ ਹੈ, ਆਪ ਹੀ ਉਨ੍ਹਾਂ ਦੇ ਅੰਦਰੋਂ ਮਾਇਆ ਦਾ ਮੋਹ ਦੂਰ ਕਰ ਕੇ, ਆਪ ਹੀ ਉਨ੍ਹਾਂ ਦੇ ਮਨ ਵਿਚ ਆ ਵਸਿਆ ਹੈ। ਪ੍ਰਭੂ ਨੇ ਆਪ ਹੀ ਉਨ੍ਹਾਂ ਨੂੰ ਇੱਜ਼ਤ ਦਿੱਤੀ ਹੈ। ਭਾਗਾਂ ਵਾਲਿਆਂ ਨੂੰ ਪਰਮਾਤਮਾ, ਗੁਰੂ ਦੀ ਸਰਨ ਪਾ ਕੇ, ਜੀਵਨ ਦਾ ਇਹ ਸਹੀ ਰਸਤਾ,
ਸਮਝਾ ਦੇਂਦਾ ਹੈ ।3।
ਸਭਨਾ ਕਾ ਦਾਤਾ ਏਕੁ ਹੈ ਭੁਲਿਆ ਲਏ ਸਮਝਾਇ ॥
ਇਕਿ ਆਪੇ ਆਪਿ ਖੁਆਇਅਨੁ ਦੂਜੈ ਛਡਿਅਨੁ ਲਾਇ ॥
ਗੁਰਮਤੀ ਹਰਿ ਪਾਈਐ ਜੋਤੀ ਜੋਤਿ ਮਿਲਾਇ ॥
ਅਨਦਿਨੁ ਨਾਮੇ ਰਤਿਆ ਨਾਨਕ ਨਾਮਿ ਸਮਾਇ ॥4॥25॥58॥
ਪਰਮਾਤਮਾ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਜੀਵਨ-ਰਾਹ ਤੋਂ ਖੁੰਝਿਆਂ ਨੂੰ ਵੀ ਸੂਝ ਦੇਂਦਾ ਹੈ। ਕਈ ਜੀਵਾਂ ਨੂੰ ਉਸ ਪ੍ਰਭੂ ਨੇ ਆਪ ਹੀ ਆਪਣੇ ਨਾਲੋਂ ਖੁੰਝਾਇਆ ਹੋਇਆ ਹੈ, ਤੇ ਮਾਇਆ ਦੇ ਮੋਹ ਵਿਚ ਲਾ ਰੱਖਿਆ ਹੈ। ਗੁਰੂ ਦੀ ਮੱਤ ਤੇ ਤੁਰਿਆਂ ਪਰਮਾਤਮਾ ਮਿਲਦਾ ਹੈ, ਗੁਰੂ ਦੀ ਮੱਤ ਤੇ ਤੁਰ ਕੇ ਜੀਵ ਆਪਣੀ ਸੁਰਤ ਨੂੰ ਪਰਮਾਤਮਾ ਦੀ ਜੋਤ ਵਿਚ ਮਿਲਾਂਦਾ ਹੈ, ਹੇ ਨਾਨਕ, ਹਰ ਵੇਲੇ, ਨਾਮ ਰੰਗ ਵਿਚ ਰੰਗਿਆਂ ਰਹਿ ਕੇ ਨਾਮ ਵਿਚ ਹੀ ਲੀਨ ਰਹਿੰਦਾ ਹੈ ।4।25।58।
ਅਮਰ ਜੀਤ ਸਿੰਘ ਚੰਦੀ (ਚਲਦਾ)