ਗੁਰਬਾਣੀ ਦੀ ਸਰਲ ਵਿਆਖਿਆ ਭਾਗ(169)
ੴਸਤਿ ਗੁਰ ਪ੍ਰਸਾਦਿ ॥
ਸਿਰੀਰਾਗੁ ਮਹਲਾ 1 ਘਰੁ 1 ਅਸਟਪਦੀਆ ॥ (53)
ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ ॥
ਜਿਸ ਨੋ ਵਾਇ ਸੁਣਾਈਐ ਸੋ ਕੇਵਡੁ ਕਿਤੁ ਥਾਇ ॥
ਆਖਣ ਵਾਲੇ ਜੇਤੜੇ ਸਭਿ ਆਖਿ ਰਹੇ ਲਿਵ ਲਾਇ ॥1॥
ਜਿਉਂ ਜਿਉਂ ਕਿਸੇ ਜੀਵ ਨੂੰ ਪ੍ਰਭੂ ਦੇ ਗੁਣ ਬੋਲਣ ਦੀ ਸਮਝ ਪੈਂਦੀ ਹੈ, ਤਿਉਂ ਤਿਉਂ ਇਹ ਸਮਝ ਵੀ ਆਉਂਦੀ ਜਾਂਦੀ ਹੈ ਕਿ ਉਸ ਦੇ ਗੁਣ ਬਿਆਨ ਕਰ ਕਰ ਕੇ ਮਨ ਨੂੰ ਖਪਾਣਾ ਹੀ ਹੈ। ਜਿਸ ਪ੍ਰਭੂ ਨੂੰ ਬੋਲ ਬੋਲ ਕੇ ਸੇਣਾਈਦਾ ਹੈ, ਜਿਸ ਪ੍ਰਭੂ ਦੇ ਗੁਣਾਂ ਬਾਰੇ ਬੋਲ ਕੇ ਹੋਰਨਾਂ ਨੂੰ ਦੱਸੀਦਾ ਹੈ, ਉਸ ਦੀ ਬਾਬਤ ਇਹ ਤਾਂ ਪਤਾ ਹੀ ਨਹੀਂ ਲੱਗਦਾ ਕਿ ਉਹ ਕੇਡਾ ਵੱਡਾ ਹੈ ? ਕਿਸ ਥਾਂ ਤੇ ਨਿਵਾਸ ਕਰਦਾ ਹੈ ? । ਉਹ, ਸਾਰੇ ਬਿਆਨ ਕਰਦੇ ਥੱਕ ਜਾਂਦੇ ਹਨ, ਗੁਣਾਂ ਵਿਚ ਸੁਰਤ ਸੁਰਤ ਜੋੜਦੇ ਰਹਿ ਜਾਂਦੇ ਹਨ।1।
ਬਾਬਾ ਅਲਹੁ ਅਗਮ ਅਪਾਰੁ ॥
ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ ॥1॥ ਰਹਾਉ ॥
ਹੇ ਭਾਈ, ਪ੍ਰਭੂ ਦੇ ਗੁਣਾਂ ਤੱਕ ਪਹੁੰਚ ਨਹੀਂ ਹੋ ਸਕਦੀ, ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਉਸ ਦੀ ਵਡਿਆਈ ਪਵਿੱਤ੍ਰ ਹੈ, ਉਹ ਪਵਿੱਤ੍ਰ ਅਸਥਾਨ ਤੇ ਸੋਭ ਰਿਹਾ ਹੈ। ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ, ਸਭ ਜੀਵਾਂ ਦਾ ਪਾਲਣ ਵਾਲਾ ਹੈ।1।
ਤੇਰਾ ਹੁਕਮੁ ਨ ਜਾਪੀ ਕੇਤੜਾ ਲਿਖਿ ਨ ਜਾਣੈ ਕੋਇ ॥
ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ ॥
ਕੀਮਤਿ ਕਿਨੈ ਨ ਪਾਈਆ ਸਭਿ ਸੁਣਿ ਸੁਣਿ ਆਖਹਿ ਸੋਇ ॥2॥
ਹੇ ਪ੍ਰਭੂ, ਕਿਸੇ ਨੂੰ ਵੀ ਇਹ ਸਮਝ ਨਹੀਂ ਪਈ, ਕਿ ਤੇਰਾ ਹੁਕਮ ਕਿਤਨਾ ਅਟੱਲ ਹੈ, ਕੋਈ ਵੀ ਤੇਰੇ ਹੁਕਮ ਨੂੰ ਬਿਆਨ ਨਹੀਂ ਕਰ ਸਕਦਾ। ਜੇ ਸੌ ਕਵੀ ਵੀ ਇਕੱਠੇ ਕਰ ਲਏ ਜਾਣ, ਤਾਂ ਵੀ ਉਹ ਬਿਆਨ ਕਰਨ ਦਾ ਵਿਅਰਥ ਜਤਨ ਕਰ ਕੇ, ਤੇਰੇ ਗੁਣਾਂ ਦੇ ਇਕ ਤਿਲ ਮਾਤ੍ਰ ਤੱਕ ਨਹੀਂ ਪਹੁੰਚ ਸਕਦੇ। (ਗੁਰਬਾਣੀ ਤਾਂ ਸਾਨੂੰ ਇਹ ਸਿਖਿਆ ਦੇਂਦੀ ਹੈ, ਪਰ ਸਾਡੇ ਇਕ-ਇਕ ਕਵੀ ਨੇ ਹੀ ਗੁਰਬਾਣੀ ਦਾ ਨਕਸ਼ਾ ਬਦਲ ਦਿੱਤਾ ਹੈ, ਏਸੇ ਦਾ ਹੀ ਨਤੀਜਾ ਹੈ ਕਿ ਸਾਡੇ ਗੁਰਦਵਾਰਿਆਂ ਵਿਚ ਕਈ ਸਦੀਆਂ ਗੁਰਬਾਣੀ ਦੀ ਥਾਂ, ਕਵਿਤਾਵਾਂ ਦੀ ਹੀ ਕਥਾ ਹੁੰਦੀ ਰਹੀ ਹੈ, ਅਤੇ ਅੱਜ ਵੀ ਕਈ ਤਰ੍ਹਾਂ ਨਾਲ ਕਵੀਆਂ ਦੀਆਂ ਕਵਿਤਾਵਾਂ ਦਾ ਹੀ ਪਰਚਾਰ ਹੁੰਦਾ ਹੈ) ਕਿਸੇ ਵੀ ਜੀਵ ਨੇ ਤੇਰਾ ਮੁੱਲ ਨਹੀਂ ਪਾਇਆ, ਸਾਰੇ ਜੀਵ, ਤੇਰੀ ਬਾਬਤ ਦੂਸਰਿਆਂ ਤੋਂ ਸੁਣ ਸੁਣ ਕੇ ਹੀ ਆਖ ਦੇਂਦੇ ਹਨ।2।
ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ ॥
ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ ॥
ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥3॥
ਦੁਨੀਆਂ ਤੇ ਅਨੇਕਾਂ ਪੀਰ-ਪੈਗੰਬਰ, ਹੋਰਨਾਂ ਨੂੰ ਜੀਵਨ-ਜਾਂਚ ਦੱਸਣ ਵਾਲੇ, ਅਨੇਕਾਂ ਸ਼ੇਖ, ਕਾਜ਼ੀ, ਮੁੱਲਾਂ ਅਤੇ ਤੇਰੇ ਦਰਵਾਜ਼ੇ ਤੱਕ ਪਹੁੰਚੇ ਹੋੲੈ ਦਰਵੇਸ਼ ਆਏ, ਹੇ ਪ੍ਰਭੂ ਤੇਰੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਲੱਭਾ, ਹਾਂ ਸਿਰਫ ਉਨ੍ਹਾਂ ਨੂੰ ਬਹੁਤ ਬਰਕਤ ਮਿਲੀ, ਉਨ੍ਹਾਂ ਦੇ ਹੀ ਭਾਗ ਜਾਗੇ, ਜੋ ਤੇਰੇ ਦਰ ਤੇ ਦੁਆ-ਅਰਜ਼ੋਈ ਕਰਦੇ ਰਹਿੰਦੇ ਹਨ।3।
ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥
ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ॥
ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ ॥4॥
ਪ੍ਰਭੂ, ਇਹ ਜਗਤ ਨਾ ਕਿਸੇ ਕੋਲੋਂ ਸਲਾਹ ਲੈ ਕੇ ਬਣਾਂਦਾ ਹੈ, ਨਾਹ ਹੀ ਪੁੱਛ ਕੇ ਨਾਸ ਕਰਦਾ ਹੈ, ਨਾ ਹੀ ਕਿਸੇ ਦੀ ਸਲਾਹ ਨਾਲ ਸਰੀਰ ਵਿਚ ਜਿੰਦ ਪਾਂਦਾ ਹੈ, ਨਾ ਕੱਢਦਾ ਹੈ। ਪਰਮਾਤਮਾ, ਆਪਣੀ ਕੁਦਰਤ, ਆਪ ਹੀ ਜਾਣਦਾ ਹੈ, ਆਪ ਹੀ ਇਹ ਜਗਤ-ਰਚਨਾ ਕਰਦਾ ਹੈ। ਮਿਹਰ ਦੀ ਨਿਗਾਹ ਕਰ ਕੇ, ਸਭ ਜੀਵਾਂ ਦੀ ਸੰਭਾਲ ਆਪ ਹੀ ਕਰਦਾ ਹੈ, ਜੋ ਉਸ ਨੂੰ ਭਾਉਂਦਾ ਹੈ, ਉਸ ਨੂੰ ਆਪਣੇ ਗੁਣਾਂ ਦੀ ਕਦਰ ਬਖਸ਼ਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)