ਗੁਰਬਾਣੀ ਦੀ ਸਰਲ ਵਿਆਖਿਆ ਭਾਗ(144)
ਸਿਰੀਰਾਗੁ ਮਹਲਾ 5 ॥
ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥
ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥
ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ ॥ 1॥
ਜੇ ਇਕ ਪਰਮਾਤਮਾ ਮਿਲ ਜਾਵੇ, ਤਾਂ ਦੁਨੀਆ ਦੇ ਹੋਰ ਸਾਰੇ ਪਦਾਰਥ ਮਿਲ ਜਾਂਦੇ ਹਨ, ਦੇਣ ਵਾਲਾ ਤੇ ਉਹ ਆਪ ਹੀ ਹੋਇਆ। ਜੇ ਮੈਂ ਸਦਾ-ਥਿਰ ਰਹਣ ਵਾਲੇ ਪ੍ਰਭੂ ਦੀ ਸਿਫਤ-ਸਾਲਾਹ ਕਰਦਾ ਰਹਾਂ, ਤਾਂ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਏ। ਪਰ, ਉਸ ਮਨੁੱਖ ਨੂੰ ਗੁਰੂ ਪਾਸੋਂ ਪਰਮਾਤਮਾ ਦੇ ਚਰਨਾਂ ਦਾ ਨਿਵਾਸ ਪ੍ਰਾਪਤ ਹੁੰਦਾ ਹੈ, ਜਿਸ ਦੇ ਮੱਥੇ ਉੱਤੇ ਚੰਗਾ ਭਾਗ ਲਿਖਿਆ ਹੋਇਆ ਹੋਵੇ ।1।
ਮੇਰੇ ਮਨ ਏਕਸ ਸਿਉ ਚਿਤੁ ਲਾਇ ॥
ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥1॥ ਰਹਾਉ ॥
ਹੇ ਮੇਰੇ ਮਨ, ਸਿਰਫ ਇਕ ਪਰਮਾਤਮਾ ਨਾਲ ਸੁਰਤ ਜੋੜ। ਇਕ ਪ੍ਰਭੂ ਦੇ ਪਿਆਰ ਤੋਂ ਬਿਨਾ, ਦੁਨੀਆ ਦੀ ਸਾਰੀ ਦੌੜ-ਭੱਜ ਜੰਜਾਲ ਬਣ ਜਾਂਦੀ ਹੈ। ਤੇ ਮਾਇਆ ਦਾ ਮੋਹ ਹੈ ਵੀ ਸਾਰਾ ਵਿਅਰਥ ।1।ਰਹਾਉ।
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥
ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥
ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ ॥2॥
ਜੇ ਪਰਮਾਤਮਾ, ਮੇਰੇ ਉੱਤੇ ਮਿਹਰ ਦੀ ਇਕ ਨਿਗਾਹ ਕਰੇ, ਤਾਂ ਮੈਂ ਸਮਝਦਾ ਹਾਂ ਕਿ ਮੈਨੂੰ ਲੱਖਾਂ ਪਾਤਸ਼ਾਹੀਆਂ ਦੀਆਂ ਖੁਸ਼ੀਆਂ ਮਿਲ ਗਈਆਂ ਹਨ, ਕਿਉਂਕਿ ਜਦੋਂ ਗੁਰੂ ਮੈਨੂੰ ਅੱਖ ਝਪਕਣ ਜਿੰਨੇ ਸਮੇ ਵਾਸਤੇ ਵੀ ਪਰਮਾਤਮਾ ਦਾ ਨਾਮ ਬਖਸ਼ਦਾ ਹੈ, ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ, ਮੇਰਾ ਸਰੀਰ ਸ਼ਾਂਤ ਹੋ ਜਾਂਦਾ ਹੈ, ਮੇਰੇ ਸਾਰੇ ਗਿਆਨ-ਇੰਦਰੇ ਵਿਕਾਰਾਂ ਦੀ ਭੜਕਾਹਟ ਵਲੋਂ ਹੱਟ ਜਾਂਦੇ ਹਨ। ਪਰ ਓਸੇ ਮਨੁੱਖ ਨੇ ਗੁਰੂ ਦੇ ਚਰਨ ਫੜੇ ਹਨ, ਉਹੀ ਮਨੁੱਖ ਗੁਰੂ ਦਾ ਆਸਰਾ ਲੈਂਦਾ ਹੈ, ਜਿਸ ਨੂੰ ਪੂਰਬਲੇ ਜਨਮ ਦਾ ਲਿਖਿਆ ਹੋਇਆ ਕੋਈ ਚੰਗਾ ਲੇਖ ਮਿਲਦਾ ਹੈ, ਜਿਸ ਦੇ ਚੰਗੇ ਭਾਗ ਜਾਗਦੇ ਹਨ ।2।
ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥
ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥
ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥3॥
ਉਹ ਸਮਾ ਕਾਮਯਾਬ ਸਮਝੋ, ਉਹ ਘੜੀ ਭਾਗਾਂ ਵਾਲੀ ਸਮਝੋ, ਜਿਸ ਵਿਚ ਸਦਾ-ਥਿਰ ਰਹਣ ਵਾਲੇ ਪਰਮਾਤਮਾ ਨਾਲ ਪਿਆਰ ਬਣੇ। ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ, ਜ਼ਿੰਦਗੀ ਦਾ ਆਸਰਾ ਮਿਲ ਜਾਂਦਾ ਹੈ, ਉਸ ਨੁੰ ਕੋਈ ਦੁੱਖ, ਕੋਈ ਕਲੇਸ਼ ਪੋਹ ਨਹੀਂ ਸਕਦਾ। ਜਿਸ ਮਨੁੱਖ ਨੂੰ ਗੁਰੂ ਨੇ ਬਾਂਹ ਫੜ ਕੇ ਵਿਕਾਰਾਂ ਵਿਚੋਂ ਬਾਹਰ ਕੱਢ ਲਿਆ, ਉਹ ਸੰਸਾਰ ਸਮੁੰਦਰ ਵਿਚੋਂ ਸਹੀ-ਸਲਾਮਤ ਪਾਰ ਲੰਘ ਗਿਆ।3।
ਇਹ ਹੈ ਅਸਲੀ ਅੰਮ੍ਰਿਤ ਵੇਲਾ, ਜਿਸ ਬਾਰੇ ਕਹੇ ਜਾਂਦੇ ਸੰਤ-ਮਨਾਂਪੁਰਖ-ਬ੍ਰਹਮ ਗਿਆਨੀ ਅੱਜ ਤੱਕ ਸਿੱਖਾਂ ਨੂੰ ਭੰਬਲ-ਭੂਸੇ ਵਿਚ ਪਾਈ ਫਿਰਦੇ ਹਨ, ਕਿ ਅੰਮ੍ਰਿਤ ਵੇਲਾ ਤੜਕੇ 2 ਵਜੇ ਤੋਂ 4 ਵਜੇ ਤੱਕ ਹੁੰਦਾ ਹੈ । ਕੀ ਇਨ੍ਹਾਂ ਦੋ ਘੰਟਿਆਂ ਤੋਂ ਇਲਾਵਾ 22 ਘੰਟੇ ਰੱਬ ਕਿਸੇ ਮਨੁੱਖ ਨੂੰ ਨਹੀਂ ਮਿਲਦਾ ?
ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ ॥
ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥
ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥4॥6॥76॥
ਇਹ ਸਾਰੀ ਬਰਕਤ ਹੈ ਗੁਰੂ ਦੀ, ਸਾਧ-ਸੰਗਤ ਦੀ, ਜਿੱਥੇ ਸਾਧ-ਸੰਗਤ ਜੁੜਦੀ ਹੈ, ਉਹ ਥਾਂ ਸੋਹਣਾ ਹੈ, ਪਵਿੱਤ੍ਰ ਹੈ। ਸਾਧ-ਸੰਗਤ ਵਿਚ ਆ ਕੇ ਜਿਸ ਮਨੁੱਖ ਨੇ ਪੂਰਾ ਗੁਰੂ, ਸ਼ਬਦ ਗੁਰੂ ਲੱਭ ਲਿਆ ਹੈ, ਉਸੇ ਨੂੰ ਹੀ ਪਰਮਾਤਮਾ ਦੀ ਹਜ਼ੂਰੀ ਵਿਚ ਆਸਰਾ ਮਿਲਦਾ ਹੈ। ਹੇ ਨਾਨਕ ਉਸ ਮਨੁੱਖ ਨੇ ਆਪਣਾ ਪੱਕਾ ਟਿਕਾਣਾ, ਉਸ ਥਾਂ ਬਣਾ ਲਿਆ, ਜਿੱਥੇ ਆਤਮਕ ਮੌਤ ਨਹੀਂ, ਜਿੱਥੇ ਜਨਮ-ਮਰਨ ਦਾ ਗੇੜ ਨਹੀਂ, ਜਿੱਥੇ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ।4।6।76।
ਅਮਰ ਜੀਤ ਸਿੰਘ ਚੰਦੀ (ਚਲਦਾ)