ਗੁਰਬਾਣੀ ਦੀ ਸਰਲ ਵਿਆਖਿਆ ਭਾਗ(131)
ਸਿਰੀਰਾਗੁ ਮਹਲਾ 3 ॥
ਹਰਿ ਜੀ ਸਚਾ ਸਚੁ ਤੂ ਸਭੁ ਕਿਛੁ ਤੇਰੈ ਚੀਰੈ ॥
ਲਖ ਚਉਰਾਸੀਹ ਤਰਸਦੇ ਫਿਰੇ ਬਿਨੁ ਗੁਰ ਭੇਟੇ ਪੀਰੈ ॥
ਹਰਿ ਜੀਉ ਬਖਸੇ ਬਖਸਿ ਲਏ ਸੂਖ ਸਦਾ ਸਰੀਰੈ ॥
ਗੁਰ ਪਰਸਾਦੀ ਸੇਵ ਕਰੀ ਸਚੁ ਗਹਿਰ ਗੰਭੀਰੈ ॥ 1॥
ਹੇ ਪ੍ਰਭੂ ਜੀ ਤੂੰ ਹੀ ਸਦਾ-ਥਿਰ ਰਹਿਣ ਵਾਲਾ ਹੈਂ। ਹੋਰ ਸਾਰਾ ਸੰਸਾਰ ਤੇਰੇ ਵੱਸ ਵਿਚ ਹੈ। ਪਰ ਤੂੰ ਮਿਲਦਾ ਹੈਂ ਗੁਰੂ ਦੀ ਰਾਹੀਂ, ਗੁਰੂ-ਪੀਰ ਨੂੰ ਮਿਲਣ ਤੋਂ ਬਿਨਾ, ਗੁਰੂ ਦੀ ਸਰਨ ਪੈਣ ਤੋਂ ਬਿਨਾ, ਚੌਰਾਸੀ ਲੱਖ (ਬੇ-ਗਿਣਤ) ਜੂਨਾਂ ਦੇ ਜੀਵ ਤੇਰੇ ਦਰਸ਼ਨ ਨੂੰ ਤਰਸਦੇ ਫਿਰਦੇ ਹਨ। ਜਿਸ ਜੀਵ ਉੱਤੇ ਪਰਮਾਤਮਾ ਆਪ ਮਿਹਰ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਉਸ ਦੇ ਹਿਰਦੇ ਵਿਚ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ। ਮੇਰੇ ਅੰਦਰ ਵੀ ਤਾਙ ਹੈ ਕਿ ਮੈਂ ਗੁਰੂ ਦੀ ਮਿਹਰ ਨਾਲ ਸਦਾ-ਥਿਰ ਤੇ ਡੂੰਘੇ ਜਿਗਰੇ ਵਾਲੇ ਪਰਮਾਤਮਾ ਦਾ ਸਿਮਰਨ ਕਰਦਾ ਰਹਾਂ ।1।
ਮਨ ਮੇਰੇ ਨਾਮਿ ਰਤੇ ਸੁਖੁ ਹੋਇ ॥
ਗੁਰਮਤੀ ਨਾਮੁ ਸਲਾਹੀਐ ਦੂਜਾ ਅਵਰੁ ਨ ਕੋਇ ॥1॥ ਰਹਾਉ ॥
ਹੇ ਮੇਰੇ ਮਨ, ਜੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਈਏ ਤਾਂ ਆਤਮਕ ਆਨੰਦ ਮਿਲਦਾ ਹੈ। ਪਰ ਗੁਰੂ ਦੀ ਮੱਤ ਤੇ ਤੁਰ ਕੇ ਹੀ ਪਰਮਾਤਮਾ ਦਾ ਨਾਮ ਸਾਲਾਹੁਣਾ ਚਾਹੀਦਾ ਹੈ। ਨਾਮ ਸਿਮਰਨ ਦਾ ਹੋਰ ਕੋਈ ਤਰੀਕਾ ਨਹੀਂ ਹੈ ।1।ਰਹਾਉ।
ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ ॥
ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ ॥
ਅਧਿਆਤਮੀ ਹਰਿ ਗੁਣ ਤਾਸੁ ਮਨਿ ਜਪਹਿ ਏਕੁ ਮੁਰਾਰਿ ॥
ਤਿਨ ਕੀ ਸੇਵਾ ਧਰਮ ਰਾਇ ਕਰੈ ਧੰਨੁ ਸਵਾਰਣਹਾਰੁ ॥2॥
ਧਰਮਰਾਜ ਨੂੰ ਵੀ ਪਰਮਾਤਮਾ ਦਾ ਹੁਕਮ ਹੇ, ਹੇ ਧਰਮਰਾਜ, ਤੂੰ ਬੈਠ ਕੇ ਇਹ ਅਟਲ ਧਰਮ-ਨਿਆਂ ਚੇਤੇ ਰੱਖ ਕਿ, ਉਹ ਵਿਕਾਰੀ ਮਨੁੱਖ ਤੇਰੀ ਰਈਅਤ ਹੈ, ਜਿਹੜਾ ਮਾਇਆ ਦੇ ਪਿਆਰ ਵਿਚ ਫਸਿਆ ਰਹਿੰਦਾ ਹੈ। ਆਤਮਕ ਜੀਵਨ ਵਾਲੇ ਬੰਦਿਆਂ ਦੇ ਮਨ ਵਿਚ ਗੁਣਾਂ ਦਾ ਖਜ਼ਾਨਾ ਆਪ ਵੱਸਦਾ ਹੈ, ਉਹ ਪਰਮਾਤਮਾ ਨੂੰ ਹੀ ਸਿਮਰਦੇ ਰਹਿੰਦੇ ਹਨ। ਧਰਮਰਾਜ ਵੀ ਉਨ੍ਹਾਂ ਬੰਦਿਆਂ ਦੀ ਸੇਵਾ ਕਰਦਾ ਹੈ। ਧੰਨ ਹੈ ੳੇੁਹ ਪਰਮਾਤਮਾ, ਜੋ ਆਪਣੇ ਸੇਵਕਾਂ ਦਾ ਜੀਵਨ ਇਤਨਾ ਸੋਹਣਾ ਬਣਾ ਦੇਂਦਾ ਹੈ ਕਿ ਧਰਮਰਾਜ ਵੀ ਉਨ੍ਹਾਂ ਦਾ ਆਦਰ ਕਰਦਾ ਹੈ ।2।
ਮਨ ਕੇ ਬਿਕਾਰ ਮਨਹਿ ਤਜੈ ਮਨਿ ਚੂਕੈ ਮੋਹੁ ਅਭਿਮਾਨੁ ॥
ਆਤਮ ਰਾਮੁ ਪਛਾਣਿਆ ਸਹਜੇ ਨਾਮਿ ਸਮਾਨੁ ॥
ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ ਫਿਰੈ ਦਿਵਾਨੁ ॥
ਸਬਦੁ ਨ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹਿ ਸਮਾਨੁ ॥3॥
ਜਿਹੜਾ ਮਨੁੱਖ ਆਪਣੇ ਮਨ ਵਿਚੋਂ ਮਨ ਦੇ ਵਿਕਾਰ ਛੱਡ ਦੇਂਦਾ ਹੈ, ਜਿਸ ਦੇ ਮਨ ਵਿਚੋਂ ਮਾਇਆ ਦਾ ਮੋਹ ਤੇ ਅਹੰਕਾਰ ਦੂਰ ਹੋ ਜਾਂਦਾ ਹੈ, ਉਹ ਸਰਬ-ਵਿਆਪਕ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਨਾਮ ਵਿਚ ਲੀਨਤਾ ਹਾਸਲ ਕਰ ਲੈਂਦਾ ਹੈ। ਪਰ ਗੁਰੂ ਦੀ ਸਰਨ ਤੋਂ ਬਿਨਾ ਵਿਕਾਰਾਂ ਤੋਂ ਖਲਾਸੀ ਨਹੀਂ ਹੋ ਸਕਦੀ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਵਿਕਾਰਾਂ ਦੇ ਪਿੱਛੇ ਪਾਗਲ ਹੋਇਆ ਫਿਰਦਾ ਹੈ, ਉਹ ਗੁਰੂ ਦੇ ਸ਼ਬਦ ਦੀ ਕਦਰ ਨੂੰ ਨਹੀਂ ਸਮਝਦਾ। ਉਹ ਜ਼ਬਾਨੀ ਜ਼ਬਾਨੀ ਧਾਰਮਿਕ ਗੱਲਾਂ ਪਿਆ ਕਰੇ, ਪਰ ਉਹ ਮਾਇਆ ਦੇ ਮੋਹ ਵਿਚ ਹੀ ਗਰਕ ਰਹਿੰਦਾ ਹੈ ।3।
ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰੁ ਨ ਕੋਇ ॥
ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ ॥
ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ ॥
ਨਾਨਕ ਨਾਮੁ ਸਮਾਲਿ ਤੂ ਜਿਤੁ ਸੇਵਿਐ ਸੁਖੁ ਹੋਇ ॥4॥30॥ 63॥
ਜੀਵਾਂ ਦੇ ਵੀ ਕੀ ਵੱਸ ? ਪਰਮਾਤਮਾ ਆਪ ਹੀ ਸਭ ਕੁਝ ਕਰਨ-ਕਰਾਵਣ ਜੋਗਾ ਹੈ, ਹੋਰ ਕੋਈ ਜੀਵ, ਦਮ ਨਹੀਂ ਮਾਰ ਸਕਦਾ। ਆਪਣੀ ਸਿਫਤ-ਸਾਲਾਹ, ਪ੍ਰਭੂ ਆਪ ਹੀ ਕਰਾਂਦਾ ਹੈ, ਜਿਵੇਂ ਪਰਮਾਤਮਾ ਬੋਲਣ ਦੀ ਪ੍ਰੇਰਨਾ ਕਰੇ, ਤਿਵੇਂ ਹੀ ਜੀਵ ਬੋਲ ਸਕਦਾ ਹੈ, ਜੀਵ ਤਦੋਂ ਹੀ ਸਿਫਤ-ਸਾਲਾਹ ਕਰ ਸਕਦਾ ਹੈ, ਜਦੋਂ ਪਰਮਾਤਮਾ ਆਪ ਪ੍ਰੇਰਨਾ ਕਰਦਾ ਹੈ। ਗੁਰੂ ਦੀ ਸਰਨ ਪੈ ਕੇ, ਸਿਫਤ-ਸਾਲਾਹ ਦੀ ਬਾਣੀ ਵਿਚ ਜੁੜਿਆਂ, ਪ੍ਰਭੂ ਮਿਲਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਨਾਲ ਮਿਲਾਪ ਹੁੰਦਾ ਹੈ।
ਹੇ ਨਾਨਕ, ਗੁਰੂ ਦੀ ਸਰਨ ਪੈ ਕੇ, ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਸੰਭਾਲ, ਇਸ ਨਾਮ ਦੇ ਸਿਮਰਨ ਨਾਲ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ।4।30।63।
ਅਮਰ ਜੀਤ ਸਿੰਘ ਚੰਦੀ (ਚਲਦਾ)