ਗੁਰਬਾਣੀ ਦੀ ਸਰਲ ਵਿਆਖਿਆ ਭਾਗ(173)
ਸਿਰੀਰਾਗੁ ਮਹਲਾ 1 ॥
ਆਪੇ ਗੁਣ ਆਪੇ ਕਥੈ ਆਪੇ ਸੁਣਿ ਵੀਚਾਰੁ ॥
ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ ॥
ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ ॥1॥
ਪ੍ਰਭੂ ਆਪ ਹੀ ਆਪਣੇ ਗੁਣ ਹੈ, ਆਪ ਹੀ ਉਨ੍ਹਾਂ ਗੁਣਾਂ ਨੂੰ ਬਿਆਨ ਕਰਦਾ ਹੈ, ਆਪ ਹੀ ਆਪਣੀ ਸਿਫਤ-ਸਾਲਾਹ ਸੁਣ ਕੇ ਉਸ ਨੂੰ ਵਿਚਾਰਦਾ ਹੈ, ਉਸ ਵਿਚ ਸੁਰਤ ਜੋੜਦਾ ਹੈ। ਹੇ ਪ੍ਰਭੂ ਤੂੰ ਆਪ ਹੀ ਆਪਣਾ ਨਾਮ-ਰੂਪੀ ਰਤਨ ਹੈਂ, ਤੂੰ ਆਪ ਹੀ ਉਸ ਰਤਨ ਦਾ ਮੁੱਲ ਪਾਣ ਵਾਲਾ ਹੈਂ, ਤੂੰ ਆਪ ਹੀ ਆਪਣੇ ਨਾਮ-ਰਤਨ ਦਾ ਬੇ-ਅੰਤ ਮੁੱਲ ਹੈਂ। ਤੂੰ ਆਪ ਹੀ ਸਦਾ ਕਾਇਮ ਰਹਣ ਵਾਲਾ ਮਾਣ ਹੈਂ, ਤੂੰ ਆਪ ਹੀ ਜੀਵਾਂ ਨੂੰ ਮਾਣ-ਵਡਿਆਈ ਦੇਣ ਵਾਲਾ ਹੈਂ।1।
ਹਰਿ ਜੀਉ ਤੂੰ ਕਰਤਾ ਕਰਤਾਰੁ ॥
ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ ॥1॥ ਰਹਾਉ ॥
ਹੇ ਪ੍ਰਭੂ ਜੀ, ਹਰੇਕ ਚੀਜ਼ ਦਾ ਪੈਦਾ ਕਰਨ ਵਾਲਾ ਤੂੰ ਆਪ ਹੀ ਹੈਂ। ਹੇ ਪ੍ਰਭੂ ਜਿਵੇਂ ਵੀ ਤੈਨੂੰ ਚੰਗਾ ਲੱਗੇ, ਮੈਨੂੰ ਆਪਣੇ ਨਾਮ ਨਾਲ ਜੋੜੀ ਰੱਖ। ਹੇ ਹਰੀ ਮਿਹਰ ਕਰ, ਮੈ ਤੇਰੇ ਨਾਮ ਨਾਲ ਜੁੜਿਆ ਰਹਾਂ, ਤੇਰੀ ਰਜ਼ਾ ਵਿਚ ਚੱਲਦਾ ਰਹਾਂ। ਤੇਰੇ ਹੁਕਮ ਵਿਚ ਚੱਲਣਾ ਹੀ ਮੇਰੇ ਵਾਸਤੇ ਚੰਗੇ ਤੋਂ ਚੰਗਾ ਕੰਮ ਹੈ।1।ਰਹਾਉ।
ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ ॥
ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ ॥
ਗੁਰ ਕੈ ਸਬਦਿ ਸਲਾਹਣਾ ਘਟਿ ਘਟਿ ਡੀਠੁ ਅਡੀਠੁ ॥2॥
ਹੇ ਪ੍ਰਭੂ, ਤੂੰ ਆਪ ਹੀ ਚਮਕਦਾ ਹੀਰਾ ਹੈਂ, ਤੂੰ ਆਪ ਹੀ ਮਜੀਠ ਦਾ ਰੰਗ ਹੈਂ, ਤੂੰ ਆਪ ਹੀ ਲਿਸ਼ਕਦਾ ਮੋਤੀ ਹੈੰ, ਤੂੰ ਆਪ ਹੀ ਆਪਣੇ ਭਗਤਾਂ ਦਾ ਵਿਚੋਲਾ ਹੈਂ। ਗੁਰੂ ਦੇ ਸ਼ਬਦ ਦੀ ਰਾਹੀਂ ਤੇਰੀ ਸਿਫਤ-ਸਾਲਾਹ ਹੋ ਸਕਦੀ ਹੈ, ਹਰੇਕ ਸਰੀਰ ਵਿਚ ਤੂੰ ਹੀ ਦਿਸ ਰਿਹਾ ਹੈਂ, ਤੇ ਤੂੰ ਹੀ ਅਦ੍ਰਿਸ਼ਟ ਹੈਂ।2।
ਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੁ ॥
ਸਾਚੀ ਵਾਟ ਸੁਜਾਣੁ ਤੂੰ ਸਬਦਿ ਲਘਾਵਣਹਾਰੁ ॥
ਨਿਡਰਿਆ ਡਰੁ ਜਾਣੀਐ ਬਾਝੁ ਗੁਰੂ ਗੁਬਾਰੁ ॥3॥
ਹੇ ਪ੍ਰਭੂ, ਇਹ ਸੰਸਾਰ-ਸਮੁੰਦਰ ਤੂੰ ਆਪ ਹੀ ਹੈਂ, ਇਸ ਵਿਚੋਂ ਪਾਰ ਲੰਘਾਣ ਲਈ ਜਹਾਜ਼ ਵੀ ਤੂੰ ਆਪ ਹੀ ਹੈਂ, ਇਸ ਸੰਸਾਰ-ਸਮੁੰਦਰ ਦਾ ਪਾਰਲਾ ਤੇ ਉਰਲਾ ਕੰਢਾ ਵੀ ਤੂੰ ਆਪ ਹੀ ਹੈਂ। ਹੇ ਪ੍ਰਭੂ, ਤੇਰੀ ਭਗਤੀ ਰੂਪ ਪੈਂਡਾ ਵੀ ਤੂੰ ਆਪ ਹੀ ਹੈਂ, ਤੂੰ ਸਭ ਕੁਝ ਜਾਣਦਾ ਹੈਂ, ਗੁਰ ਸ਼ਬਦ ਦੀ ਰਾਹੀਂ ਇਸ ਸੰਸਾਰ ਸਮੁੰਦਰ ਵਿਚੋਂ ਭਗਤੀ ਦੀ ਰਾਹੀਂ ਪਾਰ ਲੰਘਾਣ ਵਾਲਾ ਵੀ ਤੂੰ ਹੀ ਹੈਂ। ਗੁਰੂ ਦੀ ਸਰਨ ਤੋਂ ਬਿਨਾ ਇਹ ਜੀਵਨ ਸਫਰ, ਜੀਵਾਂ ਲਈ ਘੁੱਪ ਹਨੇਰਾ ਹੈ। ਹੇ ਪ੍ਰਭੂ, ਜਿਹੜੇ ਜੀਵ ਤੇਰਾ ਡਰ-ਭਉ ਨਹੀਂ ਰੱਖਦੇ, ਉਨ੍ਹਾਂ ਨੂੰ ਦੁਨੀਆ ਦਾ ਸਹਮ ਸਹਾਰਨਾ ਪੈਂਦਾ ਹੈ।3।
ਅਸਥਿਰੁ ਕਰਤਾ ਦੇਖੀਐ ਹੋਰੁ ਕੇਤੀ ਆਵੈ ਜਾਇ ॥
ਆਪੇ ਨਿਰਮਲੁ ਏਕੁ ਤੂੰ ਹੋਰ ਬੰਧੀ ਧੰਧੈ ਪਾਇ ॥
ਗੁਰਿ ਰਾਖੇ ਸੇ ਉਬਰੇ ਸਾਚੇ ਸਿਉ ਲਿਵ ਲਾਇ ॥4॥
ਇਸ ਜਗਤ ਵਿਚ ਇਕ ਕਰਤਾਰ ਹੀ ਸਦਾ-ਥਿਰ ਰਹਣ ਵਾਲਾ ਦਿਸਦਾ ਹੈ, ਹੋਰ ਬੇ-ਅੰਤ ਸ੍ਰਿਸ਼ਟੀ ਜੰਮਦੀ-ਮਰਦੀ ਰਹਿੰਦੀ ਹੈ। ਹੇ ਪ੍ਰਭੂ, ਇਕ ਤੂੰ ਹੀ ਮਾਇਆ ਦੇ ਮੋਹ ਦੀ ਮੈਲ ਤੋਂ ਸਾਫ ਹੈਂ, ਬਾਕੀ ਸਾਰੀ ਦੁਨੀਆਂ ਮਾਇਆ ਦੇ ਮੋਹ ਦੇ ਬੰਧਨ ਵਿਚ ਬੱਝੀ ਪਈ ਹੈ। ਜਿਨ੍ਹਾਂ ਨੂੰ ਗੁਰੂ ਨੇ ਇਸ ਮੋਹ ਤੋਂ ਬਚਾ ਲਿਆ ਹੈ, ਉਹ ਸਦਾ-ਥਿਰ ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜ ਕੇ ਬਚ ਗਏ ਹਨ।4।
ਚੰਦੀ ਅਮਰ ਜੀਤ ਸਿੰਘ (ਚਲਦਾ)