ਗੁਰਬਾਣੀ ਦੀ ਸਰਲ ਵਿਆਖਿਆ ਭਾਗ(159)
ਸਿਰੀਰਾਗੁ ਮਹਲਾ 5 ॥
ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥
ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ ॥
ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ ॥1॥
ਜੀਵ ਦੁਨੀਆ ਦੇ ਪਦਾਰਥਾਂ ਨੂੰ ਸੁਆਦਲੇ ਜਾਣ ਕੇ ਖਾਂਦਾ ਅਤੇ ਵਰਤਦਾ ਰਹਿੰਦਾ ਹੈ, ਪਰ ਇਨ੍ਹਾਂ ਭੋਗਾਂ ਦਾ ਸੁਆਦ ਅੰਤ ਵਿਚ ਕੌੜਾ, ਦੁਖਦਾਈ ਸਾਬਤ ਹੁੰਦਾ ਹੈ, ਜਿਸ ਤੋਂ ਵਿਕਾਰ ਤੇ ਰੋਗ ਪੈਦਾ ਹੁੰਦੇ ਹਨ। ਮਨੁੱਖ ਜਗਤ ਵਿਚ ਭਰਾ ਮਿੱਤ੍ਰ ਦੋਸਤ ਆਦਿ ਬਣਾਂਦਾ ਹੈ, ਤੇ ਇਹ ਮਾਇਆ ਦਾ ਝਗੜਾ ਖੜਾ ਕਰੀ ਰੱਖਦਾ ਹੈ। ਪਰ ਅਸਚਰਜ ਗੱਲ ਇਹ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਵੀ ਚੀਜ਼ ਨੂੰ, ਨਾਸ ਹੁੰਦਿਆਂ ਚਿਰ ਨਹੀਂ ਲਗਦਾ ।1।
ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥
ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥1॥ ਰਹਾਉ ॥
ਹੇ ਮੇਰੇ ਮਨ ਸ਼ਬਦ-ਗੁਰੂ ਦੀ ਸੇਵਾ ਵਿਚ ਲੱਗਾ ਰਹੁ। (ਇਹ ਆਪਾਂ ਪਹਿਲਾਂ ਵਿਚਾਰ ਚੁੱਕੇ ਹਾਂ ਕਿ ਸ਼ਬਦ-ਗੁਰੂ ਦੀ ਸੇਵਾ, ਉਸ ਦੇ ਸ਼ਬਦ ਨੂੰ ਵਿਚਾਰਨ ਤੋਂ ਵੱਧ ਚੰਗੀ ਕੋਈ ਨਹੀਂ ਹੈ) ਹੇ ਭਾਈ ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦੇਹ, ਤੇ ਦੁਨੀਆ ਦੇ ਪਦਾਰਥਾਂ ਦਾ ਮੋਹ ਤਿਆਗ, ਕਿਉਂਕਿ ਜੋ ਕੁਝ ਦਿਸ ਰਿਹਾ ਹੈ, ਸਭ ਨਾਸ ਹੋਣ ਵਾਲਾ ਹੈ।1।ਰਹਾਉ।
ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥
ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥
ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ ॥2॥
ਜਿਵੇਂ ਹਲਕਿਆ ਕੁੱਤਾ ਦੌੜਦਾ ਹੈ ਤੇ ਹਰ ਪਾਸੇ ਵੱਲ ਭੱਜਦਾ ਹੈ, ਤਿਵੇਂ ਲੋਭੀ ਜੀਵ ਨੂੰ ਵੀ ਕੁਝ ਨਹੀਂ ਸੁੱਝਦਾ, ਚੰਗੀ-ਮੰਦੀ ਹਰੇਕ ਚੀਜ਼ ਖਾ ਲੈਂਦਾ ਹੈ। ਕਾਮ ਅਤੇ ਕ੍ਰੋਧ ਦੇ ਨਸ਼ੇ ਵਿਚ ਫਸਿਆ ਹੋਇਆ ਮਨੁੱਖ ਮੁੜ ਮੁੜ ਜੂਨਾਂ ਵਿਚ ਪੈਂਦਾ ਰਹਿੰਦਾ ਹੈ।2।
ਮਾਇਆ ਜਾਲੁ ਪਸਾਰਿਆ ਭੀਤਰਿ ਚੋਗ ਬਣਾਇ ॥
ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ ॥
ਜਿਨਿ ਕੀਤਾ ਤਿਸਹਿ ਨ ਜਾਣਈ ਫਿਰਿ ਫਿਰਿ ਆਵੈ ਜਾਇ ॥3॥
ਮਾਇਆ ਨੇ ਵਿਸ਼ਿਆਂ ਦਾ ਚੋਗਾ ਜਾਲ ਵਿਚ ਰੱਖ ਕੇ ਜਾਲ ਖਿਲਾਰਿਆ ਹੋਇਆ ਹੈ, ਮਾਇਆ ਦੀ ਤ੍ਰਿਸ਼ਨਾ ਨੇ ਜੀਵ ਪੰਖੀ ਨੂੰ ਉਸ ਜਾਲ ਵਿਚ ਫਸਾਇਆ ਹੋਇਆ ਹੈ। ਹੇ ਮੇਰੀ ਮਾਂ. ਜੀਵ ਉਸ ਜਾਲ ਵਿਚੋਂ ਖਲਾਸੀ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਜਿਸ ਪ੍ਰਭੂ ਨੇ ਇਹ ਸਭ ਕੁਝ ਪੈਦਾ ਕੀਤਾ ਹੈ, ਉਸ ਨਾਲ ਸਾਂਝ ਨਹੀਂ ਪਾਂਦਾ, ਤੇ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ।3।
ਅਨਿਕ ਪ੍ਰਕਾਰੀ ਮੋਹਿਆ ਬਹੁ ਬਿਧਿ ਇਹੁ ਸੰਸਾਰੁ ॥
ਜਿਸ ਨੋ ਰਖੈ ਸੋ ਰਹੈ ਸੰਮ੍ਰਿਥੁ ਪੁਰਖੁ ਅਪਾਰੁ ॥
ਹਰਿ ਜਨ ਹਰਿ ਲਿਵ ਉਧਰੇ ਨਾਨਕ ਸਦ ਬਲਿਹਾਰੁ ॥4॥21॥91॥
ਇਸ ਜਗਤ ਨੂੰ ਮਾਇਆ ਨੇ ਅਨੇਕਾਂ ਰੂਪਾਂ-ਰੰਗਾਂ ਵਿਚ ਕਈ ਤਰੀਕਿਆਂ ਨਾਲ ਮੋਹ ਰੱਖਿਆ ਹੈ। ਇਸ ਵਿਚੋਂ ਉਹ ਹੀ ਬਚ ਸਕਦਾ ਹੈ, ਜਿਸ ਨੂੰ ਸਰਬ-ਸਮਰਥਾ ਵਾਲਾ ਬੇਅੰਤ ਅਕਾਲ-ਪੁਰਖ ਆਪ ਬਚਾਏ। ਪਰਮਾਤਮਾ ਦੀ ਮਿਹਰ ਨਾਲ, ਪ੍ਰਭੂ ਦੇ ਭਗਤ ਹੀ ਪਰਮਾਤਮਾ ਦੇ ਚਰਨਾਂ ਵਿਚ ਸੁਰਤ ਜੋੜ ਕੇ ਬਚਦੇ ਹਨ।
ਹੇ ਨਾਨਕ, ਤੂੰ ਸਦਾ ਉਸ ਅਕਾਲ-ਪੁਰਖ ਤੋਂ ਸਦਕੇ ਜਾਹ।4।21।91।
ਅਮਰ ਜੀਤ ਾਿਸੰਘ ਚੰਦੀ (ਚਲਦਾ)