ਗੁਰਬਾਣੀ ਦੀ ਸਰਲ ਵਿਆਖਿਆ ਭਾਗ(147)
ਸਿਰੀਰਾਗੁ ਮਹਲਾ 5 ॥
ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ ॥
ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ ॥
ਤਿਸੁ ਸਰਣਾਈ ਸਦਾ ਸੁਖੁ ਪਾਰਬ੍ਰਹਮੁ ਕਰਤਾਰੁ ॥ 1॥
ਹੇ ਭਾਈ, ਜਿੰਦ ਦਾ ਮਿੱਤ੍ਰ ਸਿਰਫ ਪਰਮਾਤਮਾ ਹੀ ਹੈ, ਪਰਮਾਤਮਾ ਹੀ ਜਿੰਦ ਨੂੰ ਵਿਕਾਰ ਆਦਿਕਾਂ ਤੋਂ ਬਚਾਉਣ ਵਾਲਾ ਹੈ, ਇਸ ਵਾਸਤੇ ਆਪਣੇ ਮਨ ਵਿਚ ਸਿਰਫ ਪਰਮਾਤਮਾ ਦਾ ਆਸਰਾ ਰੱਖ, ਸਿਰਫ ਪਰਮਾਤਮਾ ਹੀ ਜਿੰਦ ਦਾ ਸਹਾਰਾ ਹੈ। ਉਹ ਪਾਰ-ਬ੍ਰਹਮ ਕਰਤਾਰ ਹੀ ਸਹਾਰਾ ਹੈ, ਉਸ ਦੀ ਸਰਨ ਪਿਆਂ ਸਦਾ ਸੁਖ ਮਿਲਦਾ ਹੈ।1।
ਮਨ ਮੇਰੇ ਸਗਲ ਉਪਾਵ ਤਿਆਗੁ ॥
ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ ॥1॥ ਰਹਾਉ ॥
ਹੇ ਮੇਰੇ ਮਨ, ਹੋਰ ਸਾਰੇ ਹੀਲੇ ਛੱਡ ਦੇ। ਸਿਰਫ ਪਰਮਾਤਮਾ ਨੂੰ ਸਦਾ ਚੇਤੇ ਰੱਖ, ਸਿਰਫ ਗੁਰੂ ਦੇ ਸ਼ਬਦ ਦਾ ਆਸਰਾ ਲੈ ਤੇ ਇਕ ਪਰਮਾਤਮਾ ਦੇ ਚਰਨਾਂ ਦੀ ਲਗਨ ਆਪਣੇ ਅੰਦਰ ਲਾਈ ਰੱਖ।1।ਰਹਾਉ।
ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ ॥
ਇਕਸ ਕੀ ਮਨਿ ਟੇਕ ਹੈ ਜਿਨਿ ਜੀਉ ਪਿੰਡੁ ਦਿਤਾ ॥
ਸੋ ਪ੍ਰਭੁ ਮਨਹੁ ਨ ਵਿਸਰੈ ਜਿਨਿ ਸਭੁ ਕਿਛੁ ਵਸਿ ਕੀਤਾ ॥2॥
ਹੇ ਮਨ, ਸਿਰਫ ਪਰਮਾਤਮਾ ਹੀ ਅਸਲ ਭਰਾ ਹੈ, ਮਿੱਤ੍ਰ ਹੈ, ਸਿਰਫ ਪਰਮਾਤਮਾ ਹੀ ਅਸਲ ਮਾਂ-ਪਿਉ ਹੈ, ਮਾਪਿਆਂ ਵਾਙ ਪਾਲਣ-ਹਾਰ ਹੈ। ਮੈਨੂੰ ਤਾਂ ਉਸ ਪਰਮਾਤਮਾ ਦਾ ਹੀ ਮਨ ਵਿਚ ਸਹਾਰਾ ਹੈ, ਜਿਸ ਨੇ ਜਿੰਦ ਦਿੱਤੀ ਹੈ, ਜਿਸ ਨੇ ਇਹ ਸਰੀਰ ਦਿੱਤਾ ਹੈ। ਮੇਰੀ ਸਦਾ ਇਹੀ ਅਰਦਾਸ ਹੈ ਕਿ ਜਿਸ ਪ੍ਰਭੂ ਨੇ ਸਭ-ਕੁਝ ਆਪਣੇ ਵੱਸ ਵਿਚ ਰੱਖਿਆ ਹੈ ਉਹ ਕਦੀ ਮੇਰੇ ਮਨ ਚੋਂ ਨਾ ਭੁੱਲੇ।2।
ਘਰਿ ਇਕੋ ਬਾਹਰਿ ਇਕੋ ਥਾਨ ਥਨੰਤਰਿ ਆਪ ॥
ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ ॥
ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ ॥3॥
ਹੇ ਭਾਈ, ਤੇਰੇ ਹਿਰਦੇ ਵਿਚ ਵੀ ਤੇ ਬਾਹਰ ਹਰ ਥਾਂ ਵੀ ਸਿਰਫ ਪਰਮਾਤਮਾ ਵੱਸ ਰਿਹਾ ਹੈ। ਹੇ ਭਾਈ ਅੱਠੇ ਪਹਰ ਉਸ ਪ੍ਰਭੂ
ਨੂੰ ਸਿਮਰ, ਜਿਸ ਨੇ ਸਾਰੇ ਜੀਅ-ਜੰਤ ਪੈਦਾ ਕੀਤੇ ਹਨ। ਜੇ ਸਿਰਫ ਪਰਮਾਤਮਾ ਦੇ ਰੰਗ ਵਿਚ ਰੰਗੇ ਰਹੀਏ ਤਾਂ ਕਦੇ ਕੋਈ ਦੁੱਖ-ਕਲੇਸ਼ ਨਹੀਂ ਪੋਂਹਦਾ।3।
ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ ॥
ਜੀਉ ਪਿੰਡੁ ਸਭੁ ਤਿਸ ਕਾ ਜੋ ਤਿਸੁ ਭਾਵੈ ਸੁ ਹੋਇ ॥
ਗੁਰਿ ਪੂਰੈ ਪੂਰਾ ਭਇਆ ਜਪਿ ਨਾਨਕ ਸਚਾ ਸੋਇ ॥ 4॥9॥79॥
ਪਾਰ-ਬ੍ਰਹਮ ਪਰਮਾਤਮਾ ਹੀ ਸਾਰੇ ਸੰਸਾਰ ਦਾ ਮਾਲਕ ਹੈ, ਕੋਈ ਹੋਰ ਉਸ ਦੇ ਬਰਾਬਰ ਦਾ ਨਹੀਂ ਹੈ। ਸਭ ਜੀਵਾਂ ਦਾ ਸਰੀਰ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, ਜਗਤ ਵਿਚ ਉਹੀ ਕੁਝ ਹੁੰਦਾ ਹੈ, ਜੋ ਉਸ ਨੂੰ ਚੰਗਾ ਲਗਦਾ ਹੈ। ਹੇ ਨਾਨਕ, ਜਿਹੜਾ ਮਨੁੱਖ ਗਰੂ ਦੀ ਰਾਹੀਂ ਉਸ ਸਦਾ-ਥਿਰ ਪਰਮਾਤਮਾ ਨੂੰ ਸਿਮਰਦਾ ਹੈ, ਉਹ ਸਭ ਗੁਣਾਂ ਵੱਲੋਂ ਪੂਰਾ ਹੋ ਜਾਂਦਾ ਹੈ ।4।9।79।
ਅਮਰ ਜੀਤ ਸਿੰਘ ਚੰਦੀ (ਚਲਦਾ)