ਗੁਰਬਾਣੀ ਦੀ ਸਰਲ ਵਿਆਖਿਆ ਭਾਗ(167)
ਸਿਰੀਰਾਗੁ ਮਹਲਾ 5 ॥
ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ ॥
ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ ॥
ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥
ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰੁ ॥1॥
ਗੁਰੁ, ਪਰਮਾਤਮਾ ਵਾਸਤੇ ਆਪਣੇ ਮਨ ਤੇ ਤਨ ਵਿਚ ਪਿਆਰ ਬਣਾ ਕੇ, ਆਪਣੇ ਹਿਰਦੇ ਵਿਚ ਆਦਰ ਦੀ ਥਾਂ ਦੇਣੀ ਚਾਹੀਦੀ ਹੈ। ਗੁਰੂ, ਆਤਮਕ ਜੀਵਨ ਦੇਣ ਵਾਲਾ ਹੈ, ਗੁਰੂ ਸਰਨ ਆਏ ਹਰੇਕ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਦੇਂਦਾ ਹੈ। ਸਭ ਤੋਂ ਉੱਤਮ ਇਹੀ ਅਕਲ ਹੈ, ਕਿ ਗੁਰੂ ਦੇ ਬਚਨ ਕਮਾਏ ਜਾਣ, ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਢਾਲਿਆ ਜਾਵੇ। ਗੁਰੂ ਦੀ ਸੰਗਤ ਵਿਚ ਪਿਆਰ ਪਾਉਣ ਤੋਂ ਬਿਨਾ, ਇਹ ਮਾਇਆ ਦਾ ਮੋਹ, ਜੋ ਸਾਰੇ ਦਾ ਸਾਰਾ ਵਿਅਰਥ ਹੈ, ਜੀਵ ਉੱਤੇ ਆਪਣਾ ਜ਼ੋਰ ਪਾਈ ਰੱਖਦਾ ਹੈ ।1।
ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥
ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥1॥ ਰਹਾਉ ॥
ਹੇ ਮੇਰੇ ਦੋਸਤ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾ, ਤੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ। ਗੁਰੂ ਦੀ ਸੰਗਤ ਵਿਚ ਰਿਹਾਂ, ਪਰਮਾਤਮਾ ਦਾ ਨਾਮ, ਮਨ ਵਿਚ ਵਸਦਾ ਹੈ, ਤੇ ਮਿਹਨਤ ਸਫਲ ਹੋ ਜਾਂਦੀ ਹੈ 1।ਰਹਾਉ।
ਗੁਰੁ ਸਮਰਥੁ ਅਪਾਰੁ ਗੁਰੁ ਵਡਭਾਗੀ ਦਰਸਨੁ ਹੋਇ ॥
ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਨ ਕੋਇ ॥
ਗੁਰੁ ਕਰਤਾ ਗੁਰੁ ਕਰਣਹਾਰੁ ਗੁਰਮੁਖਿ ਸਚੀ ਸੋਇ ॥
ਗੁਰ ਤੇ ਬਾਹਰਿ ਕਿਛੁ ਨਹੀ ਗੁਰੁ ਕੀਤਾ ਲੋੜੇ ਸੁ ਹੋਇ ॥2॥
ਗੁਰੁ, ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਬੇ-ਅੰਤ ਗੁਣਾਂ ਵਾਲਾ ਹੈ। ਵੱਡੇ ਭਾਗਾਂ ਵਾਲੇ ਨੂੰ ਹੀ ਪ੍ਰਭੂ ਬਾਰੇ ਸੋਝੀ ਹੁੰਦੀ ਹੈ। ਗੁਰ, ਸ਼ਬਦ-ਗੁਰੂ ਉਸ ਪਰਮਾਤਮਾ ਦਾ ਹੀ ਰੂਪ ਹੈ, ਜੋ ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਪਵਿੱਤ੍ਰ-ਸਰੂਪ ਹੈ, ਗੁਰੂ ਜੇਡਾ ਵੱਡੀ ਸ਼ਖਸੀਅਤ ਵਾਲਾ ਹੋਰ ਕੋਈ ਨਹੀਂ ਹੈ। ਗੁਰੂ ਕਰਤਾਰ ਦਾ ਰੂਪ ਹੈ, ਉਸ ਪਰਮਾਤਮਾ ਦਾ ਰੂਪ ਹੈ, ਜੋ ਸਭ ਕੁਝ ਕਰਨ ਦੇ ਸਮਰੱਥ ਹੈ। ਗੁਰੂ ਦੀ ਸਰਨ ਪਿਆਂ, ਸਦਾ ਕਾਇਮ ਰਹਣ ਵਾਲੀ ਸੋਭਾ ਮਿਲਦੀ ਹੈ। ਗੁਰੂ ਤੋਂ ਆਕੀ ਹੋ ਕੇ, ਕੋਈ ਕੰਮ ਨਹੀਂ ਕੀਤਾ ਜਾ ਸਕਦਾ, ਭਾਵ ਗੁਰੂ ਉਸ ਪ੍ਰਭੂ ਦਾ ਰੂਪ ਹੈ, ਜਿਸ ਤੋਂ ਕੋਈ ਆਕੀ ਨਹੀਂ ਹੋ ਸਕਦਾ। ਜੋ ਕੁਝ ਵੀ ਉਹ ਕਰਨਾ ਚਾਹੁੰਦਾ ਹੈ,ਉਹੀ ਕੁਝ ਹੁੰਦਾ ਹੈ।2।
ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ ॥
ਗੁਰ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ ॥
ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥
ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ॥3॥
ਗੁਰੁ, ਪਰਮਾਤਮਾ ਹੀ ਅਸਲ ਤੀਰਥ ਹੈ, ਪਰਮਾਤਮਾ ਹੀ ਪਾਰਜਾਤ ਰੁੱਖ ਹੈ, ਪਰਮਾਤਮਾ ਹੀ ਸਾਰੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ। ਗੁਰ, ਸ਼ਬਦ-ਗੁਰੂ ਹੀ ਉਹ ਦਾਤਾ ਹੈ ਜੋ ਪਰਮਾਤਮਾ ਦਾ ਨਾਮ ਦੇਂਦਾ ਹੈ, ਜਿਸ ਦੀ ਬਰਕਤ ਨਾਲ ਸਾਰਾ ਸੰਸਾਰ ਵਿਕਾਰਾਂ ਤੋਂ ਬਚਦਾ ਹੈ। ਗੁਰੁ, ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਜਿਸ ਦਾ ਕੋਈ ਖਾਸ ਰੂਪ ਨਹੀਂ ਦੱਸਿਆ ਜਾ ਸਕਦਾ, ਜੋ ਸਭ ਤੋਂ ਉੱਚਾ ਹੈ, ਅ-ਪਹੁੰਚ ਹੈ ਤੇ ਬੇਅੰਤ ਹੈ। ਗੁਰੂ ਦੀ ਵਡਿਆਈ ਤੱਕ ਲਫਜ਼ਾਂ ਰਾਹੀਂ ਨਹੀਂ ਪਹੁੰਚਿਆ ਜਾ ਸਕਦਾ। ਕੋਈ ਵੀ ਸਿਆਣੇ ਤੋਂ ਸਿਆਣਾ, ਬਿਆਨ ਕਰਨ ਵਾਲਾ ਬਿਆਨ ਨਹੀਂ ਕਰ ਸਕਦਾ ।3।
ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ ॥
ਪੂਰਬ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ ॥
ਸਤਿਗੁਰ ਸਰਣੀ ਆਇਆਂ ਬਾਹੁੜਿ ਨਹੀ ਬਿਨਾਸੁ ॥
ਹਰਿ ਨਾਨਕ ਕਦੇ ਨ ਵਿਸਰਉ ਏਹੁ ਜੀਉ ਪਿੰਡੁ ਤੇਰਾ ਸਾਸੁ ॥4॥29॥99॥
ਜਿਤਨੇ ਵੀ ਪਦਾਰਥਾਂ ਦੀ ਮਨ ਵਿਚ ਇੱਛਾ ਧਾਰੀਏ, ਉਹ ਸਾਰੇ ਹੀ ਗੁਰੂ ਪਾਸੋਂ ਮਿਲ ਜਾਂਦੇ ਹਨ। ਪਹਿਲੇ ਜਨਮ ਵਿਚ ਕੀਤੀ ਨੇਕ ਮਾਈ ਦੇ ਲਿਖੇ ਲੇਖ, ਗੁਰੂ ਦੀ ਸਰਨ ਪਿਆਂ ਮਿਲ ਜਾਂਦੇ ਹਨ। ਗੁਰੂ, ਸਦਾ-ਥਿਰ ਰਹਣ ਵਾਲੇ ਪਰਮਾਤਮਾ ਦੇ ਨਾਮ ਦਾ ਸਰਮਾਇਆ ਦੇਂਦਾ ਹੈ। ਜੇ ਗੁਰੂ ਦੀ ਸਰਨ ਆ ਪਈਏ, ਤਾਂ ਉਸ ਤੋਂ ਮਿਲੇ ਆਤਮਕ ਜੀਵਨ ਦਾ ਮੁੜ ਕਦੇ ਨਾਸ ਨਹੀਂ ਹੁੰਦਾ। ਹੇ ਨਾਨਕ ਆਖ, ਹੇ ਹਰੀ, ਗੁਰੂ ਦੀ ਸਰਨ ਪੈ ਕੇ ਮੈਂ ਤੈਨੂੰ ਕਦੀ ਵੀ ਨਾ ਭੁਲਾਵਾਂ। ਮੇਰੀ ਇਹ ਜਿੰਦ, ਮੇਰਾ ਇਹ ਸਰੀਰ ਤੇ ਸਰੀਰ ਵਿਚ ਆਉਂਦਾ ਸਾਹ, ਸਭ ਤੇਰਾ ਹੀ ਦਿੱਤਾ ਹੋਇਆ ਹੈ ।4।29।99।
ਚੰਦੀ ਅਮਰ ਜੀਤ ਸਿੰਘ (ਚਲਦਾ)