ਗੁਰਬਾਣੀ ਦੀ ਸਰਲ ਵਿਆਖਿਆ ਭਾਗ(162)
ਸਿਰੀਰਾਗੁ ਮਹਲਾ 5 ਘਰੁ 6 ॥
ਕਰਣ ਕਾਰਣ ਏਕੁ ਓਹੀ ਜਿਨਿ ਕੀਆ ਆਕਾਰੁ ॥
ਤਿਸਹਿ ਧਿਆਵਹੁ ਮਨ ਮੇਰੇ ਸਰਬ ਕੋ ਆਧਾਰੁ ॥1॥
ਹੇ ਮੇਰੇ ਮਨ, ਜਿਸ ਪਰਮਾਤਮਾ ਨੇ ਇਹ ਦਿਸਦਾ ਜਗਤ ਬਣਾਇਆ ਹੈ, ਸਿਰਫ ਉਹੀ ਸ੍ਰਿਸ਼ਟੀ ਦਾ ਰਚਣ ਵਾਲਾ ਹੈ, ਤੇ ਜੀਵਾਂ ਦਾ ਆਸਰਾ ਹੈ। ਉਸ ਨੂੰ ਸਦਾ ਸਿਮਰਦਾ ਰਹੁ ।1।
ਗੁਰ ਕੇ ਚਰਨ ਮਨ ਮਹਿ ਧਿਆਇ ॥
ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ ॥1॥ ਰਹਾਉ ॥
ਹੇ ਭਾਈ, ਗੁਰੂ ਦੇ ਚਰਨ ਆਪਣੇ ਮਨ ਵਿਚ ਟਿਕਾਈ ਰੱਖ, ਹਉਮੈ ਛੱਡ ਕੇ, ਮਨੋਂ ਗੁਰੂ ਦੇ ਕਹੇ ਅਨੁਸਾਰ ਚੱਲ। ਆਪਣੀਆਂ ਸਾਰੀਆਂ ਚਤਰਾਈਆਂ ਛੱਡ ਕੇ, ਗੁਰੂ ਦੇ ਸ਼ਬਦ ਦੀ ਰਾਹੀਂ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਸੁਰਤ ਜੋੜ ।1।ਰਹਾਉ।
ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰ ਹਿਰਦੈ ਹੋਇ ॥
ਕੋਟਿ ਜਤਨਾ ਕਰਿ ਰਹੇ ਗੁਰ ਬਿਨੁ ਤਰਿਓ ਨ ਕੋਇ ॥2॥
ਜਿਸ ਮਨੁੱਖ ਦੇ ਹਿਰਦੇ ਵਿਚ ਸ਼ਬਦ ਗੁਰੂ ਦਾ ਉਪਦੇਸ਼ ਸਦਾ ਵੱਸਦਾ ਹੈ, ਉਸ ਨੂੰ ਕੋਈ ਦੁੱਖ ਕੋਈ ਕਲੇਸ਼, ਕੋਈ ਡਰ ਪੋਹ ਨਹੀਂ ਸਕਦਾ। ਲੋਕ ਕ੍ਰੋੜਾਂ, ਹੋਰ-ਹੋਰ ਜਤਨ ਕਰ ਕੇ ਥੱਕ ਜਾਂਦੇ ਹਨ, ਪਰ ਗੁਰੂ ਦੀ ਸਰਨ ਤੋਂ ਬਿਨਾ, ਉਨ੍ਹਾਂ ਦੁੱਖਾਂ ਕਲੇਸ਼ਾਂ ਤੋਂ ਕੋਈ ਮਨੁੱਖ ਪਾਰ ਨਹੀਂ ਪਾ ਸਕਦਾ।2।
ਦੇਖਿ ਦਰਸਨੁ ਮਨੁ ਸਾਧਾਰੈ ਪਾਪ ਸਗਲੇ ਜਾਹਿ ॥
ਹਉ ਤਿਨ ਕੈ ਬਲਿਹਾਰਣੈ ਜਿ ਗੁਰ ਕੀ ਪੈਰੀ ਪਾਹਿ ॥3॥
ਗੁਰੂ ਦਾ ਦਰਸ਼ਨ ਕਰ ਕੇ, ਗੁਰੂ ਦੇ ਸਿਧਾਂਤ ਸਮਝ ਕੇ ਜਿਸ ਮਨੁੱਖ ਦਾ ਮਨ ਉਨ੍ਹਾਂ ਅਨੁਸਾਰ ਚਲਦਾ ਹੈ, ਉਸ ਦੇ ਸਾਰੇ ਪਹਿਲੇ ਕੀਤੇ ਪਾਪ ਨਾਸ ਹੋ ਜਾਂਦੇ ਹਨ। ਮੈਂ ਉਨ੍ਹਾਂ ਭਾਗਾਂ ਵਾਲੇ ਬੰਦਿਆਂ ਤੋਂ ਕੁਰਬਾਨ ਹਾਂ, ਜਿਹੜੇ ਗੁਰੂ ਦੇ ਚਰਨਾਂ ਤੇ ਢਹਿ ਪੈਂਦੇ ਹਨ ।3।
ਸਾਧ ਸੰਗਤਿ ਮਨਿ ਵਸੈ ਸਾਚੁ ਹਰਿ ਕਾ ਨਾਉ ॥
ਸੇ ਵਡਭਾਗੀ ਨਾਨਕਾ ਜਿਨਾ ਮਨਿ ਇਹੁ ਭਾਉ ॥4॥24॥94॥
ਸਾਧ-ਸੰਗਤ ਵਿਚ ਰਿਹਾਂ, ਸਦਾ-ਥਿਰ ਰਹਣ ਵਾਲੇ ਪਰਮਾਤਮਾ ਦਾ ਨਾਮ, ਮਨ ਵਿਚ ਵੱਸ ਜਾਂਦਾ ਹੈ।
ਹੇ ਨਾਨਕ ਉਹ ਬੰਦੇ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਮਨ ਵਿਚ, ਸਾਧ-ਸੰਗਤ ਵਿਚ ਟਿਕਣ ਦਾ ਪ੍ਰੇਮ ਹੈ ।4।24।94।
ਚੰਦੀ ਅਮਰ ਜੀਤ ਸਿੰਘ (ਚਲਦਾ)