ਗੁਰਬਾਣੀ ਦੀ ਸਰਲ ਵਿਆਖਿਆ ਭਾਗ(155)
ਸਿਰੀਰਾਗੁ ਮਹਲਾ 5 ॥
ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥
ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥1॥
ਹੇ ਮਨ, ਉੱਦਮ ਕਰ ਕੇ ਪ੍ਰਭੂ ਦਾ ਨਾਮ ਸਿਮਰ, ਵੱਡੇ ਭਾਗਾਂ ਨਾਲ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ। ਸਾਧ-ਸੰਗਤ ਵਿਚ ਰਹਿ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਿਆਂ ਤੂੰ, ਜਨਮਾਂ-ਜਨਮਾਂ ਵਿਚ ਕੀਤੇ ਵਿਕਾਰਾਂ ਦੀ ਮੈਲ ਦੂਰ ਕਰ ਲਵੇਂਗਾ।1।
ਮਨ ਮੇਰੇ ਰਾਮ ਨਾਮੁ ਜਪਿ ਜਾਪੁ ॥
ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ ॥ ਰਹਾਉ ॥
ਹੇ ਮੇਰੇ ਮਨ, ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੇ ਨਾਮ ਦਾ ਜਾਪ ਜਪ, ਸਿਮਰਨ ਦੀ ਬਰਕਤ ਨਾਲ ਤੂੰ, ਮਨ ਭਾਉਂਦੇ ਫਲ ਪ੍ਰਾਪਤ ਕਰੇਂਗਾ, ਤੇ ਤੇਰਾ ਸਾਰਾ ਦੁੱਖ-ਕਲੇਸ਼-ਸਹਿਮ ਦੂਰ ਹੋ ਜਾਵੇਗਾ ।1।ਰਹਾਉ।
ਜਿਸੁ ਕਾਰਣਿ ਤਨੁ ਧਾਰਿਆ ਸੋ ਪ੍ਰਭੁ ਡਿਠਾ ਨਾਲਿ ॥
ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥2॥
ਹੇ ਭਾਈ ਏਸੇ ਮਨੋਰਥ ਵਾਸਤੇ ਤੂੰ ਇਹ ਮਨੁੱਖਾ ਜਨਮ ਹਾਸਲ ਕੀਤਾ ਹੈ, ਜਿਸ ਮਨੁੱਖ ਨੇ ਇਹ ਮਨੋਰਥ ਪੂਰਾ ਕੀਤਾ ਹੈ, ਪ੍ਰਭੂ ਦਾ ਨਾਮ ਸਿਮਰਿਆ ਹੈ, ਉਸ ਨੇ ਉਸ ਪਰਮਾਤਮਾ ਨੂੰ ਆਪਣੇ ਅੰਗ ਸੰਗ ਵੱਸਦਾ ਵੇਖ ਲਿਆ ਹੈ। ਉਸ ਨੂੰ ਇਹ ਨਿਸਚਾ ਹੋ ਗਿਆ ਹੈ ਕਿ, ਪ੍ਰਭੂ ਜਲ-ਵਿਚ, ਧਰਤੀ-ਵਿਚ ਅਤੇ ਆਕਾਸ਼ ਵਿਚ, ਹਰ ਥਾਂ ਮੌਜੂਦ ਹੈ, ਤੇ ਸਭ ਜੀਵਾਂ ਨੂੰ ਆਪਣੀ ਮਿਹਰ ਦੀ ਨਿਗ੍ਹਾ ਨਾਲ ਵੇਖਦਾ ਹੈ ।2।
ਮਨੁ ਤਨੁ ਨਿਰਮਲੁ ਹੋਇਆ ਲਾਗੀ ਸਾਚੁ ਪਰੀਤਿ ॥
ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ ॥3॥
ਜਿਸ ਮਨੁੱਖ ਦੀ ਪ੍ਰੀਤ ਸਦਾ-ਥਿਰ ਪਰਮਾਤਮਾ ਨਾਲ ਬਣ ਜਾਂਦੀ ਹੈ, ਉਸ ਦਾ ਮਨ ਪਵਿੱਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਵੀ ਪਵਿੱਤ੍ਰ ਹੋ ਜਾਂਦਾ ਹੈ, ਉਸ ਦੇ ਸਾਰੇ ਗਿਆਨ-ਇੰਦਰੇ ਵਿਕਾਰਾਂ ਵਲੋਂ ਹੇੱਟ ਜਾਂਦੇ ਹਨ। ਜਿਸ ਮਨੁੱਖ ਨੇ, ਅਕਾਲ-ਪੁਰਖ ਦੇ ਚਰਨ ਸੇਵੇ ਹਨ, ਮਾਨੋ, ਸਾਰੇ ਜੱਪ, ਸਾਰੇ ਤੱਪ ਉਸ ਨੇ ਕਰ ਲਏ ਹਨ ।3।
ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ ॥
ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ॥4॥17॥87॥
ਪਰਮਾਤਮਾ ਦਾ ਅਟੱਲ ਜੀਵਨ ਦੇਣ ਵਾਲਾ ਨਾਮ ਹੀ ਅਸਲ ਰਤਨ-ਜਵਾਹਰ-ਮੋਤੀ ਹੈ, ਕਿਉਂ ਜੋ ਨਾਮ ਦੀ ਬਰਕਤ ਨਾਲ ਹੀ, ਆਤਮਕ-ਅਡੋਲਤਾ ਦੇ ਸੁਖ-ਆਨੰਦ ਦੇ ਰਸ ਪ੍ਰਾਪਤ ਹੁੰਦੇ ਹਨ । ਹੇ ਦਾਸ ਨਾਨਕ, ਸਦਾ ਪ੍ਰਭੂ ਦੇ ਗੁਣ ਗਾ ।4।17।87।
ਅਮਰ ਜੀਤ ਸਿੰਘ ਚੰਦੀ (ਚਲਦਾ)