ਗੁਰਬਾਣੀ ਦੀ ਸਰਲ ਵਿਆਖਿਆ ਭਾਗ(153)
ਸਿਰੀਰਾਗੁ ਮਹਲਾ 5 ॥
ਮੇਰਾ ਤਨੁ ਅਰੁ ਧਨੁ ਮੇਰਾ ਰਾਜ ਰੂਪ ਮੈ ਦੇਸੁ ॥
ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਵੇਸ ॥
ਹਰਿ ਨਾਮੁ ਰਿਦੈ ਨ ਵਸਈ ਕਾਰਜਿ ਕਿਤੈ ਨ ਲੇਖਿ ॥1॥
ਮਨੁੱਖ ਮਾਣ ਕਰਦਾ ਤੇ ਆਖਦਾ ਹੈ ਕਿ, ਇਹ ਸਰੀਰ ਮੇਰਾ ਹੈ, ਇਹ ਰਾਜ ਮੇਰਾ ਹੈ, ਇਹ ਦੇਸ ਮੇਰਾ ਹੈ, ਮੈਂ ਰੂਪ ਵਾਲਾ ਹਾਂ, ਮੇਰੇ ਪੁੱਤਰ ਹਨ, ਮੇਰੀਆਂ ਇਸਤ੍ਰੀਆਂ ਹਨ, ਮੈਨੂੰ ਬੜੀਆਂ ਮੌਜਾਂ ਹਨ ਅਤੇ ਮੇਰੇ ਕੋਲ ਕਈ ਵਸਤਰ ਹਨ। ਪਰ ਜੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵਸਦਾ ਤਾਂ ਇਹ ਸਭ ਪਦਾਰਥ, ਜਿਨ੍ਹਾਂ ਦਾ ਮਨੁੱਖ ਮਾਣ ਕਰਦਾ ਹੈ, ਕਿਸੇ ਵੀ ਕੰਮ ਦੇ ਨਾ ਸਮਝ ।1।
ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥
ਕਰਿ ਸੰਗਤਿ ਨਿਤ ਸਾਧ ਕੀ ਗੁਰ ਚਰਣੀ ਚਿਤੁ ਲਾਇ ॥1॥ ਰਹਾਉ ॥
ਹੇ ਮੇਰੇ ਮਨ, ਸਦਾ ਪ੍ਰਭੂ ਦਾ ਨਾਮ ਸਿਮਰ। ਸਦਾ ਗੁਰੂ ਦੀ ਸੰਗਤ ਕਰ, ਤੇ ਗੁਰੂ ਦੇ ਚਰਨਾਂ ਵਿਚ ਮਨ ਜੋੜ ।1।ਰਹਾਉ।
ਨਾਮੁ ਨਿਧਾਨੁ ਧਿਆਈਐ ਮਸਤਕਿ ਹੋਵੈ ਭਾਗੁ ॥
ਕਾਰਜ ਸਭਿ ਸਵਾਰੀਅਹਿ ਗੁਰ ਕੀ ਚਰਣੀ ਲਾਗੁ ॥
ਹਉਮੈ ਰੋਗੁ ਭ੍ਰਮੁ ਕਟੀਐ ਨਾ ਆਵੈ ਨਾ ਜਾਗੁ ॥2॥
ਪਰਮਾਤਮਾ ਦਾ ਨਾਮ, ਜੋ ਸਭ ਪਦਾਰਥਾਂ ਦਾ ਖਜ਼ਾਨਾ ਹੈ, ਸਿਮਰਨਾ ਚਾਹੀਦਾ ਹੈ, ਪਰ ਉਹੀ ਮਨੁੱਖ ਸਿਮਰ ਸਕਦਾ ਹੈ, ਜਿਸ ਦੇ ਮੱਥੇ ਤੇ ਚੰਗੀ ਕਿਸਮਤ ਉੱਘੜ ਪਵੇ। ਹੇ ਭਾਈ, ਸ਼ਬਦ ਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ, ਤੇਰੇ ਸਾਰੇ ਕੰਮ ਵੀ ਸੌਰ ਜਾਣਗੇ। ਜਿਹੜਾ ਮਨੁੱਖ, ਗੁਰੂ ਦੀ ਸਰਨ ਵਿਚ ਰਹਿ ਕੇ ਨਾਮ ਸਿਮਰਦਾ ਹੈ, ਉਸ ਦਾ ਹਉਮੈ ਦਾ ਰੋਗ ਕੱਟਿਆ ਜਾਂਦਾ ਹੈ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਨਾ ਮੁੜ-ਮੁੜ ਜੰਮਦਾ ਹੈ, ਨਾ ਮਰਦਾ ਹੈ ।2।
ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ ॥
ਜੀਉ ਪ੍ਰਾਣ ਮਨੁ ਤਨੁ ਹਰੇ ਸਾਚਾ ਏਹੁ ਸੁਆਉ ॥
ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ ॥3॥
ਹੇ ਭਾਈ ਗੁਰੂ ਦੀ ਸੰਗਤ ਕਰ, ਇਹੀ ਅਠਾਹਟ ਤੀਰਥਾਂ ਦਾ ਇਸ਼ਨਾਨ ਹੈ। ਗੁਰੂ ਦੀ ਸਰਨ ਵਿਚ ਰਿਹਾਂ ਜਿੰਦ-ਪ੍ਰਾਣ, ਮਨ-ਸਰੀਰ, ਸਭ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ, ਤੇ ਮਨੁੱਖਾ ਜਨਮ ਦਾ ਅਸਲੀ ਮਨੋਰਥ ਵੀ ਇਹੀ ਹੈ। ਇਸ ਜਗਤ ਵਿਚ ਸਭ ਤਰ੍ਹਾਂ ਦੇ ਆਦਰ-ਮਾਣ ਮਿਲਣਗੇ, ਪਰਮਾਤਮਾ ਦੀ ਦਰਗਾਹ ਵਿਚ ਵੀ ਆਦਰ ਪਾਏਂਗਾ।3।
(ਇਕ ਚੀਜ਼ ਦਾ ਧਿਆਨ ਰੱਖਣ ਦੀ ਲੋੜ ਹੈ ਕਿ ਜਿਨ੍ਹਾਂ ਧਰਮਾਂ ਦੇ ਪੱਲੇ ਕੁਝ ਵੀ ਨਹੀਂ, ਉਨ੍ਹਾਂ ਤੇ ਕਬਰਾਂ ਦੇ ਨਾਮ ਵੀ "ਦਰਗਾਹ" ਅਤੇ ਲੋਕਾਂ ਨੂੰ ਠੱਗਣ ਲਈ "ਦਵਰਗਾਂ-ਨਰਕਾਂ" ਦੀਆਂ ਗੱਲਾਂ ਕਰਨੀਆਂ ਹੀ ਹਨ, ਜਿਨ੍ਹਾਂ ਕੋਲ ਸਭ-ਕੁਝ ਹੈ, ਉਹ ਵੀ ਲੋਕਾਂ ਨੂੰ ਠੱਗਣ ਲਈ, ਗੁਰਬਾਣੀ ਦੇ ਲਫਜ਼ "ਨਾਨਕ" "ਮਹਲਾ 1" (ਪਹਿਲਾ) "ਮਹਲਾ 2" (ਦੂਜਾ) ਆਦਿ ਦੀ ਥਾਂ ਤੇ ਉਨ੍ਹਾਂ ਨਾਵਾਂ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਦੀ ਬਾਣੀ "ਗੁਰੂ ਗ੍ਰੰਥ' ਸਾਹਿਬ ਵਿਚ ਹੈ ਹੀ ਨਹੀਂ, ਉਨ੍ਹਾਂ ਅੱਗੇ ਅਰਦਾਸਾਂ ਕਰ ਕੇ "ਨਾਨਕ ਜੋਤ" ਵਿਚ ਵੰਡੀਆਂ ਪਾ ਕੇ ਗੁਰਬਾਣੀ-ਸਿਧਾਂਤ ਦੀ ਅਵਹੇਲਣਾ ਕਰਦੇ ਹਨ। "ਹਰਿ-ਮੰਦਰ" "ਅੰਮ੍ਰਿਤ" "ਤਖਤ" "ਪਾਲਕੀ" "ਸੰਤ" "ਮਹਾਂਪੁਰਖ" "ਬ੍ਰਹਮ-ਗਿਆਨੀ" "ਬਾਬਾ-ਜੀ" ਆਦਿ ਲਫਜ਼ਾਂ ਦੀ ਬਹੁਤ ਕੁ-ਵਰਤੋਂ ਕਰਦੇ ਹਨ, ਇਨ੍ਹਾਂ ਤੋਂ ਬਚਣ ਦੀ ਲੋੜ ਹੈ, ਇਹ ਤਦ ਹੀ ਸੰਭਵ ਹੈ ਜੇ ਸਾਨੂੰ ਗੁਰਬਾਣੀ ਸਿਧਾਂਤ ਦੀ ਜਾਣਕਾਰੀ ਹੋਵੇ, ਇਹ ਤਾਂ ਹੀ ਹੋ ਸਕਦਾ ਹੈ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨਿਆਂ ਨੂੰ ਆਪਣਾ ਨਿੱਤ ਨੇਮ ਬਣਾ ਕੇ, ਉਸ ਬਾਰੇ ਪੂਰੀ ਜਾਣਕਾਰੀ ਹਾਸਲ ਕਰੀਏ।
ਕਰੇ ਕਰਾਏ ਆਪਿ ਪ੍ਰਭੁ ਸਭੁ ਕਿਛੁ ਤਿਸ ਹੀ ਹਾਥਿ ॥
ਮਾਰਿ ਆਪੇ ਜੀਵਾਲਦਾ ਅੰਤਰਿ ਬਾਹਰਿ ਸਾਥਿ ॥
ਨਾਨਕ ਪ੍ਰਭ ਸਰਣਾਗਤੀ ਸਰਬ ਘਟਾ ਕੇ ਨਾਥ ॥4॥ 15॥85॥
ਪਰ ਜੀਵਾਂ ਦੇ ਕੁਝ ਵੀ ਵੱਸ ਨਹੀਂ, ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ, ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ, ਹਰੇਕ ਖੇਡ, ਉਸ ਪ੍ਰਭੂ ਦੇ ਆਪਣੇ ਹੀ ਹੱਥ ਵਿਚ ਹੈ। ਪ੍ਰਭੂ ਆਪ ਹੀ ਆਤਮਕ ਮੌਤੇ ਮਾਰਦਾ ਹੈ, ਆਪ ਹੀ ਆਤਮਕ ਜੀਵਨ ਦੇਂਦਾ ਹੈ, ਜੀਵਾਂ ਦੇ ਅੰਦਰ-ਬਾਹਰ, ਹਰ ਥਾਂ ਉਨ੍ਹਾਂ ਦੇ ਨਾਲ ਰਹਿੰਦਾ ਹੈ।
ਹੇ ਨਾਨਕ, ਅਰਦਾਸ ਕਰ ਤੇ ਆਖ, ਹੇ ਪ੍ਰਭੂ, ਹੇ ਸਭ ਜੀਵਾਂ ਦੇ ਖਸਮ, ਮੈਂ ਤੇਰੀ ਸਰਨ ਆਇਆ ਹਾਂ, ਮੈਨੂੰ ਆਪਣੇ ਨਾਮ ਦੀ ਦਾਤ ਦੇਹ ।4।15।85।
ਅਮਰ ਜੀਤ ਸਿੰਘ ਚੰਦੀ (ਚਲਦਾ)