ਗੁਰਬਾਣੀ ਦੀ ਸਰਲ ਵਿਆਖਿਆ ਭਾਗ(150)
ਸਿਰੀਰਾਗੁ ਮਹਲਾ 5 ॥
ਪੂਰਾ ਸਤਿਗੁਰ ਜੇ ਮਿਲੈ ਪਾਈਐ ਸਬਦੁ ਨਿਧਾਨੁ ॥
ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ ॥
ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ ॥1॥
ਹੇ ਮਨ, ਜੇ ਸ਼ਬਦ ਗੁਰੂ ਮਿਲ ਪਵੇ ਤਾਂ ਉਸ ਪਾਸੋਂ ਪਰਮਾਤਮਾ ਦੀ ਸਿਫਤ-ਸਾਲਾਹ ਦਾ ਖਜ਼ਾਨਾਂ ਮਿਲ ਜਾਂਦਾ ਹੈ। ਹੇ ਪ੍ਰਭੂ ਆਪਣੀ ਮਿਹਰ ਕਰ, ਸ਼ਬਦ ਗੁਰੂ ਮਿਲਾ ਤਾਂ ਜੋ ਆਤਮਕ ਜੀਵਨ ਦੇਣ ਵਾਲਾਂ ਤੇਰਾ ਨਾਮ ਅਸੀਂ ਜਪ ਸਕੀਏ, ਅਸੀਂ ਆਪਣਾ
ਜਨਮ-ਮਰਨ ਦੇ ਗੇੜ ਵਿਚ ਪੈਣ ਵਾਲਾ ਦੁੱਖ ਦੂਰ ਕਰ ਸਕੀਏ, ਤੇ ਸਾਡੀ ਸੁਰਤ ਆਤਮਕ ਅਡੋਲਤਾ ਵਿਚ ਟਿਕ ਜਾਏ ।1।
ਮੇਰੇ ਮਨ ਪ੍ਰਭ ਸਰਣਾਈ ਪਾਇ ॥
ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ ॥1॥ ਰਹਾਉ ॥
ਹੇ ਮੇਰੇ ਮਨ ਪ੍ਰਭੂ ਦੀ ਸਰਨ ਪਉ। ਪ੍ਰਭੂ ਤੋਂ ਬਿਨਾ ਹੋਰ ਕੋਈ ਰਾਖਾ ਨਹੀਂ ਹੈ। ਤੂੰ ਪ੍ਰਭੂ ਦਾ ਹੀ ਨਾਮ ਸਿਮਰ। ।1।ਰਹਾਉ।
ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ ॥
ਵਡਭਾਗੀ ਮਿਲੁ ਸੰਗਤੀ ਸਚਾ ਸਬਦੁ ਵਿਸਾਹੁ ॥
ਕਰਿ ਸੇਵਾ ਸੁਖ ਸਾਗਰੈ ਸਿਰਿ ਸਾਹਾ ਪਾਤਿਸਾਹੁ ॥2॥
ਪਰਮਾਤਮਾ ਸਾਰੇ ਗੁਣਾਂ ਦਾ ਸਮੁੰਦਰ ਹੈ, ਐਸਾ ਸਮੁੰਦਰ ਹੈ ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ, ਜਿਸ ਦੀ ਡੂੰਘਾਈ
ਨਹੀਂ ਲੱਭ ਸਕਦੀ, ਉਸ ਦਾ ਮੁੱਲ ਹੀ ਨਹੀਂ ਦੱਸਿਆ ਜਾ ਸਕਦਾ, ਭਾਵ, ਦੁਨੀਆਂ ਦੀਆਂ ਚੀਜ਼ਾਂ ਵਿਚ ਕੋਈ ਵੀ ਕੀਮਤੀ ਤੋਂ ਕੀਮਤੀ ਚੀਜ਼ ਅਜਿਹੀ ਨਹੀਂ ਹੈ, ਜਿਸ ਦੇ ਵੱਟੇ ਪਰਮਾਤਮਾ ਮਿਲ ਸਕੇ। ਹੇ ਵੱਡੇ ਭਾਗਾਂ ਵਾਲੇ ਮੇਰੇ ਮਨ, ਸਾਧ-ਸੰਗਤ ਵਿਚ ਮਿਲ ਬੈਠ, ਤੇ ਓਥੋਂ ਸਦਾ-ਥਿਰ ਰਹਣ ਵਾਲੇ ਪਰਮਾਤਮਾ ਦੀ ਸਿਫਤ-ਸਾਲਾਹ ਦੀ ਬਾਣੀ ਦਾ ਸੌਦਾ ਖਰੀਦ। ਸਾਧ-ਸੰਗਤ ਵਿਚੋਂ ਜਾਚ ਸਿੱਖ ਕੇ, ਸੁਖਾਂ ਦੇ ਸਮੁੰਦਰ ਪ੍ਰਭੂ ਦੀ ਸੇਵਾ-ਭਗਤੀ ਕਰ, ਉਹ ਪ੍ਰਭੂ ਦੁਨੀਆ ਦੇ ਸ਼ਾਹਾਂ ਦੇ ਸਿਰ ਉੱਤੇ ਪਾਤਸ਼ਾਹ ਹੈ ।2।
ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ ॥
ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥
ਨਿਮਾਣਿਆ ਪ੍ਰਭੁ ਮਾਣੁ ਤੂੰ ਤੇਰੈ ਸੰਗਿ ਸਮਾਉ ॥3॥
ਹੇ ਪਾਰ-ਬ੍ਰਹਮ, ਮੈਨੂੰ ਤੇਰੇ ਹੀ ਸੋਹਣੇ ਚਰਨਾਂ ਦਾ ਆਸਰਾ ਹੈ। ਤੈਥੋਂ ਬਿਨਾ ਮੇਰਾ ਹੋਰ ਕੋਈ ਥਾਂ ਨਹੀਂ ਹੈ, ਮੈਨੂੰ ਤੇਰੀ ਹੀ ਓਟ ਹੈ, ਮੈਂ ਤੇਰੇ ਦਿੱਤੇ ਬਲ ਨਾਲ ਹੀ ਜੀਊਂਦਾ ਹਾਂ। ਹੇ ਪ੍ਰਭੂ, ਜਿਨ੍ਹਾਂ ਨੂੰ ਜਗਤ ਵਿਚ ਕੋਈ ਆਦਰ-ਮਾਣ ਨਹੀਂ ਦੇਂਦਾ, ਤੂੰ ਉਨ੍ਹਾਂ ਦੇ ਵੀ ਮਾਣ ਦਾ ਵਸੀਲਾ ਹੈਂ, ਮਿਹਰ ਕਰ ਮੈਂ ਤੇਰੇ ਚਰਨਾਂ ਵਿਚ ਲੀਨ ਰਹਾਂ।3।
ਹਰਿ ਜਪੀਐ ਆਰਾਧੀਐ ਆਠ ਪਹਰ ਗੋਵਿੰਦੁ ॥
ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ ॥
ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦੁ ॥4॥12॥82॥
ਹੇ ਮੇਰੇ ਮਨ, ਅੱਠੇ ਪਹਰ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਗੋਬਿੰਦ ਨੂੰ ਅਰਾਧਣਾ ਚਾਹੀਦਾ ਹੈ। ਪਰਮਾਤਮਾ, ਸਰਨ ਆਏ ਜੀਵਾਂ ਦੇ ਪ੍ਰਾਣਾਂ ਨੂੰ ਵਿਕਾਰਾਂ ਤੋਂ ਬਚਾਂਦਾ ਹੈ, ਗਿਆਨ ਇੰਦ੍ਰਿਆਂ ਨੂੰ ਵਿਕਾਰਾਂ ਤੋਂ ਬਚਾਂਦਾ ਹੈ।
ਹੇ ਨਾਨਕ, ਪ੍ਰਭੂ ਪਾਰ-ਬ੍ਰਹਮ ਬਖਸ਼ਣਹਾਰ ਹੈ, ਉਹ ਸਰਨ ਆਇਆਂ ਦੇ ਸਾਰੇ ਪਾਪ ਦੂਰ ਕਰ ਦੇਂਦਾ ਹੈ ।4।12।82।
ਅਮਰ ਜੀਤ ਸਿੰਘ ਚੰਦੀ (ਚਣਲਦਾ)