ਗੁਰਬਾਣੀ ਦੀ ਸਰਲ ਵਿਆਖਿਆ ਭਾਗ(148)
ਸਿਰੀਰਾਗੁ ਮਹਲਾ 5 ॥
ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ ॥
ਜਿਨ ਕਉ ਆਪਿ ਦਇਆਲੁ ਹੋਇ ਤਿਨ ਉਪਜੈ ਮਨਿ ਗਿਆਨੁ ॥
ਜਿਨ ਕਉ ਮਸਤਕਿ ਲਿਖਿਆ ਤਿਨ ਪਾਇਆ ਹਰਿ ਨਾਮੁ ॥1॥
ਜਿਨ੍ਹਾਂ ਬੰਦਿਆਂ ਨੇ ਸ਼ਬਦ ਗੁਰੂ ਨਾਲ ਆਪਣਾ ਮਨ ਜੋੜਿਆ ਹੈ, ਉਹ ਸਾਰੇ ਗੁਣਾਂ ਵਾਲੇ ਹੋ ਜਾਂਦੇ ਹਨ, ਉਹ ਲੋਕ-ਪਰਲੋਕ
ਵਿਚ ਮੰਨੇ-ਪਰਮੰਨੇ ਹੋ ਜਾਂਦੇ ਹਨ। ਜਿਨ੍ਹਾਂ ਉੱਤੇ ਪਰਮਾਤਮਾ ਆਪ ਦਿਆਲ ਹੁੰਦਾ ਹੈ, ਉਨ੍ਹਾਂ ਦੇ ਮਨ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਹੁੰਦੀ ਹੈ। ਜਿਨ੍ਹਾਂ ਦੇ ਮੱਥੇ ਉੱਤੇ ਧੁਰੋਂ ਬਖਸ਼ਿਸ਼ ਦਾ ਲੇਖ ਲਿਖਿਆ ਹੋਇਆ ਉੱਘੜਦਾ ਹੈ, ਉਹ ਪਰਮਾਤਮਾ ਦਾ ਨਾਮ
ਪ੍ਰਾਪਤ ਕਰ ਲੈਂਦੇ ਹਨ।1।
ਮਨ ਮੇਰੇ ਏਕੋ ਨਾਮੁ ਧਿਆਇ ॥
ਸਰਬ ਸੁਖਾ ਸੁਖ ਊਪਜਹਿ ਦਰਗਹ ਪੈਧਾ ਜਾਇ ॥1॥ ਰਹਾਉ ॥
ਹੇ ਮੇਰੇ ਮਨ, ਸਿਰਫ ਪਰਮਾਤਮਾ ਦਾ ਨਾਮ ਸਿਮਰ। ਜਿਹੜਾ ਮਨੁੱਖ ਸਿਮਰਦਾ ਹੈ, (ਅੱਜ ਗੁਰਦਵਾਰਿਆਂ ਵਿਚ ਸਿਮਰਿਆ ਜਾਣ ਵਾਲਾ ਸਿਮਰਨ ਨਹੀਂ, ਮਨੋਂ ਯਾਦ ਕਰਨ ਵਾਲੀ ਗੱਲ ਹੋ ਰਹੀ ਹੈ) ਉਸ ਦੇ ਅੰਦਰ ਸਾਰੇ ਸ੍ਰੇਸ਼ਟ ਸੁਖ ਪੈਦਾ ਹੋ ਜਾਂਦੇ ਹਨ, ਉਹ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ।1।ਰਹਾਉ।
ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ ॥
ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ ॥
ਜਨਮ ਮਰਣ ਕੀ ਮਲੁ ਕਟੀਐ ਗੁਰ ਦਰਸਨੁ ਦੇਖਿ ਨਿਹਾਲ ॥2॥
ਜਿਹੜਾ ਮਨੁੱਖ ਗੋਪਾਲ-ਪ੍ਰਭੂ ਦੀ ਭਗਤੀ ਕਰਦਾ ਹੈ, ਪ੍ਰਭੂ ਨਾਲ ਪਿਆਰ ਕਰਦਾ ਹੈ, ਉਸ ਦਾ ਜਨਮ-ਮਰਨ ਦੇ ਗੇੜ ਵਿਚ ਪੈਣ ਦਾ ਡਰ ਦੂਰ ਹੋ ਜਾਂਦਾ ਹੈ, ਸਾਧ-ਸੰਗਤ ਵਿਚ ਰਹਿ ਕੇ ਉਹ ਪਵਿੱਤ੍ਰ ਜੀਵਨ ਵਾਲਾ ਹੋ ਜਾਂਦਾ ਹੈ, ਪਰਮਾਤਮਾ ਆਪ ਵਿਕਾਰਾਂ ਤੋਂ ਉਸ ਦੀ ਰਾਖੀ ਕਰਦਾ ਹੈ, ਗੁਰੂ ਦਾ ਦਰਸ਼ਨ ਕਰ ਕੇ, ਗੁਰੂ ਦੇ ਫਲਸਫੇ ਨੂੰ ਸਮਝ ਕੇ ਉਸ ਦਾ ਤਨ-ਮਨ ਖਿੜ ਪੈਂਦਾ ਹੈ, ਜਨਮ-ਮਰਨ ਦੇ ਗੇੜ ਵਿਚ ਪਾਣ ਵਾਲੀ, ਉਸ ਦੀ ਵਿਕਾਰਾਂ ਦੀ ਮੈਲ ਕੱਟੀ ਜਾਂਦੀ ਹੈ ।2।
ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ ॥
ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ ॥
ਤਿਸੁ ਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਇ ॥3॥
ਹੇ ਮੇਰੇ ਮਨ, ਉਹ ਪਾਰ-ਬ੍ਰਹਮ ਪਰਮਾਤਮਾ ਹਰੇਕ ਥਾਂ ਵਿਚ ਵਿਆਪਕ ਹੈ। ਉਹ ਆਪ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ. ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ। ਸੰਸਾਰ ਵਿਚ ਉਹੀ ਕੁਝ ਹੁੰਦਾ ਹੈ, ਜੋ ਉਹ ਕਰਨਾ ਚਾਹੁੰਦਾ, ਉਸ ਦੀ ਸਰਨ ਪਿਆਂ, ਵਿਕਾਰਾਂ ਤੋਂ ਖਲਾਸੀ ਹੁੰਦੀ ਹੈ ।3।
ਜਿਨ ਮਨਿ ਵਸਿਆ ਪਾਰਬ੍ਰਹਮੁ ਸੇ ਪੂਰੇ ਪਰਧਾਨ ॥
ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ ॥
ਜਿਨੀ ਮੇਰਾ ਪ੍ਰਭੁ ਧਿਆਇਆ ਨਾਨਕ ਤਿਨ ਕੁਰਬਾਨ ॥4॥10॥80॥
ਹੇ ਭਾਈ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਾਰ-ਬ੍ਰਹਮ ਪਰਮੇਸਰ ਦਾ ਨਾਮ ਵੱਸ ਪੈਂਦਾ ਹੈ, ਉਨ੍ਹਾਂ ਦੇ ਅੰਦਰ ਸਾਰੇ ਗੁਣ ਪੈਦਾ ਹੋ ਜਾਂਦੇ ਹਨ, ਉਹ ਹਰ ਥਾਂ ਆਦਰ ਪਾਂਦੇ ਹਨ। ਉਨ੍ਹਾਂ ਦੀ ਬੇ-ਦਾਗ ਸੋਭਾ-ਵਡਿਆਈ ਸਾਰੇ ਜਹਾਨ ਵਿਚ ਉੱਘੀ ਹੋ ਜਾਂਦੀ ਹੈ।
ਹੇ ਨਾਨਕ, ਆਖ, ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਦਾ ਸਿਮਰਨ ਕੀਤਾ ਹੈ, ਮੈਂ ਉਨ੍ਹਾਂ ਦੇ ਸਦਕੇ ਜਾਂਦਾ ਹਾਂ।4।10।80।
ਅਮਰ ਜੀਤ ਸਿੰਘ ਚੰਦੀ (ਚਲਦਾ)