ਗੁਰਬਾਣੀ ਦੀ ਸਰਲ ਵਿਆਖਿਆ ਭਾਗ(151)
ਸਿਰੀਰਾਗੁ ਮਹਲਾ 5 ॥
ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ ॥
ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ ॥
ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਭਾਇ ॥
ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ ॥1॥
ਹੇ ਮਾਂ, ਹੁਣ ਮੇਰੀ ਪ੍ਰੀਤ ਉਸ ਸਦਾ-ਥਿਰ ਰਹਣ ਵਾਲੇ ਪਰਮਾਤਮਾ ਨਾਲ ਲੱਗ ਗਈ ਹੈ। ਜੋ ਕਦੇ ਮਰਦਾ ਨਹੀਂ, ਜੋ ਜਨਮ-ਮਰਨ ਦੇ ਗੇੜ ਤੋਂ ਬਾਹਰ ਹੈ। ਉਹ ਵਛੋੜਿਆਂ, ਵਿਛੜਦਾ ਵੀ ਨਹੀਂ। ਹੇ ਮਾਂ, ਉਹ ਪਰਮਾਤਮਾ ਸਭ ਜੀਵਾਂ ਵਿਚ ਸਮਾ ਰਿਹਾ ਹੈ।
ਹੇ ਮਾਂ, ਗਰੀਬਾਂ ਦੇ ਦੁੱਖ-ਦਰਦ ਨਾਸ ਕਰਨ ਵਾਲਾ ਉਹ ਪ੍ਰਭੂ, ਸੇਵਕ ਨੂੰ, ਉਸ ਦੀ ਭਲੀ-ਭਾਵਨਾ ਨਾਲ ਮਿਲਦਾ ਹੈ। ਉਸ ਪ੍ਰਭੂ ਦਾ ਸੁੰਦਰ ਰੂਪ ਹੈ, ਉਸ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ। ਹੇ ਮਾਂ, ਉਹ ਪ੍ਰਭੂ ਮੈਨੂੰ ਮੇਰੇ ਗੁਰੂ ਨੇ ਮਿਲਾ ਦਿੱਤਾ ਹੈ ।1।
ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ ॥
ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ ॥1॥ ਰਹਾਉ ॥
ਹੇ ਭਾਈ, ਤੂੰ ਵੀ ਉਸ ਪ੍ਰਭੂ ਨੂੰ ਆਪਣਾ ਮਿੱਤ੍ਰ ਬਣਾ। ਮਾਇਆ ਦਾ ਮੋਹ, ਮਾਇਆ ਦੀ ਪ੍ਰੀਤ, ਫਿਟਕਾਰ-ਜੋਗ ਹੈ, ਇਸ ਨੂੰ ਛੱਡ ਦੇਹ, ਮਾਇਆ ਦੇ ਮੋਹ ਵਿਚ ਫਸਿਆ ਹੋਇਆ ਕੋਈ ਵੀ ਬੰਦਾ ਸੁਖੀ ਨਹੀਂ ਦਿਸਦਾ ।1।ਰਹਾਉ।
ਦਾਨਾ ਦਾਤਾ ਸੀਲਵੰਤੁ ਨਿਰਮਲੁ ਰੂਪੁ ਅਪਾਰੁ ॥
ਸਖਾ ਸਹਾਈ ਅਤਿ ਵਡਾ ਊਚਾ ਵਡਾ ਅਪਾਰੁ ॥
ਬਾਲਕੁ ਬਿਰਧਿ ਨ ਜਾਣੀਐ ਨਿਹਚਲੁ ਤਿਸੁ ਦਰਵਾਰੁ ॥
ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰੁ ॥2॥
ਹੇ ਭਾਈ, ਉਹ ਪਰਮਾਤਮਾ, ਸਭ ਦੇ ਦਿਲਾਂ ਦੀ ਜਾਨਣ ਵਾਲਾ ਹੈ, ਸਭ ਨੂੰ ਦਾਤਾਂ ਦੇਣ ਵਾਲਾ ਹੈ, ਮਿੱਠੇ ਸੁਭਾਉ ਵਾਲਾ ਹੈ, ਪਵਿੱਤ੍ਰ ਸਰੂਪ ਹੈ, ਬੇਅੰਤ ਸੋਹਣੇ ਰੂਪ ਵਾਲਾ ਹੈ। ਉਹੀ ਸਭ ਤੋਂ ਵੱਡਾ ਮਿੱਤ੍ਰ ਹੈ, ਤੇ ਮਦਦ ਕਰਨ ਵਾਲਾ ਹੈ, ਉੱਚਾ ਹੈ, ਬੇਅੰਤ ਹੈ, ਵੱਡਾ ਹੈ। ਨਾ ਉਹ ਕਦੇ ਬਾਲ ਉਮਰ ਵਾਲਾ ਹੁੰਦਾ ਹੈ, ਨਾ ਉਹ ਕਦੇ ਬੁੱਢਾ ਹੈ, ਭਾਵ ਜੀਵਾਂ ਵਾਙ ਉਸ ਦੀ ਉਮਰ ਵਧਦੀ ਘਟਦੀ ਨਹੀਂ। ਉਸ ਪ੍ਰਭੂ ਦਾ ਦਰਬਾਰ ਅਟੱਲ ਹੈ, ਉਸ ਦਾ ਹੁਕਮ ਮੋੜਿਆ ਨਹੀਂ ਜਾ ਸਕਦਾ। ਉਸ ਪਰਮਾਤਮਾ ਦੇ ਦਰ ਤੋਂ ਜੋ ਕੁਝ
ਮੰਗੀਦਾ ਹੈ, ਉਹੀ ਮਿਲ ਜਾਂਦਾ ਹੈ। ਪਰਮਾਤਮਾ ਨਿਆਸਰਿਆਂ ਦਾ ਆਸਰਾ ਹੈ।2।
ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ ॥
ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ ॥
ਗੁਣ ਨਿਧਾਨੁ ਨਵਤਨੁ ਸਦਾ ਪੂਰਨ ਜਾ ਕੀ ਦਾਤਿ ॥
ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ ਰਾਤਿ ॥3॥
ਹੇ ਭਾਈ, ਜਿਸ ਪਰਮਾਤਮਾ ਦਾ ਦਰਸ਼ਨ ਕੀਤਿਆਂ ਸਾਰੇ ਪਾਪ ਖਤਮ ਹੋ ਜਾਂਦੇ ਹਨ, ਜਿਸ ਦੇ ਦਰਸ਼ਨ ਨਾਲ ਮਨ ਵਿਚ ਤੇ ਸਰੀਰ ਵਿਚ ਆਤਮਕ ਠੰਡ ਪੈ ਜਾਂਦੀ ਹੈ, ਆਪਣੇ ਮਨ ਦੀ ਮਾਇਆ ਵੱਲ ਦੀ ਭਟਕਣਾ ਦੂਰ ਕਰ ਕੇ, ਉਸ ਪਰਮਾਤਮਾ ਨੂੰ ਮਨ ਲਾ ਕੇ ਸਿਮਰਨਾ ਚਾਹੀਦਾ ਹੈ। ਹੇ ਭਾਈ, ਜਿਸ ਪਰਮਾਤਮਾ ਦੀ ਦਿੱਤੀ ਦਾਤ ਕਦੇ ਮੁਕਦੀ ਨਹੀਂ, ਜੋ ਦਾਤਾਂ ਦੇ ਦੇ ਕੇ ਕਦੇ ਅੱਕਦਾ ਨਹੀਂ ਜੋ ਸਾਰੇ ਗੁਣਾਂ ਦਾ ਖਜ਼ਾਨਾ ਹੈ, ਉਸ ਨੂੰ ਸਦਾ ਸਿਮਰਨਾ ਚਾਹੀਦਾ ਹੈ। ਨਾ ਦਿਨ ਨੂੰ ਨਾ ਰਾਤ ਨੂੰ, ਉਸ ਨੂੰ ਕਦੇ ਵੀ ਭੁਲਾਉ ਨਾ ।3। ਜਿਨ ਕਉ ਪੂਰਬਿ ਲਿਖਿਆ ਤਿਨ ਕਾ ਸਖਾ ਗੋਵਿੰਦੁ ॥
ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ ॥
ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁ ਰਵਿੰਦੁ ॥
ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ ॥4॥13॥83॥
ਹੇ ਭਾਈ ਜਿਨ੍ਹਾਂ ਬੰਦਿਆਂ ਦੇ ਮੱਥੇ ਤੇ ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲੇਖ ਉੱਘੜਦਾ ਹੈ, ਪਰਮਾਤਮਾ ਉਨ੍ਹਾਂ ਦਾ ਮਿੱਤ੍ਰ ਬਣ ਜਾਂਦਾ ਹੈ। ਮੈਂ ਤਾਂ ਆਪਣਾ ਸਰੀਰ, ਆਪਣਾ ਮਨ, ਆਪਣਾ ਧਨ, ਸਭ ਕੁਝ ਉਸ ਦਾ ਪਿਆਰ ਹਾਸਲ ਕਰਨ ਲਈ, ਅਰਪਨ ਕਰਨ ਨੂੰ ਤਿਆਰ ਹਾਂ। ਹੇ ਭਾਈ, ਪ੍ਰਭੂ ਦਾ ਪ੍ਰੇਮ ਹਾਸਲ ਕਰਨ ਲਈ ਇਹ ਸਾਰੀ ਜਿੰਦ ਕੁਰਬਾਨ ਕਰ ਦੇਣੀ ਚਾਹੀਦੀ ਹੈ। ਉਹ ਪਰਮਾਤਮਾ ਅੰਗ ਸੰਗ ਰਹਿ ਕੇ, ਹਰੇਕ ਜੀਵ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ, ਹਰੇਕ ਜੀਵ ਦੀਆਂ ਅਰਦਾਸਾਂ ਸੁਣਦਾ ਹੈ, ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ।
ਹੇ ਨਾਨਕ, ਅਰਦਾਸ ਕਰ ਤੇ ਆਖ, ਹੇ ਪ੍ਰਭੂ, ਤੂੰ ਉਨ੍ਹਾਂ ਨੂੰ ਵੀ ਪਾਲਦਾ ਹੈਂ ਜੋ ਤੇਰੇ ਕੀਤੇ ਉਪਕਾਰਾਂ ਨੂੰ ਭੁਲਾ ਦੇਂਦੇ ਹਨ, ਤੂੰ ਸਦਾ ਹੀ, ਜੀਵਾਂ ਦੀਆਂ ਭੁੱਲਾਂ ਬਖਸ਼ਣ ਵਾਲਾ ਹੈਂ ।4।13।83।
ਅਮਰ ਜੀਤ ਸਿੰਘ ਚੰਦੀ (ਚਲਦਾ)