ਗੁਰਬਾਣੀ ਦੀ ਸਰਲ ਵਿਆਖਿਆ ਭਾਗ(164)
ਸਿਰੀਰਾਗੁ ਮਹਲਾ 5 ॥
ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ ॥
ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ ॥1॥
ਹੇ ਭਾਈ, ਸਾਰਾ ਜਗਤ, ਸ਼ਾਸਤ੍ਰਾਂ ਅਨੁਸਾਰ ਮਿਥੇ ਹੋਏ ਮੰਦੇ ਕਰਮਾਂ ਤੇ ਚੰਗੇ ਕਰਮਾਂ ਦੀ ਵਿਚਾਰ ਵਿਚ ਹੀ ਰੁੱਝਾ ਹੋਇਆ ਹੈ। ਪਰਮਾਤਮਾ ਦੀ ਭਗਤੀ ਕਰਨ ਵਾਲਾ ਮਨੁੱਖ ਇਨ੍ਹਾਂ ਦੋਹਾਂ ਵਿਚਾਰਾਂ ਤੋਂ ਹੀ ਲਾਂਭੇ ਰਹਿੰਦਾ ਹੈ ਕਿ ਸ਼ਾਸਤ੍ਰਾਂ ਅਨੁਸਾਰ ਦੁਕ੍ਰਿਤ ਕਿਹੜੇ ਹਨ ਅਤੇ ਸੁਕ੍ਰਿਤ ਕਿਹੜੇ ਹਨ, ਪਰ ਅਜਿਹਾ ਬੰਦਾ ਕੋਈ ਵਿਰਲਾ ਹੀ ਲੱਭਦਾ ਹੈ।1।
ਠਾਕੁਰੁ ਸਰਬੇ ਸਮਾਣਾ ॥
ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸੁਜਾਣਾ ॥1॥ ਰਹਾਉ ॥
ਹੇ ਸੁਆਮੀ, ਤੂੰ ਸਭ ਜੀਵਾਂ ਵਿਚ ਸਮਾਇਆ ਹੋਇਆ ਹੈਂ, ਤੇ ਸਭ ਦਾ ਪਾਲਣ ਵਾਲਾ ਹੈਂ। ਤੂੰ ਸਭ ਤੋਂ ਵੱਡਾ ਹੈਂ, ਸਭ ਵਿਚ ਵਿਆਪਕ ਹੈਂ, ਸਭ ਦੇ ਦਿਲ ਦੀ ਜਾਨਣ ਵਾਲਾ ਹੈਂ, ਹੇ ਸੁਆਮੀ ਤੇਰੀ ਬਾਬਤ ਮੈਂ ਹੋਰ ਕੀ ਆਖਾਂ ਤੇ ਕੀ ਸੁਣਾਂ ? ।1।ਰਹਾਉ।
ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ ॥
ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ ॥2॥
ਹੇ ਸੰਤ-ਜਨੋ, ਸਭ ਥਾਂ ਜਗਤ ਦੇ ਮੂਲ-ਪ੍ਰਭੂ ਨੂੰ ਵੇਖਣ ਵਾਲਾ ਤੇ ਸਭ ਨੂੰ ਇਕੋ ਜਿਹੀ ਪ੍ਰੇਮ ਦੀ ਨਿਗਾਹ ਨਾਲ ਵੇਖਣ ਵਾਲਾ ਬੰਦਾ ਕ੍ਰੋੜਾਂ ਵਿਚੋਂ ਕੋਈ ਇਕ ਹੁੰਦਾ ਹੈ। ਜਿਹੜਾ ਬੰਦਾ ਜਗਤ ਵਲੋਂ ਮਿਲਦੇ ਆਦਰ ਜਾਂ ਨਿਰਾਦਰੀ ਦੇ ਅਹਿਸਾਸ ਵਿਚ ਫਸਿਆ ਹੋਇਆ ਹੈ, ਉਹ ਪਰਮਾਤਮਾ ਦਾ ਅਸਲ ਸੇਵਕ ਨਹੀਂ ਅਖਵਾ ਸਕਦਾ ।2।
ਕਹਨ ਕਹਾਵਨ ਇਹੁ ਕੀਰਤਿ ਕਰਲਾ ॥
ਕਥਨ ਕਹਨ ਤੇ ਮੁਕਤਾ ਗੁਰਮੁਖਿ ਕੋਈ ਵਿਰਲਾ ॥3॥
ਗਿਆਨ ਆਦਿਕ ਦੀਆਂ ਗੱਲਾਂ, ਨਿਰੀਆਂ ਆਖਣੀਆਂ ਜਾਂ ਅਖਵਾਣੀਆਂ, ਇਹ ਰਸਤਾ ਹੈ ਦੁਨੀਆ ਤੋਂ ਸੋਭਾ ਖੱਟਣ ਦਾ। ਗੁਰੂ ਦੀ ਸਰਨ ਪਿਆ ਹੋਇਆ ਕੋਈ ਵਿਰਲਾ ਮਨੁੱਖ ਹੁੰਦਾ ਹੈ, ਜੋ ਗਿਆਨ ਦੀਆਂ ਇਹ ਜ਼ਬਾਨੀ ਜ਼ਬਾਨੀ ਗੱਲਾਂ ਆਖਣ ਤੋਂ ਆਜ਼ਾਦ ਰਹਿੰਦਾ ਹੈ।3।
ਗਤਿ ਅਵਿਗਤਿ ਕਛੁ ਨਦਰਿ ਨ ਆਇਆ ॥
ਸੰਤਨ ਕੀ ਰੇਣੁ ਨਾਨਕ ਦਾਨੁ ਪਾਇਆ ॥4॥26॥96॥
ਹੇ ਨਾਨਕ, ਜਿਸ ਮਨੁੱਖ ਨੇ ਸੰਤ-ਜਨਾਂ ਦੇ ਚਰਨਾਂ ਦੀ ਧੂੜ ਦਾ ਦਾਨ ਪ੍ਰਾਪਤ ਕਰ ਲਿਆ, ਉਸ ਦਾ ਇਸ ਗੱਲ ਵਲ ਧਿਆਨ ਹੀ ਨਹੀਂ ਜਾਂਦਾ ਕਿ ਮੁਕਤੀ ਕੀ ਹੈ, ਤੇ ਨਾ-ਮੁਕਤੀ ਕੀ ਹੈ ? ਉਸ ਨੂੰ ਪ੍ਰਭੂ ਹੀ ਹਰ ਥਾਂ ਦਿਸਦਾ ਹੈ, ਪ੍ਰਭੂ ਦੀ ਯਾਦ ਹੀ ਉਸ ਦਾ ਨਿਸ਼ਾਨਾ ਹੈ ।4।26।96।
ਚੰਦੀ ਅਮਰ ਜੀਤ ਸਿੰਘ (ਚਲਦਾ)