ਗੁਰਬਾਣੀ ਦੀ ਸਰਲ ਵਿਆਖਿਆ ਭਾਗ(171)
ਮਹਲਾ 1 ॥
ਸਭੇ ਕੰਤ ਮਹੇਲੀਆ ਸਗਲੀਆ ਕਰਹਿ ਸੀਗਾਰੁ ॥
ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ ॥
ਪਾਖੰਡਿ ਪ੍ਰੇਮੁ ਨ ਪਾਈਐ ਖੋਟਾ ਪਾਜੁ ਖੁਆਰੁ ॥1॥
ਸਾਰੀਆਂ ਜੀਵ ਇਸਤ੍ਰਆਂ ਪ੍ਰਭੂ ਖਸਮ ਦੀਆਂ ਹੀ ਹਨ, ਸਾਰੀਆਂ ਹੀ ਉਸ ਖਸਮ-ਪ੍ਰਭੂ ਨੂੰ ਖੁਸ਼ ਕਰਨ ਲਈ, ਸ਼ਿੰਗਾਰ ਕਰਦੀਆਂ ਹਨ, ਪਰ ਜੇਹੜੀਆਂ ਆਪਣੇ ਸ਼ਿੰਗਾਰ ਦਾ ਵਿਖਾਵਾ-ਮਾਣ ਕਰਦੀਆਂ ਹਨ, ਉਨ੍ਹਾਂ ਦਾ ਗੂੜ੍ਹਾ ਲਾਲ ਪਹਿਰਾਵਾ ਵੀ ਵਿਕਾਰਹੀ ਪੈਦਾ ਕਰਦਾ ਹੈ, ਕਿਉਂਕਿ ਮਾਣ ਕੀਤਿਆਂ, ਪ੍ਰਭੂ ਦਾ ਪਿਆਰ ਨਹੀਂ ਮਿਲਦਾ, ਅੰਦਰ ਖੋਟ ਹੋਵੇ ਤੇ ਬਾਹਰ ਪ੍ਰੇਮ ਦਾ ਵਿਖਾਵਾ ਹੋਵੇ, ਇਹ ਖੋਟਾ ਵਿਖਾਵਾ ਖੁਆਰ ਹੀ ਕਰਦਾ ਹੈ ।1।
ਹਰਿ ਜੀਉ ਇਉ ਪਿਰੁ ਰਾਵੈ ਨਾਰਿ ॥
ਤੁਧੁ ਭਾਵਨਿ ਸੋਹਾਗਣੀ ਅਪਣੀ ਕਿਰਪਾ ਲੈਹਿ ਸਵਾਰਿ ॥1॥ ਰਹਾਉ ॥
ਹੇ ਪਰਮਾਤਮਾ ਜੀ, ਉਹੀ ਜੀਵ ਇਸਤ੍ਰੀਆਂ ਸੁਹਾਗ-ਭਾਗ ਵਾਲੀਆਂ ਹਨ, ਜੋ ਤੈਨੂੰ ਚੰਗੀਆਂ ਲਗਦੀਆਂ ਹਨ, ਜਿਨ੍ਹਾਂ ਨੂੰ ਆਪਣੀ ਮਿਹਰ ਨਾਲ ਤੂੰ ਆਪ ਹੀ ਸੁਚੱਜੀਆਂ ਬਣਾ ਲੈਂਦਾ ਹੈਂ, ਇਹ ਸ਼ਰਧਾ ਧਾਰਿਆਂ ਹੀ ਪ੍ਰਭੂ-ਪਤੀ, ਜੀਵ-ਇਸਤ੍ਰੀਆਂ ਨੂੰ ਪਿਆਰ ਕਰਦਾ ਹੈ।1।ਰਹਾਉ।
ਗੁਰ ਸਬਦੀ ਸੀਗਾਰੀਆ ਤਨੁ ਮਨੁ ਪਿਰ ਕੈ ਪਾਸਿ ॥
ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ ॥
ਲਾਲਿ ਰਤੀ ਸਚ ਭੈ ਵਸੀ ਭਾਇ ਰਤੀ ਰੰਗਿ ਰਾਸਿ ॥2॥
ਪਰ ਜਿਹੜੀ ਜੀਵ-ਇਸਤ੍ਰੀ, ਗੁਰੂ ਦੇ ਸ਼ਬਦ ਦੀ ਰਾਹੀਂ, ਆਪਣੇ ਜੀਵਨ ਨੂੰ ਸੰਵਾਰਦੀ ਹੈ, ਜਿਸ ਦਾ ਤਨ ਅਤੇ ਮਨ ਖਸਮ-ਪ੍ਰਭੂ ਦੇ ਹਵਾਲੇ ਹੈ, ਜਿਸ ਦੇ ਗਿਆਨ ਇੰਦਰੇ ਪ੍ਰਭੂ ਦੀ ਯਾਦ ਤੋਂ ਲਾਂਭੇ, ਕੁਰਾਹੇ ਨਹੀਂ ਜਾਂਦੇ, ਜਿਹੜੀ ਦੋਵੇਂ ਹੱਥ ਜੋੜ ਕੇ ਪੂਰੀ ਸ਼ਰਧਾ ਨਾਲ, ਪ੍ਰਭੂ ਪਤੀ ਦਾ ਆਸਰਾ ਹੀ ਤੱਕਦੀ ਹੈ, ਜਿਹੜੀ ਸਦਾ-ਥਿਰ ਪ੍ਰਭੂ ਨੂੰ ਹੀ ਯਾਦ ਕਰਦੀ ਹੈ ਤੇ ਉਸ ਦੇ ਦਰ ਤੇ ਹੀ ਅਰਜ਼ੋਈਆਂ ਕਰਦੀ ਹੈ, ਉਹ ਪ੍ਰਭੂ-ਪ੍ਰੀਤਮ ਦੇ ਪਿਆਰ ਵਿਚ ਰੱਤੀ ਰਹਿੰਦੀ ਹੈ, ਤੇ ਉਸ ਦੇ ਰੰਗ ਵਿਚ ਰਸੀ ਰਹਿੰਦੀ ਹੈ।2।
ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ ॥
ਸਾਚੀ ਪ੍ਰੀਤਿ ਨ ਤੁਟਈ ਸਾਚੇ ਮੇਲਿ ਮਿਲਾਉ ॥
ਸਬਦਿ ਰਤੀ ਮਨੁ ਵੇਧਿਆ ਹਉ ਸਦ ਬਲਿਹਾਰੈ ਜਾਉ ॥3॥
ਜਿਹੜੀ ਪ੍ਰਭੂ ਚਰਨਾਂ ਦੀ ਸੇਵਕਾ. ਪ੍ਰਭੂ ਦਾ ਹੁਕਮ ਹੀ ਮੰਨਦੀ ਹੈ, ਪ੍ਰਭੂ ਦੀ ਰਜ਼ਾ ਨੂੰ ਹੀ ਆਪਣੀ ਜ਼ਿੰਦਗੀ ਦਾ ਆਸਰਾ ਬਣਾਂਦੀ ਹੈ, ਉਹ ਪ੍ਰਭੂ-ਪਤੀ ਦੀ ਦਾਸੀ ਆਖੀ ਜਾਂਦੀ ਹੈ, ਪ੍ਰਭੂ ਨਾਲ ਉਸ ਦੀ ਪ੍ਰੀਤ ਸਦਾ ਬਣੀ ਰਹਿੰਦੀ ਹੈ, ਕਦੀ ਟੁੱਟਦੀ ਨਹੀਂ। ਜਿਸ ਦਾ ਮਨ, ਸ਼ਬਦ-ਗੁਰੂ ਦੀ ਸਿਖਿਆ ਅਨੁਸਾਰ ਪਰਮਾਤਮਾ ਦੀ ਸਿਫਤ-ਸਾਲਾਹ ਵਿਚ ਪ੍ਰੋਇਆ ਰਹਿੰਦਾ ਹੈ, ਜੋ ਰੱਬ ਦੇ ਰੰਗ ਵਿਚ ਰੰਗੀ ਰਹਿੰਦੀ ਹੈ, ਮੈਂ ਅਜਿਹੀ ਜੀਵ-ਇਸਤ੍ਰੀ ਤੋਂ ਸਦਾ ਬਲਿਹਾਰ ਜਾਂਦਾ ਹਾਂ।3।
ਸਾ ਧਨ ਰੰਡ ਨ ਬੈਸਈ ਜੇ ਸਤਿਗੁਰ ਮਾਹਿ ਸਮਾਇ ॥
ਪਿਰੁ ਰੀਸਾਲੂ ਨਉਤਨੋ ਸਾਚਉ ਮਰੈ ਨ ਜਾਇ ॥
ਨਿਤ ਰਵੈ ਸੋਹਾਗਣੀ ਸਾਚੀ ਨਦਰਿ ਰਜਾਇ ॥4॥
ਜੇ ਜੀਵ ਇਸਤ੍ਰੀ ਗੁਰੂ ਦੇ ਸ਼ਬਦ ਵਿਚ ਸੁਰਤ ਜੋੜੀ ਰੱਖੇ ਤਾਂ ਉਹ ਕਦੇ ਵੀ ਖਸਮ-ਹੀਨ ਹੋ ਕੇ ਨਹੀਂ ਬੈਠਦੀ, ਖਸਮ-ਪ੍ਰਭੂ ਦਾ ਹੱਥ ਸਦਾ, ਉਸ ਦੇ ਸਿਰ ਤੇ ਟਿਕਿਆ ਰਹਿੰਦਾ ਹੈ, ਫਿਰ ਉਹ ਖਸਮ ਵੀ ਐਸਾ ਹੈ, ਜੋ ਆਨੰਦ ਦਾ ਸੋਮਾ ਹੈ, ਜਿਸ ਦਾ ਪਿਆਰ ਨਿੱਤ-ਨਵਾਂ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਨਾ ਮਰਦਾ ਹੈ ਨਾ ਜੰਮਦਾ ਹੈ, ਉਹ ਆਪਣੀ ਸਦਾ-ਥਿਰ ਮਿਹਰ ਦੀ ਨਜ਼ਰ ਨਾਲ ਆਪਣੀ ਰਜ਼ਾ ਅਨੁਸਾਰ ਸਦਾ, ਉਸ ਸੁਹਾਗਣ ਜੀਵ ਇਸਤ੍ਰੀ ਨੂੰ ਪਿਆਰ ਕਰਦਾ ਹੈ।4।
ਚੰਦੀ ਅਮਰ ਜੀਤ ਸਿੰਘ (ਚਲਦਾ)