ਗੁਰਬਾਣੀ ਦੀ ਸਰਲ ਵਿਆਖਿਆ ਭਾਗ(168)
ਸਿਰੀਰਾਗੁ ਮਹਲਾ 5 ॥
ਸੰਤ ਜਨਹੁ ਸੁਣਿ ਭਾਈਹੋ ਛੂਟਨੁ ਸਾਚੈ ਨਾਇ ॥
ਗੁਰ ਕੇ ਚਰਣ ਸਰੇਵਣੇ ਤੀਰਥ ਹਰਿ ਕਾ ਨਾਉ ॥
ਆਗੈ ਦਰਗਹਿ ਮੰਨੀਅਹਿ ਮਿਲੈ ਨਿਥਾਵੇ ਥਾਉ ॥1॥
ਹੇ ਭਰਾਵੋ, ਹੇ ਸੰਤ-ਜਨੋ, ਧਿਆਨ ਨਾਲ ਸੁਣੋ, ਸਦਾ-ਥਿਰ ਰਹਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ ਵਿਕਾਰਾਂ ਤੋਂ ਖਲਾਸੀ ਹੁੰਦੀ ਹੈ, ਪਰ ਇਹ ਨਾਮ, ਗੁਰੂ ਕੋਲੋਂ ਹੀ ਮਿਲ ਸਕਦਾ ਹੈ, ਗੁਰੂ ਦੇ ਚਰਨ ਪੂਜਣੇ, ਹਉਮੈ ਤਿਆਗ ਕੇ ਗੁਰੂ ਦੀ ਸਰਨ ਪੈਣਾ, ਤੇ ਗੁਰੂ ਦੇ ਸਨਮੁਖ ਰਹ ਕੇ ਪਰਮਾਤਮਾ ਦਾ ਨਾਮ ਜਪਣਾ, ਪਰਮਾਤਮਾ ਦੀ ਰਜ਼ਾ ਵਿਚ ਚੱਲਣਾ ਹੀ ਸਾਰੇ ਤੀਰਥਾਂ ਦਾ ਵੱਡਾ ਤੀਰਥ ਹੈ, ਜਿਸ ਦੀ ਬਰਕਤ ਨਾਲ ਪਰਲੋਕ ਵਿਚ, ਪ੍ਰਭੂ ਦੀ ਦਰਗਾਹ ਵਿਚ, ਭਾਗਾਂ ਵਾਲੇ ਜੀਵ ਆਦਰ ਪਾਂਦੇ ਹਨ। ਜਿਸ ਮਨੁੱਖ ਨੂੰ ਹੋਰ ਕਿਤੇ ਵੀ ਆਸਰਾ ਨਹੀਂ ਮਿਲਦਾ, ਉਸ ਨੂੰ ਪ੍ਰਭੂ ਦੀ ਦਰਗਾਹ ਵਿਚ ਆਸਰਾ ਮਿਲ ਜਾਂਦਾ ਹੈ।1।
ਭਾਈ ਰੇ ਸਾਚੀ ਸਤਿਗੁਰ ਸੇਵ ॥
ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ॥1॥ ਰਹਾਉ ॥
ਹੇ ਭਾਈ, ਗੁਰੂ ਦੀ ਸੇਵਾ, ਜ਼ਰੂਰ ਫਲ ਦੇਂਦੀ ਹੈ, ਕਿਉਂਕਿ ਜੇ ਗੁਰੂ ਖੁਸ਼ ਹੋ ਜਾਵੇ ਤਾਂ ਉਹ ਪਰਮਾਤਮਾ ਮਿਲ ਪੈਂਦਾ ਹੈ, ਜੋ ਸਭ ਵਿਚ ਵਿਆਪਕ ਹੈ, ਜੋ ਅਦ੍ਰਿਸ਼ਟ ਹੈ ਅਤੇ ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ।1।ਰਹਾਉ।
ਸਤਿਗੁਰ ਵਿਟਹੁ ਵਾਰਿਆ ਜਿਨਿ ਦਿਤਾ ਸਚੁ ਨਾਉ ॥
ਅਨਦਿਨੁ ਸਚੁ ਸਲਾਹਣਾ ਸਚੇ ਕੇ ਗੁਣ ਗਾਉ ॥
ਸਚੁ ਖਾਣਾ ਸਚੁ ਪੈਨਣਾ ਸਚੇ ਸਚਾ ਨਾਉ ॥2॥
ਹੇ ਭਾਈ ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਸਦਾ ਕਾਇਮ ਰਹਣ ਵਾਲਾ ਹਰਿ-ਨਾਮ ਦਿੱਤਾ ਹੈ, ਜਿਸ ਗੁਰੂ ਦੀ ਕਿਰਪਾ ਨਾਲ ਮੈਂ ਹਰ ਵੇਲੇ ਸਦਾ-ਥਿਰ ਪਰਮਾਤਮਾ ਨੂੰ ਸਲਾਹੁੰਦਾ ਰਹਿੰਦਾ ਹਾਂ ਅਤੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹਾਂ। ਹੇ ਭਾਈ, ਗੁਰੂ ਦੀ ਮਿਹਰ ਨਾਲ ਹੁਣ ਸਦਾ-ਥਿਰ ਹਰਿ ਨਾਮ ਮੇਰੀ ਆਤਮਕ ਖੁਰਾਕ ਬਣ ਗਿਆ ਹੈ, ਸਦਾ-ਥਿਰ ਹਰਿ-ਨਾਮ ਮੇਰੀ ਪੁਸ਼ਾਕ ਬਣ ਚੁੱਕਾ ਹੈ, ਆਦਰ-ਸਤਿਕਾਰ ਦਾ ਕਾਰਨ ਬਣ ਚੁੱਕਾ ਹੈ, ਹੁਣ ਮੈਂ ਸਦਾ ਕਾਇਮ ਰਹਣ ਵਾਲੇ ਪਰਮਾਤਮਾ ਦਾ ਸਦਾ-ਥਿਰ ਨਾਮ ਹਰ ਵੇਲੇ ਜਪਦਾ ਹਾਂ ।2।
ਸਾਸਿ ਗਿਰਾਸਿ ਨ ਵਿਸਰੈ ਸਫਲੁ ਮੂਰਤਿ ਗੁਰੁ ਆਪਿ ॥
ਗੁਰ ਜੇਵਡੁ ਅਵਰੁ ਨ ਦਿਸਈ ਆਠ ਪਹਰ ਤਿਸੁ ਜਾਪਿ ॥
ਨਦਰਿ ਕਰੇ ਤਾ ਪਾਈਐ ਸਚੁ ਨਾਮੁ ਗੁਣਤਾਸਿ ॥3॥
ਹੇ ਭਾਈ, ਗੁਰੂ ਉਹ ਸ਼ਖਸੀਅਤ ਹੈ, ਜੋ ਸਾਰੇ ਫਲ ਦੇਣ ਦੇ ਸਮਰੱਥ ਹੈ, ਗੁਰੂ ਦੀ ਸਰਨ ਪਿਆਂ ਹਰੇਕ ਸਾਹ ਨਾਲ, ਹਰੇਕ ਬੁਰਕੀ ਨਾਲ, ਕਦੇ ਵੀ ਪਰਮਾਤਮਾ ਨਹੀਂ ਭੁਲਦਾ। ਹੇ ਭਾਈ, ਗੁਰੂ ਦੇ ਬਰਾਬਰ ਦਾ ਹੋਰ ਕੋਈ ਦਾਤਾ ਨਹੀਂ ਦਿਸਦਾ, ਅੱਠੇ ਪਹਰ ਉਸ ਗੁਰੂ ਨੂੰ ਚੇਤੇ ਰੱਖ। ਜਦੋਂ ਗੁਰੂ ਮਿਹਰ ਦੀ ਨਿਗਾਹ ਕਰਦਾ ਹੈ, ਤਾਂ ਸਾਰੇ ਗੁਣਾਂ ਦੇ ਖਜ਼ਾਨੇ, ਪਰਮਾਤਮਾ ਦਾ ਸਦਾ-ਥਿਰ ਰਹਣ ਵਾਲਾ ਨਾਮ ਪ੍ਰਾਪਤ ਹੋ ਜਾਂਦਾ ਹੈ।3।
ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ ॥
ਜਿਨ ਕਉ ਪੂਰਬਿ ਲਿਖਿਆ ਸੇਈ ਨਾਮੁ ਧਿਆਇ ॥
ਨਾਨਕ ਗੁਰ ਸਰਣਾਗਤੀ ਮਰੈ ਨ ਆਵੈ ਜਾਇ ॥4॥30॥100॥
ਹੇ ਭਾਈ ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੋ ਰਿਹਾ ਹੈ, ਉਹ ਅਤੇ ਗੁਰੂ ਇਕ-ਰੂਪ ਹੈ। ਜਿਨ੍ਹਾਂ ਮਨੁੱਖਾਂ ਦਾ ਪੂਰਬਲੇ ਜਨਮ ਦੀ ਨੇਕ ਕਮਾਈ ਦੇ ਸੰਸਕਾਰਾਂ ਦਾ ਲੇਖਾ ਉੱਘੜਦਾ ਹੈ, ਉਹ ਮਨੁੱਖ ਹੀ, ਗੁਰੂ ਦੀ ਸਰਨ ਪੈ ਕੇ, ਪਰਮਾਤਮਾ ਦਾ ਨਾਮ ਸਿਮਰ ਕੇ, ਇਹ ਸ਼ਰਧਾ ਬਣਾਂਦੇ ਹਨ ਕਿ ਪਰਮਾਤਮਾ ਸਭ ਵਿਚ ਵਿਆਪਕ ਹੈ। ਹੇ ਨਾਨਕ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ ਆਤਮਕ ਮੌਤੇ ਨਹੀਂ ਮਰਦਾ, ਉਹ ਜਨਮ-ਮਰਨ ਦੇ ਗੇੜ ਵਿਚ ਨਹੀਂ ਪੈਂਦਾ ।4।30।100॥।
ਚੰਦੀ ਅਮਰ ਜੀਤ ਸਿੰਘ (ਚਲਦਾ)