ਗੁਰਬਾਣੀ ਦੀ ਸਰਲ ਵਿਆਖਿਆ ਭਾਗ(166)
ਸਿਰੀਰਾਗੁ ਮਹਲਾ 5 ਘਰੁ 1 ॥
ਸੰਤ ਜਨਾ ਮਿਲਿ ਭਾਈਆ ਕਟਿਅੜਾ ਜਮਕਾਲੁ ॥
ਸਚਾ ਸਾਹਿਬੁ ਮਨਿ ਵੁਠਾ ਹੋਆ ਖਸਮੁ ਦਇਆਲੁ ॥
ਪੂਰਾ ਸਤਿਗੁਰੁ ਭੇਟਿਆ ਬਿਨਸਿਆ ਸਭੁ ਜੰਜਾਲੁ ॥1॥
ਜਿਸ ਮਨੁੱਖ ਨੂੰ ਸੰਤ-ਜਨਾਂ ਦਾ ਸਤ-ਸੰਗ ਮਿਲ ਜਾਂਦਾ ਹੈ, ਉਸ ਦਾ ਮਾਇਆ-ਮੋਹ ਦਾ ਜਾਲ ਨਾਸ ਹੋ ਜਾਂਦਾ ਹੈ, ਸੰਤ-ਜਨਾਂ ਭਰਾਵਾਂ ਨੂੰ ਮਿਲ ਕੇ ਉਸ ਦਾ ਆਤਮਕ ਮੌਤ ਦਾ ਖਤਰਾ ਦੂਰ ਹੋ ਜਾਂਦਾ ਹੈ, ਖਸਮ-ਪ੍ਰਭੂ ਉਸ ਉੱਤੇ ਦਿਆਲ ਹੁੰਦਾ ਹੈ ਤੇ ਸਦਾ-ਥਿਰ ਮਾਲਕ-ਪ੍ਰਭੂ ਉਸ ਦੇ ਮਨ ਵਿਚ ਆ ਵਸਦਾ ਹੈ।1।
ਮੇਰੇ ਸਤਿਗੁਰਾ ਹਉ ਤੁਧੁ ਵਿਟਹੁ ਕੁਰਬਾਣੁ ॥
ਤੇਰੇ ਦਰਸਨ ਕਉ ਬਲਿਹਾਰਣੈ ਤੁਸਿ ਦਿਤਾ ਅੰਮ੍ਰਿਤ ਨਾਮੁ ॥1॥ ਰਹਾਉ ॥
ਹੇ ਮੇਰੇ ਸਤਗੁਰੂ, ਸ਼ਬਦ-ਗੁਰੂ ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਮੈਂ ਤੇਰੇ ਸਿਧਾਂਤ ਤੋਂ ਸਦਕੇ ਜਾਂਦਾ ਹਾਂ। ਤੂੰ ਖੁਸ਼ ਹੋ ਕੇ ਮੈਨੂੰ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਬਖਸ਼ਿਆ ਹੈ।1।ਰਹਾਉ।
ਜਿਨ ਤੂੰ ਸੇਵਿਆ ਭਾਉ ਕਰਿ ਸੇਈ ਪੁਰਖ ਸੁਜਾਨ ॥
ਤਿਨਾ ਪਿਛੈ ਛੁਟੀਐ ਜਿਨ ਅੰਦਰਿ ਨਾਮੁ ਨਿਧਾਨੁ ॥
ਗੁਰ ਜੇਵਡੁ ਦਾਤਾ ਕੋ ਨਹੀ ਜਿਨਿ ਦਿਤਾ ਆਤਮ ਦਾਨੁ ॥2॥
ਹੇ ਪ੍ਰਭੂ ਜਿਨ੍ਹਾਂ ਨੇ ਤੈਨੂੰ ਪ੍ਰੇਮ ਨਾਲ ਸਿਮਰਿਆ ਹੈ, ਉਹੀ ਸਿਆਣੇ ਮਨੁੱਖ ਹਨ। ਜਿਨ੍ਹਾਂ ਦੇ ਹਿਰਦੇ ਵਿਚ ਤੇਰਾ ਨਾਮ-ਖਜ਼ਾਨਾ ਵੱਸਦਾ ਹੈ, ਉਨ੍ਹਾਂ ਦੀ ਹੀ ਸਰਨ ਪੈ ਕੇ, ਵਿਕਾਰਾਂ ਤੋਂ ਬਚ ਜਾਈਦਾ ਹੈ। ਪਰ ਨਾਮ ਦੀ ਇਹ ਦਾਤ ਸ਼ਬਦ-ਗੁਰੂ ਤੋਂ ਹੀ ਮਿਲਦੀ ਹੈ, ਗੁਰੂ ਜੇਡਾ ਹੋਰ ਕੋਈ ਦਾਤਾ ਨਹੀਂ ਹੈ ਕਿਉਂਕਿ ਉਸ ਨੇ ਆਤਮਕ ਜੀਵਨ ਦੀ ਦਾਤ ਦਿੱਤੀ ਹੈ।2।
ਆਏ ਸੇ ਪਰਵਾਣੁ ਹਹਿ ਜਿਨ ਗੁਰੁ ਮਿਲਿਆ ਸੁਭਾਇ ॥
ਸਚੇ ਸੇਤੀ ਰਤਿਆ ਦਰਗਹ ਬੈਸਣੁ ਜਾਇ ॥
ਕਰਤੇ ਹਥਿ ਵਡਿਆਈਆ ਪੂਰਬਿ ਲਿਖਿਆ ਪਾਇ ॥3॥
ਜਿਨ੍ਹਾਂ ਨੂੰ ਪਿਆਰ ਦੀ ਬਰਕਤ ਨਾਲ ਗੁਰੂ ਆ ਮਿਲਦਾ ਹੈ, ਜਗਤ ਵਿਚ ਆਏ ਹੋਏ ਉਹੀ ਪਰਵਾਨ ਹਨ। ਗੁਰੂ ਦੀ ਸਹੈਤਾ ਨਾਲ, ਸਦਾ-ਥਿਰ ਪ੍ਰਭੂ ਦੇ ਨਾਮ-ਰੰਗ ਵਿਚ ਰੰਗੀਜ ਕੇ, ਉਨ੍ਹਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲ ਜਾਂਦੀ ਹੈ। ਪਰ ਇਹ ਸਭ ਵਡਿਆਈਆਂ ਕਰਤਾਰ ਦੇ ਆਪਣੇ ਹੱਥ ਵਿਚ ਹਨ, ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਹ ਮਨੁੱਖ ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਲੇਖ ਪ੍ਰਾਪਤ ਕਰ ਲੈਂਦਾ ਹੈ।3।
ਸਚੁ ਕਰਤਾ ਸਚੁ ਕਰਣਹਾਰੁ ਸਚੁ ਸਾਹਿਬੁ ਸਚੁ ਟੇਕ ॥
ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ ॥
ਸਰਬ ਨਿਰੰਤਰਿ ਰਵਿ ਰਹਿਆ ਜਪਿ ਨਾਨਕ ਜੀਵੈ ਏਕ ॥4॥28॥98॥
ਜਗਤ ਦਾ ਕਰਤਾ, ਜੋ ਸਭ ਕੁਝ ਕਰਨ ਦੇ ਸਮਰੱਥ ਹੈ, ਤੇ ਸਭ ਦਾ ਮਾਲਕ ਹੈ, ਸਦਾ ਹੀ ਕਾਇਮ ਰਹਣ ਵਾਲਾ ਹੈ, ਉਹੀ ਸਭ ਦਾ ਸਹਾਰਾ ਹੈ। ਹਰੇਕ ਜੀਵ ਉਸ ਨੂੰ ਹੀ ਸਦਾ-ਥਿਰ ਰਹਣ ਵਾਲਾਂ ਆਖਦਾ ਹੈ। ਉਹ ਸਦਾ-ਥਿਰ ਪ੍ਰਭੂ ਹੀ, ਅਸਲੀ ਪਰਖ ਦੀਬੁੱਧੀ ਰੱਖਣ ਵਾਲਾ ਹੈ, ਸਭ ਜੀਵਾਂ ਦੇ ਅੰਦਰ ਵਿਆਪਕ ਹੈ।
ਹੇ ਨਾਨਕ, ਜੇਹੜਾ ਮਨੁੱਖ ਉਸ ਇਕ ਪ੍ਰਭੂ ਦਾ ਨਾਮ ਜਪਦਾ ਹੈ, ਉਸ ਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ ।4।28।98।
ਚੰਦੀ ਅਮਰ ਜੀਤ ਸਿੰਘ (ਚਲਦਾ)