ਗੁਰਬਾਣੀ ਦੀ ਸਰਲ ਵਿਆਖਿਆ ਭਾਗ(154)
ਸਿਰੀਰਾਗੁ ਮਹਲਾ 5 ॥
ਸਰਣਿ ਪਏ ਪ੍ਰਭ ਆਪਣੇ ਗੁਰ ਹੋਆ ਕਿਰਪਾਲੁ ॥
ਸਤਗੁਰ ਕੈ ਉਪਦੇਸਿਐ ਬਿਨਸੇ ਸਰਬ ਜੰਜਾਲ ॥
ਅੰਦਰੁ ਲਗਾ ਰਾਮ ਨਾਮਿ ਅੰਮ੍ਰਿਤ ਨਦਰਿ ਨਿਹਾਲੁ ॥1॥
ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੁੰਦਾ ਹੈ, ਉਹ ਆਪਣੇ ਪਰਮਾਤਮਾ ਦੀ ਸਰਨ ਪੈਂਦਾ ਹੈ, ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਉਸ ਮਨੁੱਖ ਦੇ, ਮਾਇਆ ਮੋਹ ਵਾਲੇ ਸਾਰੇ ਜੰਜਾਲ, ਨਾਸ ਹੋ ਜਾਂਦੇ ਹਨ, ਉਸ ਦਾ ਹਿਰਦਾ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਉਸ ਦਾ ਹਿਰਦਾ ਖਿੜ ਆਉਂਦਾ ਹੈ ।1।
ਮਨ ਮੇਰੇ ਸਤਿਗੁਰ ਸੇਵਾ ਸਾਰੁ ॥
ਕਰੇ ਦਇਆ ਪ੍ਰਭੁ ਆਪਣੀ ਇਕ ਨਿਮਖ ਨ ਮਨਹੁ ਵਿਸਾਰੁ ॥ ਰਹਾਉ ॥
ਹੇ ਮੇਰੇ ਮਨ, ਗੁਰੂ ਦੀ ਦੱਸੀ ਹੋਈ ਸੇਵਾ ਧਿਆਨ ਨਾਲ ਕਰ, ਪਰਮਾਤਮਾ ਨੂੰ ਅੱਖ ਦੇ ਫੋਰ ਜਿਤਨੇ ਸਮੇ ਲਈ ਵੀ ਆਪਣੇ ਮਨ ਤੋਂ ਨਾ ਵਿਸਾਰ। ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਪਰਮਾਤਮਾ ਉਸ ਉੱਤੇ ਆਪਣੀ ਮਿਹਰ ਕਰਦਾ ਹੈ ।1।ਰਹਾਉ।
ਗੁਣ ਗੋਵਿੰਦ ਨਿਤ ਗਾਵੀਅਹਿ ਅਵਗੁਣ ਕਟਣਹਾਰ ॥
ਬਿਨੁ ਹਰਿ ਨਾਮ ਨ ਸੁਖੁ ਹੋਇ ਕਰਿ ਡਿਠੇ ਬਿਸਥਾਰ ॥
ਸਹਜੇ ਸਿਫਤੀ ਰਤਿਆ ਭਵਜਲੁ ਉਤਰੇ ਪਾਰਿ ॥2॥
ਹੇ ਭਾਈ, ਸਦਾ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਹਨ, ਪਰਮਾਤਮਾ ਦੇ ਗੁਣ ਸਾਰੇ ਅਵਗੁਣਾਂ ਨੂੰ ਕੱਟਣ ਦੀ ਸਮਰਥਾ ਰੱਖਦੇ ਹਨ। ਅਸੀਂ ਮਾਇਆ ਦੇ ਅਨੇਕਾਂ ਖਿਲਾਰੇ ਕਰ ਕੇ ਵੇਖ ਲਿਆ ਹੈ, ਇਹ ਯਕੀਨ ਜਾਣੋ ਕਿ ਮਾਇਆ ਦੇ ਅਨੇਕਾਂ ਖਿਲਾਰੇ ਖਿਲਾਰਿਆਂ, ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ। ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫਤ-ਸਾਲਾਹ ਨਾਲ ਪਿਆਰ ਪਾਇਆਂ, ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ।2।
ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ ॥
ਲੂਕਿ ਕਮਾਵੈ ਕਿਸ ਤੇ ਜਾ ਵੇਖੈ ਸਦਾ ਹਦੂਰਿ ॥
ਥਾਨ ਥਨੰਤਰਿ ਰਵਿ ਰਹਿਆ ਪ੍ਰਭੁ ਮੇਰਾ ਭਰਪੂਰਿ ॥3॥
ਹੇ ਭਾਈ ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨੀ ਚਾਹੀਦੀ ਹੈ, ਇਹੀ ਹੈ ਤੀਰਥਾਂ ਦਾ ਇਸ਼ਨਾਨ, ਇਹੀ ਹੈ ਵਰਤ ਰੱਖਣੇ, ਇਹੀ ਹੈ, ਇੰਦਰੀਆਂ ਨੂੰ ਵੱਸ ਕਰਨ ਦੇ ਲੱਖਾਂ ਉੱਦਮ। ਪਰਮਾਤਮਾ ਇਨ੍ਹਾਂ ਬਾਹਰਲੇ ਧਾਰਮਿਕ ਸੰਜਮਾਂ ਨਾਲ ਨਹੀਂ ਪਤੀਜਦਾ, ਉਹ ਤਾਂ ਜੀਵਾਂ ਦੇ ਅੰਗ-ਸੰਗ ਰਹਿ ਕੇ ਸਦਾ, ਜੀਵਾਂ ਦੇ ਸਭ ਲੁਕਵੇਂ ਕੀਤੇ ਕੰਮ ਵੀ ਦੇਖਦਾ ਹੈ, ਫਿਰ ਵੀ ਮੂਰਖ ਮਨੁੱਖ, ਕਿਸ ਤੋਂ ਲੁਕ ਕੇ ਮੰਦੇ ਕਰਮ ਕਰਦਾ ਹੈ ? ਪਰਮਾਤਮਾ ਤਾਂ ਹਰੇਕ ਥਾਂ ਵਿਚ ਪੂਰੇ ਤੌਰ ਤੇ ਵਿਆਪਕ ਹੈ ।3।
ਸਚੁ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ ॥
ਸਚੀ ਕੁਦਰਤਿ ਧਾਰੀਅਨੁ ਸਚਿ ਸਿਰਜਿਓਨੁ ਜਹਾਨੁ ॥
ਨਾਨਕ ਜਪੀਐ ਸਚੁ ਨਾਮੁ ਹਉ ਸਦਾ ਸਦਾ ਕੁਰਬਾਨੁ ॥4॥ 16॥86॥
ਪਰਮਾਤਮਾ ਦੀ ਪਾਤਸ਼ਾਹੀ ਸਦਾ ਕਾਇਮ ਰਹਣ ਵਾਲੀ ਹੈ, ਪਰਮਾਤਮਾ ਦਾ ਹੁਕਮ ਸਦਾ ਅਟੱਲ ਹੈ, ਸਦਾ-ਥਿਰ ਰਹਣ ਵਾਲੇ ਪਰਮਾਤਮਾ ਦਾ ਥਾਂ ਵੀ ਸਦਾ ਕਾਇਮ ਰਹਣ ਵਾਲਾ ਹੈ। ਉਸ ਸਦਾ-ਥਿਰ ਪਰਮਾਤਮਾ ਨੇ ਅਟੱਲ-ਕੁਦਰਤ ਰਚੀ ਹੋਈ ਹੈ, ਤੇ ਇਹ ਸਾਰਾ ਜਗਤ ਪੈਦਾ ਕੀਤਾ ਹੋਇਆ ਹੈ। ਉਸ ਸਦਾ-ਥਿਰ ਰਹਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ।
ਹੇ ਨਾਨਕ ਆਖ, ਮੈਂ ਉਸ ਪਰਮਾਤਮਾ ਤੋਂ ਸਦਾ ਹੀ ਸਦਕੇ ਜਾਂਦਾ ਹਾਂ ।4।16।86।
ਅਮਰ ਜੀਤ ਸਿੰਘ ਚੰਦੀ (ਚਲਦਾ)