ਗੁਰਬਾਣੀ ਦੀ ਸਰਲ ਵਿਆਖਿਆ ਭਾਗ(152)
ਸਿਰੀਰਾਗੁ ਮਹਲਾ 5 ॥
ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ ॥
ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ ॥
ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰ ਧਾਰਿ ॥1॥
ਜਿਸ ਪ੍ਰਭੂ ਨੇ ਇਹ ਮਨ ਦਿੱਤਾ ਹੈ, ਵਰਤਣ ਲਈ ਇਹ ਧਨ ਦਿੱਤਾ ਹੈ, ਜਿਸ ਪ੍ਰਭੂ ਨੇ ਮਨੁੱਖ ਦੇ ਸਰੀਰ ਨੂੰ ਸਵਾਰ-ਬਣਾ ਕੇ ਰੱਖਿਆ ਹੈ, ਸਰੀਰ ਵਿਚ ਸਾਰੀਆਂ ਸਰੀਰਕ ਤਾਕਤਾਂ ਪੈਦਾ ਕਰ ਕੇ ਸਰੀਰ ਰਚਿਆ ਹੈ, ਤੇ ਸਰੀਰ ਵਿਚ ਆਪਣੀ ਬੇ-ਅੰਤ ਜੋਤ ਟਿਕਾ ਦਿੱਤੀ ਹੈ, ਹੇ ਭਾਈ ਉਸ ਪ੍ਰਭੂ ਨੂੰ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ। ਹੇ ਭਾਈ, ਆਪਣੇ ਹਿਰਦੇ ਵਿਚ ਉਸ ਦੀ ਯਾਦ ਟਿਕਾ ਰੱਖ ।1।
ਮੇਰੇ ਮਨ ਹਰਿ ਬਿਨੁ ਅਵਰੁ ਨ ਕੋਇ ॥
ਪ੍ਰਭ ਸਰਣਾਈ ਸਦਾ ਰਹੁ ਦੂਖੁ ਨ ਵਿਆਪੈ ਕੋਇ ॥1॥ ਰਹਾਉ ॥
ਹੇ ਮੇਰੇ ਮਨ, ਪਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਅਸਲ ਰਾਖਾ ਨਹੀਂ ਹੈ। ਤੂੰ ਸਦਾ ਪਰਮਾਤਮਾ ਦੀ ਸਰਨ ਪਿਆ ਰਹੁ, ਕੋਈ ਵੀ ਦੁੱਖ ਤੇਰੇ ਉੱਤੇ ਜੋਰ ਨਹੀਂ ਪਾ ਸਕੇਗਾ ।1।ਰਹਾਉ।
ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ ॥
ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ ॥
ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ ॥2॥
ਰਤਨ-ਮੋਤੀ ਆਦਿ ਕੀਮਤੀ ਪਦਾਰਥ, ਸੋਨਾ-ਚਾਂਦੀ, ਇਹ ਸਭ ਮਿੱਟੀ ਸਮਾਨ ਹੀ ਹਨ, ਕਿਉਂਕਿ ਏਥੇ ਹੀ ਰਹਿ ਜਾਣਗੇ। ਮਾਂ ਪਿਉ ਪੁੱਤ੍ਰ ਤੇ ਹੋਰ ਸੰਬੰਧੀ, ਇਹ ਸਾਰੇ ਸਾਕ ਵੀ, ਸਾਥ ਛੱਡ ਜਾਣ ਵਾਲੇ ਹਨ। ਇਹ ਵੇਖ ਕੇ ਵੀ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਗੰਦੇ ਜੀਵਨ ਵਾਲਾ, ਪਸ਼ੂ-ਸੁਭਾਉ ਮਨੁੱਖ, ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ, ਜਿਸ ਨੇ ਇਸ ਨੂੰ ਪੈਦਾ ਕੀਤਾ ਹੈ।2।
ਅੰਤਰਿ ਬਾਹਰਿ ਰਵਿ ਰਹਿਆ ਤਿਸ ਨੋ ਜਾਣੈ ਦੂਰਿ ॥
ਤ੍ਰਿਸਨਾ ਲਾਗੀ ਰਚਿ ਰਹਿਆ ਅੰਤਰਿ ਹਉਮੈ ਕੂਰਿ ॥
ਭਗਤੀ ਨਾਮ ਵਿਹੂਣਿਆ ਆਵਹਿ ਵੰਞਹਿ ਪੂਰ ॥3॥
ਮੂਰਖ ਮਨੁੱਖ, ਉਸ ਪਰਮਾਤਮਾ ਨੂੰ ਕਿਤੇ ਦੂਰ ਵਸਦਾ ਸਮਝਦਾ ਹੈ, ਜੋ ਇਸ ਦੇ ਅੰਦਰ ਤੇ ਬਾਹਰ ਹਰ ਥਾਂ ਮੌਜੂਦ ਹੈ। ਜੀਵ ਨੂੰ ਮਾਇਆ ਦੀ ਤ੍ਰਿਸ਼ਨਾ ਚੰਬੜੀ ਹੋਈ ਹੈ, ਮਾਇਆ ਦੇ ਮੋਹ ਵਿਚ ਜੀਵ ਮਸਤ ਹੋ ਰਿਹਾ ਹੈ, ਮਾਇਆ ਦੇ ਕਾਰਨ ਇਸ ਦੇ ਅੰਦਰ ਝੂਠੀ ਹਉਮੈ ਟਿਕੀ ਹੋਈ ਹੈ। ਪਰਮਾਤਮਾ ਦੀ ਭਗਤੀ ਤੋਂ, ਪਰਮਾਤਮਾ ਦੇ ਨਾਮ ਤੋਂ ਸੱਖਣੇ ਪੂਰਾਂ ਦੇ ਪੂਰ ਜੀਵ, ਇਸ ਸੰਸਾਰ- ਸਮੁੰਦਰ ਵਿਚ ਆਉਂਦੇ ਹਨ ਤੇ ਖਾਲੀ ਚਲੇ ਜਾਂਦੇ ਹਨ ।3।
ਰਾਖਿ ਲੇਹੁ ਪ੍ਰਭੁ ਕਰਣਹਾਰ ਜੀਅ ਜੰਤ ਕਰਿ ਦਇਆ ॥
ਬਿਨੁ ਪ੍ਰਭ ਕੋਇ ਨ ਰਖਨਹਾਰੁ ਮਹਾ ਬਿਕਟ ਜਮ ਭਇਆ ॥
ਨਾਨਕ ਨਾਮੁ ਨ ਵੀਸਰਉ ਕਰਿ ਅਪੁਨੀ ਹਰਿ ਮਇਆ ॥4॥14॥ 84॥
ਪਰ ਜੀਵਾਂ ਦੇ ਕੀ ਵੱਸ ? ਮਾਇਆ ਦੇ ਟਾਕਰੇ ਤੇ ਇਹ ਜੀਵ ਬੇ-ਬੱਸ ਹਨ, ਹੇ ਜੀਵਾਂ ਨੂੰ ਪੈਦਾ ਕਰਨ ਵਾਲੇ ਪ੍ਰਭੂ, ਤੂੰ ਆਪ ਹੀ ਮਿਹਰ ਕਰ ਕੇ ਸਾਰੇ ਜੀਅ-ਜੰਤਾਂ ਨੂੰ ਇਸ ਤ੍ਰਿਸ਼ਨਾ ਤੋਂ ਬਚਾ ਲੈ। ਹੇ ਪ੍ਰਭੂ ਤੈਥੋਂ ਬਿਨਾ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ।
ਜਮਰਾਜ, ਜੀਵਾਂ ਵਾਸਤੇ ਬੜਾ ਡਰਾਉਣਾ ਬਣ ਰਿਹਾ ਹੈ। ਹੇ ਨਾਨਕ, ਅਰਦਾਸ ਕਰ ਤੇ ਆਖ, ਹੇ ਹਰੀ ਆਪਣੀ ਮਿਹਰ ਕਰ,
ਮੈਂ ਤੇਰਾ ਨਾਮ ਕਦੇ ਨਾ ਭੁਲਾਵਾਂ ।4।14।84।
ਅਮਰ ਜੀਤ ਸਿੰਘ ਚੰਦੀ (ਚਲਦਾ)