ਗੁਰਬਾਣੀ ਦੀ ਸਰਲ ਵਿਆਖਿਆ ਭਾਗ(149)
ਸਿਰੀਰਾਗੁ ਮਹਲਾ 5 ॥
ਮਿਲਿ ਸਤਿਗੁਰ ਸਭੁ ਦੁਖੁ ਗਇਆ ਹਰਿ ਸੁਖੁ ਵਸਿਆ ਮਨਿ ਆਇ ॥
ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ ॥
ਮਿਲਿ ਸਾਧੂ ਮੁਖੁ ਊਜਲਾ ਪੂਰਬਿ ਲਿਖਿਆ ਪਾਇ ॥
ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਾਚੈ ਨਾਇ ॥1॥
ਸ਼ਬਦ-ਗੁਰੂ ਨੂੰ ਮਿਲ ਕੇ ਮਨੁੱਖ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ ਕੇ, ਮਨੁੱਖ ਦੇ
ਮਨ ਵਿਚ ਪਰਮਾਤਮਾ ਦੀ ਜੋਤ ਦਾ ਚਾਨਣ ਹੋ ਜਾਂਦਾ ਹੈ। ਗੁਰੂ ਨੂੰ ਮਿਲ ਕੇ ਮਨੁੱਖ ਦਾ ਮਨ ਗਿਆਨ ਨਾਲ ਰੋਸ਼ਨ ਹੋ ਜਾਂਦਾ ਹੈ,
ਚਿਹਰੇ ਉੱਤੇ ਅੰਦਰਲੇ ਆਤਮਕ ਜੀਵਨ ਦੀ ਲਾਲੀ ਆ ਜਾਂਦੀ ਹੈ, ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਹੋਇਆ ਲੇਖ ਉੱਘੜ ਪੈਂਦਾ ਹੈ, ਸਦਾ-ਥਿਰ ਪ੍ਰਭੂ ਦੇ ਪਵਿੱਤ੍ਰ ਨਾਮ ਵਿਚ ਜੁੜ ਕੇ ਮਨੁੱਖ ਸਦਾ ਗੋਬਿੰਦ ਦੇ ਗੁਣ ਗਾਵਣ ਦਾ ਆਹਰ ਕਰਦਾ ਹੈ।1।
ਮੇਰੇ ਮਨ ਗੁਰ ਸਬਦੀ ਸੁਖੁ ਹੋਇ ॥
ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ ॥1॥ ਰਹਾਉ ॥
ਹੇ ਮੇਰੇ ਮਨ, ਗੁਰੂ ਦੇ ਸ਼ਬਦ ਨਾਲ ਜੁੜਿਆਂ ਆਤਮਕ ਆਨੰਦ ਮਿਲਦਾ ਹੈ, ਜਿਹੜਾ ਵੀ ਕੋਈ ਮਨੁੱਖ ਸ਼ਬਦ ਗੁਰੂ ਦੀ ਸੇਵਾ ਕਰਦਾ ਹੈ, ਗੁਰੂ ਦੇ ਸ਼ਬਦ ਦੀ ਸਿਖਿਆ ਅਨੁਸਾਰ ਤੁਰਦਾ ਹੈ, ਉਹ ਗੁਰੂ ਦੇ ਦਰ ਤੋਂ ਖਾਲੀ ਨਹੀਂ ਜਾਂਦਾ।1।ਰਹਾਉ।
ਮਨ ਕੀਆ ਇਛਾਂ ਪੂਰੀਆ ਪਾਇਆ ਨਾਮੁ ਨਿਧਾਨੁ ॥
ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ ॥
ਗੁਰ ਪਰਸਾਦੀ ਮੁਖੁ ਊਜਲਾ ਜਪਿ ਨਾਮੁ ਦਾਨੁ ਇਸਨਾਨੁ ॥
ਕਾਮੁ ਕ੍ਰੋਧੁ ਲੋਭੁ ਬਿਨਸਿਆ ਤਜਿਆ ਸਭੁ ਅਭਿਮਾਨੁ ॥2॥
ਗੁਰੂ ਦੇ ਸ਼ਬਦ ਨਾਲ ਜੁੜ ਕੇ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ-ਖਜ਼ਾਨਾ ਲੱਭ ਲੈਂਦਾ ਹੈ, ਉਸ ਦੇ ਮਨ ਦੀਆਂ ਸਾਰੀਆਂ
ਇੱਛਾਂ ਪੂਰਨ ਹੋ ਜਾਂਦੀਆਂ ਹਨ, ਉਸ ਦਾ ਮਨ ਦੁਨਿਆਵੀ ਵਾਸਨਾਂ ਪਿੱਛੇ ਦੋੜਨੋਂ ਹਟ ਜਾਂਦਾ ਹੈ। ਹਰੇਕ ਦੇ ਦਿਲ ਦੀ ਜਾਨਣ ਵਾਲਾ ਪਰਮਾਤਮਾ ਉਸ ਮਨੁੱਖ ਨੂੰ ਸਦਾ ਆਪਣੇ ਅੰਗ-ਸੰਗ ਦਿਸਦਾ ਹੈ, ਸਿਰਜਣਹਾਰ ਪ੍ਰਭੂ ਉਸ ਨੂੰ ਆਪਣਾ ਮਿੱਤ੍ਰ ਜਾਪਦਾ ਹੈ। ਗੁਰੂ ਦੀ
ਕਿਰਪਾ ਨਾਲ, ਪਰਮਾਤਮਾ ਦਾ ਨਾਮ ਜਪ ਕੇ, ਦੂਜਿਆਂ ਦੀ ਸੇਵਾ ਕਰ ਕੇ, ਪਵਿੱਤ੍ਰ ਆਚਰਣ ਆਸਰੇ ਉਸ ਦਾ ਚਿਹਰਾ ਖਿਲ ਜਾਂਦਾ ਹੈ। ਉਸ ਮਨੁੱਖ ਦੇ ਅੰਦਰੋਂ ਕਾਮ ਕ੍ਰੋਧ ਲੋਭ ਨਾਸ ਹੋ ਜਾਂਦਾ ਹੈ, ਉਹ ਮਨੁੱਖ ਅਹੰਕਾਰ ਉੱਕਾ ਹੀ ਛੱਡ ਦੇਂਦਾ ਹੈ।2।
ਪਾਇਆ ਲਾਹਾ ਲਾਭੁ ਨਾਮੁ ਪੂਰਨ ਹੋਏ ਕਾਮ ॥
ਕਰਿ ਕਿਰਪਾ ਪ੍ਰਭਿ ਮੇਲਿਆ ਦੀਆ ਅਪਣਾ ਨਾਮੁ ॥
ਆਵਣ ਜਾਣਾ ਰਹਿ ਗਇਆ ਆਪਿ ਹੋਆ ਮਿਹਰਵਾਨੁ ॥
ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ ॥3॥
ਪ੍ਰਭੂ ਨੇ ਕਿਰਪਾ ਕਰ ਕੇ ਜਿਸ ਮਨੁੱਖ ਨੂੰ ਆਪਣੇ ਚਰਨਾਂ ਨਾਲ ਜੋੜ ਲਿਆ ਤੇ ਆਪਣਾ ਨਾਮ ਬਖਸ਼ਿਆ, ਉਾਸ ਨੇ ਜਦੋਂ
ਪਰਮਾਤਮਾ ਦਾ ਨਾਮ ਜੀਵਨ ਦੇ ਵਣਜ ਵਿਚ, ਲਾਭ ਵਜੋਂ ਹਾਸਲ ਕਰ ਲਿਆ ਤਾਂ ਉਸ ਦੇ ਸਾਰੇ ਕੰਮ ਸਫਲੇ ਹੋ ਗਏ, ਤ੍ਰਿਸ਼ਨਾ
ਅਧੀਨ ਹੋ ਰਹੀ ਦੌੜ-ਭੱਜ ਖਤਮ ਹੋ ਗਈ। ਜਿਸ ਮਨੁੱਖ ਤੇ ਪ੍ਰਭੂ ਆਪ ਮਿਹਰ ਕਰਦਾ ਹੈ, ਉਸ ਦਾ ਜਨਮ-ਮਰਨ ਦਾ ਗੇੜ ਮੁੱਕ
ਜਾਂਦਾ ਹੈ, ਗੁਰੂ ਦਾ ਸ਼ਬਦ ਉਸ ਮਨੁੱਖ ਦਾ ਜੀਵਨ-ਸਾਥੀ ਬਣ ਜਾਂਦਾ ਹੈ, ਸਦਾ-ਥਿਰ ਪ੍ਰਭੂ ਦੇ ਚਰਨ, ਉਸ ਨੂੰ ਐਸਾ ਟਿਕਾਣਾ ਮਿਲ ਜਾਂਦਾ ਹੈ, ਜਿਸ ਨੂੰ ਉਹ ਆਪਣਾ ਆਤਮਕ ਘਰ ਬਣਾ ਲੈਂਦਾ ਹੈ ।3।
ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰਿ ॥
ਹਲਤਿ ਪਲਤਿ ਮੁਖ ਊਜਲੇ ਸਾਚੇ ਕੇ ਗੁਣ ਸਾਰਿ ॥
ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ ॥
ਪਾਰਬ੍ਰਹਮੁ ਸੁਖ ਸਾਗਰੋ ਨਾਨਕ ਸਦ ਬਲਿਹਾਰ ॥4॥11॥81॥
ਆਪਣੀ ਕਿਰਪਾ ਕਰ ਕੇ ਪ੍ਰਭੂ ਆਪਣੇ ਭਗਤਾਂ ਨੂੰ ਕਾਮ ਕ੍ਰੋਧ ਲੋਭ ਆਦਿ ਵਿਕਾਰਾਂ ਤੋਂ ਬਚਾ ਕੇ ਰੱਖਦਾ ਹੈ। ਸਦਾ-ਥਿਰ ਪ੍ਰਭੂ ਦੇ ਗੁਣ ਹਿਰਦੇ ਵਿਚ ਸੰਭਾਲ ਕੇ ਉਨ੍ਹਾਂ ਭਗਤਾਂ ਦੇ ਮੂੰਹ ਇਸ ਲੋਕ ਵਿਚ ਤੇ ਪਰਲੋਕ ਵਿਚ ਰੌਸ਼ਨ ਹੋ ਜਾਂਦੇ ਹਨ। ਉਹ ਭਗਤ ਬੇ-ਅੰਤ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਤੇ ਅੱਠੇ ਪਹਰ ਉਸ ਦੇ ਗੁਣ ਆਪਣੇ ਹਿਰਦੇ ਵਿਚ ਸੰਭਾਲਦੇ ਹਨ। ਹੇ ਨਾਨਕ, ਪਾਰ-ਬ੍ਰਹਮ ਪਰਮਾਤਮਾ ਉਨ੍ਹਾਂ ਨੂੰ ਸਾਰੇ ਸੁਖਾਂ ਦਾ ਸਮੁੰਦਰ ਦਿਸਦਾ ਹੈ, ਤੇ ਉਹ ਉਸ ਤੋਂ ਸਦਾ ਸਦਕੇ ਹੁੰਦੇ ਹਨ।4।11।81।
ਅਮਰ ਜੀਤ ਸਿੰਘ ਚੰਦੀ (ਚਲਦਾ)