ਗੁਰਬਾਣੀ ਦੀ ਸਰਲ ਵਿਆਖਿਆ ਭਾਗ(156)
ਸਿਰੀਰਾਗੁ ਮਹਲਾ 5 ॥
ਸੋਈ ਸਾਸਤੁ ਸਉਣੁ ਸੋਇ ਜਿਤੁ ਜਪੀਐ ਹਰਿ ਨਾਉ ॥
ਚਰਣ ਕਮਲ ਗੁਰਿ ਧਨੁ ਦੀਆ ਮਿਲਿਆ ਨਿਥਾਵੇ ਥਾਉ ॥
ਸਾਚੀ ਪੂੰਜੀ ਸਚੁ ਸੰਜਮੋ ਆਠ ਪਹਰ ਗੁਣ ਗਾਉ ॥
ਕਰਿ ਕਿਰਪਾ ਪ੍ਰਭੁ ਭੇਟਿਆ ਮਰਣੁ ਨ ਆਵਣੁ ਜਾਉ ॥ 1॥
ਹੇ ਮਨ, ਗੁਰੂ ਦੀ ਸਰਨ ਪਿਆਂ ਹੀ ਨਾਮ ਸਿਮਰ ਸਕੀਦਾ ਹੈ, ਉਹ ਗੁਰੂ ਹੀ ਸ਼ਾਸਤਰ ਹੈ, ਉਹ ਗੁਰੂ ਹੀ ਜੋਤਿਸ਼-ਸ਼ਾਸਤਰ ਹੈ, ਕਿਉਂਕਿ ਉਸ ਗੁਰੂ ਦੀ ਰਾਹੀਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਜਿਸ ਨਿਆਸਰੇ ਬੰਦੇ ਨੂੰ ਵੀ ਗੁਰੂ ਨੇ ਪਰਮਾਤਮਾ ਦੇ ਸੋਹਣੇ ਚਰਨਾਂ ਦੀ ਪ੍ਰੀਤ ਦਾ ਧਨ ਦਿੱਤਾ ਹੈ, ਉਸ ਨੂੰ ਲੋਕ-ਪਰਲੋਕ ਵਿਚ ਆਦਰ ਮਿਲ ਜਾਂਦਾ ਹੈ। ਹੇ ਮੇਰੇ ਮਨ, ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਰਹੁ, ਇਹੀ ਸਦਾ ਕਾਇਮ ਰਹਣ ਵਾਲਾ ਸਰਮਾਇਆ ਹੈ, ਇਹੀ ਇੰਦ੍ਰੀਆਂ ਨੂੰ ਕਾਬੂ ਕਰਨ ਦਾ ਅਟੱਲ ਸਾਧਨ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਦਾ ਹੈ, ਪ੍ਰਭੂ ਮਿਹਰ ਕਰ ਕੇ ਉਸ ਨੂੰ ਮਿਲ ਪੈਂਦਾ ਹੈ, ਉਸ ਨੂੰ ਆਤਮਕ ਮੌਤ ਨਹੀਂ ਆਉਂਦੀ, ਉਸ ਦਾ ਜਨਮ-ਮਰਨ ਮੁੱਕ ਜਾਂਦਾ ਹੈ ।1।
ਮੇਰੇ ਮਨ ਹਰਿ ਭਜੁ ਸਦਾ ਇਕ ਰੰਗਿ ॥
ਘਟ ਘਟ ਅੰਤਰਿ ਰਵਿ ਰਹਿਆ ਸਦਾ ਸਹਾਈ ਸੰਗਿ ॥ 1॥ ਰਹਾਉ ॥
ਹੇ ਮੇਰੇ ਮਨ, ਪਰਮਾਤਮਾ ਦੇ ਪਿਆਰ ਵਿਚ ਜੁੜ ਕੇ ਸਦਾ ਪਰਮਾਤਮਾ ਦਾ ਭਜਨ ਕਰ। ਉਹ ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ, ਉਹ ਸਦਾ ਮਦਦ ਕਰਨ ਵਾਲਾ ਹੈ, ਤੇ ਉਹ ਸਦਾ ਅੰਗ-ਸੰਗ ਰਹਿੰਦਾ ਹੈ ।1।ਰਹਾਉ।
ਸੁਖਾ ਕੀ ਮਿਤਿ ਕਿਆ ਗਣੀ ਜਾ ਸਿਮਰੀ ਗੋਵਿੰਦੁ ॥
ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸੁ ਜਾਣੈ ਜਿੰਦੁ ॥
ਸੰਤਾ ਸੰਗਤਿ ਮਨਿ ਵਸੈ ਪ੍ਰਭੁ ਪ੍ਰੀਤਮੁ ਬਖਸਿੰਦੁ ॥
ਜਿਨਿ ਸੇਵਿਆ ਪ੍ਰਭੁ ਆਪਣਾ ਸੋਈ ਰਾਜ ਨਰਿੰਦੁ ॥2॥
ਜਦੋਂ ਮੈਂ ਧਰਤੀ ਦੇ ਪਾਲਕ ਪ੍ਰਭੂ ਨੂੰ ਸਿਮਰਦਾ ਹਾਂ, ਉਸ ਵੇਲੇ ਏਨੇ ਸੁਖ ਮਹਿਸੂਸ ਹੁੰਦੇ ਹਨ ਕਿ ਮੈਂ ਉਨ੍ਹਾਂ ਸੁਖਾਂ ਦਾ ਅੰਦਾਜ਼ਾ ਨਹੀਂ ਲਾ ਸਕਦਾ। ਜਿਨ੍ਹਾਂ ਬੰਦਿਆਂ ਨੇ ਨਾਮ-ਰਸ ਚਖਿਆ ਹੈ, ਉਹ ਮਾਇਆ ਦੀ ਤ੍ਰਿਸ਼ਨਾ ਵਲੋਂ ਰੱਜ ਜਾਂਦੇ ਹਨ, ਪਰ ਜਿਹੜੀ ਜਿੰਦ ਨਾਮ ਜਪਦੀ ਹੈ, ਉਹੀ ਜਿੰਦ ਉਸ ਨਾਮ-ਰਸ ਨੂੰ ਸਮਝਦੀ ਹੈ। ਬਖਸ਼ਣਹਾਰ ਪ੍ਰੀਤਮ-ਪ੍ਰਭੂ, ਸਾਧ-ਸੰਗਤ ਵਿਚ ਟਿਕਿਆਂ ਹੀ ਮਨ ਵਿਚ ਵਸਦਾ ਹੈ। ਜਿਸ ਮਨੁੱਖ ਨੇ ਪਿਆਰੇ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹ ਰਾਜਿਆਂ ਦਾ ਰਾਜਾ ਬਣ ਗਿਆ ਹੈ ।2।
ਅਉਸਰਿ ਹਰਿ ਜਸੁ ਗੁਣ ਰਮਣ ਜਿਤੁ ਕੋਟਿ ਮਜਨ ਇਸਨਾਨੁ ॥
ਰਸਨਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨੁ ॥
ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲ ਪੁਰਖੁ ਮਿਹਰਵਾਨੁ ॥
ਜੀਉ ਪਿੰਡੁ ਧਨੁ ਤਿਸ ਦਾ ਹਉ ਸਦਾ ਸਦਾ ਕੁਰਬਾਨੁ ॥3॥
ਜਿਸ ਸਮੇ ਵਿਚ ਪਰਮਾਤਮਾ ਦੀ ਸਿਫਤ-ਸਾਲਾਹ ਕੀਤੀ ਜਾਵੇ, ਪਰਮਾਤਮਾ ਦੇ ਗੁਣ ਯਾਦ ਕੀਤੇ ਜਾਣ, ਉਸ ਸਮੇ ਮਾਨੋ ਕ੍ਰੋੜਾਂ ਤੀਰਥਾਂ ਦੇ ਇਸ਼ਨਾਨ ਹੋ ਜਾਂਦੇ ਹਨ। ਜੇ ਕੋਈ ਭਾਗਾਂ ਵਾਲੀ ਰਸਨਾ ਪਰਮਾਤਮਾ ਦੇ ਗੁਣ ਉਚਾਰਦੀ ਹੈ, ਤਾਂ ਹੋਰ ਕੋਈ ਦਾਨ ਇਸ ਕੰਮ ਦੀ ਬਰਾਬਰੀ ਨਹੀਂ ਕਰ ਸਕਦਾ। ਜਿਹੜਾ ਮਨੁੱਖ ਸਿਮਰਨ ਕਰਦਾ ਹੈ, ਉਸ ਦੇ ਮਨ ਵਿਚ, ਸਰੀਰ ਵਿਚ, ਮਿਹਰਵਾਨ ਦਿਆਲ ਅਕਾਲ-ਪੁਰਖ, ਮਿਹਰ ਦੀ ਨਿਗਾਹ ਕਰ ਕੇ ਆ ਵਸਦਾ ਹੈ। ਇਹ ਜਿੰਦ, ਇਹ ਸਰੀਰ, ਇਹ ਧਨ, ਸਭ ਕੁਝ ਉਸ ਪ੍ਰਭੂ ਦਾ ਹੀ ਦਿੱਤਾ ਹੋਇਆ ਹੈ, ਮੈਂ ਸਦਾ ਹੀ ਉਸ ਤੋਂ ਸਦਕੇ ਜਾਂਦਾ ਹਾਂ ।3।
ਮਿਲਿਆ ਕਦੇ ਨ ਵਿਛੁੜੈ ਜੋ ਮੇਲਿਆ ਕਰਤਾਰਿ ॥
ਦਾਸਾ ਕੇ ਬੰਧਨ ਕਟਿਆ ਸਾਚੈ ਸਿਰਜਣਹਾਰਿ ॥
ਭੂਲਾ ਮਾਰਗਿ ਪਾਇਓਨੁ ਗੁਣ ਅਵਗੁਣ ਨ ਬੀਚਾਰਿ ॥
ਨਾਨਕ ਤਿਸੁ ਸਰਣਾਗਤੀ ਜਿ ਸਗਲ ਘਟਾ ਆਧਾਰੁ ॥4॥18॥88॥
ਜਿਾਸ ਮਨੁੱਖ ਨੂੰ ਕਰਤਾਰ ਨੇ ਆਪਣੇ ਚਰਨਾਂ ਨਾਲ ਜੋੜ ਲਿਆ ਹੈ, ਪ੍ਰਭੂ ਚਰਨਾਂ ਵਿਚ ਜੁੜਿਆ ਉਹ ਮਨੁੱਖ ਕਦੇ ਮਾਇਆ ਦੇ ਬੰਧਨਾਂ ਵਿਚ ਨਹੀਂ ਫਸਦਾ, ਤੇ ਕਦੇ ਪ੍ਰਭੂ ਤੋਂ ਨਹੀਂ ਵਿੱਛੁੜਦਾ। ਸਦਾ-ਥਿਰ ਰਹਣ ਵਾਲੇ ਸਿਰਜਣਹਾਰ ਨੇ ਆਪਣੇ ਦਾਸਾਂ ਦੇ, ਮਾਇਆ ਦੇ ਬੰਧਨ ਸਦਾ ਲਈ ਕੱਟ ਦਿੱਤੇ ਹੁੰਦੇ ਹਨ। ਜੇ ਉਸ ਦਾ ਦਾਸ, ਪਹਿਲਾਂ ਕੁਰਾਹੇ ਵੀ ਪੈ ਗਿਆ ਸੀ ਤੇ ਫਿਰ ਉਸ ਦੀ ਸਰਨ ਆਇਆ ਹੈ ਤਾਂ ਉਸ ਪ੍ਰਭੂ ਨੇ ਉਸ ਦੇ ਪਹਿਲੇ ਗੁਣ-ਅਵਗੁਣ ਨਾ ਵਿਚਾਰ ਕੇ ਉਸ ਨੂੰ ਸਹੀ ਰਸਤੇ ਉੱਤੇ ਪਾ ਦਿੱਤਾ ਹੈ। ਹੇ ਨਾਨਕ, ਉਸ ਪ੍ਰਭੂ ਦੀ ਸਰਨ ਪਵੋ, ਜੋ ਸਾਰੇ ਸਰੀਰਾਂ ਦਾ, ਜੀਵਾਂ ਦਾ ਆਸਰਾ ਹੈ ।4।18।88।
ਅਮਰ ਜੀਤ ਸਿੰਘ ਚੰਦੀ (ਚਲਦਾ)