ਗੁਰਬਾਣੀ ਦੀ ਸਰਲ ਵਿਆਖਿਆ ਭਾਗ(130)
ਸਿਰੀਰਾਗੁ ਮਹਲਾ 3 ॥
ਇਕਿ ਪਿਰੁ ਰਾਵਹਿ ਆਪਣਾ ਹਉ ਕੈ ਦਰਿ ਪੂਛਉ ਜਾਇ ॥
ਸਤਿਗੁਰੁ ਸੇਵੀ ਭਾਉ ਕਰਿ ਮੈ ਪਿਰੁ ਦੇਹੁ ਮਿਲਾਇ ॥
ਸਭੁ ਉਪਾਏ ਆਪੇ ਵੇਖੈ ਕਿਸੁ ਨੇੜੈ ਕਿਸੁ ਦੂਰਿ ॥
ਜਿਨਿ ਪਿਰੁ ਸੰਗੇ ਜਾਣਿਆ ਪਿਰੁ ਰਾਵੇ ਸਦਾ ਹਦੂਰਿ ॥1॥
ਕਈ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ, ਆਪਣੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰਦੀਆਂ ਹਨ, ਉਨ੍ਹਾਂ ਨੂੰ ਵੇਖ ਕੇ ਮੇਰੇ ਅੰਦਰ ਵੀ ਤਾਙ ਪੈਦਾ ਹੁੰਦੀ ਹੈ ਕਿ ਮੈਂ ਕਿਸ ਦੇ ਦਰ ਤੇ ਜਾ ਕੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦਾ ਢੰਗ ਪੁੱਛਾਂ ? ਮੈਂ ਸ਼ਰਧਾ ਧਾਰ ਕੇ ਗੁਰੂ ਦੀ ਸਰਨ ਫੜਦੀ ਹਾਂ, ਤੇ ਗੁਰੂ ਅੱਗੇ ਬੇਨਤੀ ਕਰਦੀ ਹਾਂ ਕਿ ਪ੍ਰਭੂ ਆਪ ਹੀ ਸਾਰਾ ਜਗਤ ਪੈਦਾ ਕਰਦਾ ਹੈ ਤੇ ਸਭ ਦੀ ਸੰਭਾਲ ਕਰਦਾ ਹੈ, ਹਰੇਕ ਜੀਵ ਵਿਚ ਇਕ-ਸਮਾਨ ਮੌਜੂਦ ਹੈ। ਜਿਸ ਜੀਵ-ਇਸਤ੍ਰੀ ਨੇ ਗੁਰੂ ਦੀ ਸਰਨ ਪੈ ਕੇ, ਉਸ ਪ੍ਰਭੂ ਨੂੰ ਆਪਣੇ ਅੰਗ-ਸੰਗ
ਜਾਣ ਲਿਆ ਹੈ, ਉਹ ਉਸ ਹਾਜ਼ਰ-ਨਾਜ਼ਰ ਵਸਦੇ ਨੂੰ ਸਦਾ ਹਿਰਦੇ ਵਿਚ ਵਸਾਂਦੀ ਹੈ।1।
ਮੁੰਧੇ ਤੂ ਚਲੁ ਗੁਰ ਕੈ ਭਾਇ ॥
ਅਨਦਿਨੁ ਰਾਵਹਿ ਪਿਰੁ ਆਪਣਾ ਸਹਜੇ ਸਚਿ ਸਮਾਇ ॥1॥ ਰਹਾਉ ॥
ਹੇ ਜੀਵ ਇਸਤ੍ਰੀਏ, ਤੂੰ ਗੁਰੂ ਦੇ ਪ੍ਰੇਮ ਵਿਚ ਰਹਿ ਕੇ ਜੀਵਨ-ਸਫਰ ਤੈ ਕਰ। ਜਿਹੜੀਆਂ ਜੀਵ ਇਸਤ੍ਰੀਆਂ ਗੁਰੂ ਦੇ ਪ੍ਰੇਮ ਵਿਚ ਤੁਰਦੀਆਂ ਹਨ, ਉਹ ਆਤਮਕ ਅਡੋਲਤਾ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਹਰ ਵੇਲੇ ਆਪਣੇ ਪਤੀ ਪਰਮਾਤਮਾ ਨੂੰ ਮਿਲੀਆਂ ਰਹਿੰਦੀਆਂ ਹਨ ।1।ਰਹਾਉ।
ਸਬਦਿ ਰਤੀਆ ਸੋਹਾਗਣੀ ਸਚੈ ਸਬਦਿ ਸੀਗਾਰਿ ॥
ਹਰਿ ਵਰੁ ਪਾਇਨਿ ਘਰਿ ਆਪਣੈ ਗੁਰ ਕੈ ਹੇਤਿ ਪਿਆਰਿ ॥
ਸੇਜ ਸੁਹਾਵੀ ਹਰਿ ਰੰਗਿ ਰਵੈ ਭਗਤਿ ਭਰੇ ਭੰਡਾਰ ॥
ਸੋ ਪ੍ਰਭੁ ਪ੍ਰੀਤਮੁ ਮਨਿ ਵਸੈ ਜਿ ਸਭਸੈ ਦੇਇ ਅਧਾਰੁ ॥2॥
ਜਿਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸ਼ਬਦ ਵਿਚ ਰੰਗੀਆਂ ਰਹਿੰਦੀਆਂ ਹਨ, ਉਹ ਭਾਗਾਂ ਵਾਲੀਆਂ ਹੋ ਜਾਂਦੀਆਂ ਹਨ, ਉਹ ਸਦਾ-ਥਿਰ ਪ੍ਰਭੂ ਦੀ ਸਿਫਤ-ਸਾਲਾਹ ਦੀ ਬਾਣੀ ਨਾਲ ਆਪਣੇ ਜੀਵਨ ਨੂੰ ਸਵਾਰ ਲੈਂਦੀਆਂ ਹਨ, ਉਹ ਆਪਣੇ ਗੁਰੂ ਦੇ ਪ੍ਰੇਮ ਵਿਚ, ਪਿਆਰ ਵਿਚ ਟਿਕ ਕੇ ਪ੍ਰਭੂ ਪਤੀ ਨੂੰ ਆਪਣੇ ਹਿਰਦੇ ਘਰ ਵਿਚ ਲੱਭ ਲੈਂਦੀਆਂ ਹਨ। ਪ੍ਰਭੂ-ਪਤੀ ਉਨ੍ਹਾਂ ਦੀ ਸੋਹਣੀ ਹਿਰਦੇ ਸੇਜ ਉਤੇ ਪ੍ਰੇਮ ਨਾਲ ਆ ਪ੍ਰਗਟਦਾ ਹੈ। ਉਨ੍ਹਾਂ ਪਾਸ ਭਗਤੀ ਦੇ ਖਜ਼ਾਨੇ ਭਰ ਜਾਂਦੇ ਹਨ। ਉਨ੍ਹਾਂ ਦੇ ਮਨ ਵਿਚ ਉਹ ਪ੍ਰੀਤਮ ਪ੍ਰਭੂ ਆ ਵਸਦਾ ਹੈ, ਜਿਹੜਾ ਹਰੇਕ ਜੀਵ ਨੂੰ ਆਸਰਾ ਦੇ ਰਿਹਾ ਹੈ ।2।
ਪਿਰੁ ਸਾਲਾਹਨਿ ਆਪਣਾ ਤਿਨ ਕੈ ਹਉ ਸਦ ਬਲਿਹਾਰੈ ਜਾਉ ॥
ਮਨੁ ਤਨੁ ਅਰਪੀ ਸਿਰੁ ਦੇਈ ਤਿਨ ਕੈ ਲਾਗਾ ਪਾਇ ॥
ਜਿਨੀ ਇਕੁ ਪਛਾਣਿਆ ਦੂਜਾ ਭਾਉ ਚੁਕਾਇ ॥
ਗੁਰਮੁਖਿ ਨਾਮੁ ਪਛਾਣੀਐ ਨਾਨਕ ਸਚਿ ਸਮਾਇ ॥3॥29॥62॥
ਜਿਹੜੀਆਂ ਜੀਵ-ਇਸਤ੍ਰੀਆਂ ਆਪਣੇ ਪ੍ਰਭੂ-ਪਤੀ ਦੀ ਸਿਫਤ-ਸਾਲਾਹ ਕਰਦੀਆਂ ਹਨ, ਮੈਂ ਉਨ੍ਹਾਂ ਤੋਂ ਸਦਾ ਕੁਰਬਾਨ ਜਾਂਦੀ ਹਾਂ, ਮੈਂ ਉਨ੍ਹਾਂ ਅੱਗੇ ਆਪਣਾ ਮਨ ਭੇਟ ਕਰਦੀ ਹਾਂ, ਮੈਂ ਉਨ੍ਹਾਂ ਦੇ ਚਰਨਾਂ ਵਿਚ ਆਪਣਾ ਸਿਰ ਰੱਖਦੀ ਹਾਂ, ਮੈਂ ਉਨ੍ਹਾਂ ਦੇ ਚਰਨੀਂ ਲਗਦੀ ਹਾਂ, ਕਿਉਂਕਿ ਉਨ੍ਹਾਂ ਨੇ ਮਾਇਆ ਦਾ ਪਿਆਰ ਆਪਣੇ ਅੰਦਰੋਂ ਦੂਰ ਕਰ ਕੇ ਸਿਰਫ ਪ੍ਰਭੂ-ਪਤੀ ਨਾਲ ਜਾਣ-ਪਛਾਣ ਪਾਈ ਹੈ। ਹੇ ਨਾਨਕ, ਗੁਰੂ ਦੇ ਸਨਮੁੱਖ ਹੋ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਉਸ ਦੇ ਨਾਮ ਨਾਲ ਜਾਣ-ਪਛਾਣ ਪੈ ਸਕਦੀ ਹੈ।4।29।62।
ਅਮਰ ਜੀਤ ਸਿੰਘ ਚੰਦੀ (ਚਲਦਾ)