ਗੁਰਬਾਣੀ ਦੀ ਸਰਲ ਵਿਆਖਿਆ ਭਾਗ(174)
ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ ॥
ਤਿਤੁ ਤਨਿ ਮੈਲੁ ਨ ਲਗਈ ਸਚ ਘਰਿ ਜਿਸੁ ਓਤਾਕੁ ॥
ਨਦਰਿ ਕਰੇ ਸਚੁ ਪਾਈਐ ਬਿਨੁ ਨਾਵੈ ਕਿਆ ਸਾਕੁ ॥5॥
ਸਦਾ ਕਾਇਮ ਰਹਣ ਵਾਲੇ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ, ਗੁਰੂ ਦੇ ਵਾਕ ਦੀ ਰਾਹੀਂ, ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਹੋ ਸਕਦੀ ਹੈ। ਗੁਰੂ ਦੀ ਰਾਹੀਂ ਜਿਸ ਮਨੁੱਖ ਦੀ ਬੈਠਕ, ਸਦਾ-ਥਿਰ ਪ੍ਰਭੂ ਦੇ ਘਰ ਵਿਚ, ਚਰਨਾਂ ਵਿਚ ਹੋ ਜਾਂਦੀ ਹੈ, ਉਸ ਦੇ ਸਰੀਰ ਵਿਚ ਮਾਇਆ ਦੀ ਮੈਲ ਨਹੀਂ ਲਗਦੀ। ਉਹ ਸਦਾ-ਥਿਰ ਪ੍ਰਭੂ, ਜਿਸ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ, ਓਸੇ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ। ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਉਸ ਨਾਲ ਸੰਬੰਧ ਨਹੀਂ ਬਣ ਸਕਦਾ।5।
ਜਿਨੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ ॥
ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰ ਧਾਰਿ ॥
ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ ॥6॥
ਜਿਨ੍ਹਾਂ ਬੰਦਿਆਂ ਨੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ ਹੈ, ਉਹ ਸਦਾ ਹੀ ਆਤਮਕ-ਆਨੰਦ ਮਾਣਦੇ ਹਨ, ਉਹ ਆਪਣੀ ਹਉਮੈ ਅਤੇ ਮਾਇਆ ਵਾਲੀ ਤ੍ਰਿਸ਼ਨਾ ਮਾਰ ਕੇ ਸਦਾ-ਥਿਰ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ। ਸਤ-ਸੰਗਤ ਵਿਚ ਆਉਣ ਦਾ ਇਕੋ-ਇਕ ਲਾਭ, ਪਰਮਾਤਮਾ ਦਾ ਨਾਮ ਹੀ ਹੈ, ਜੋ, ਮਨੁੱਖ ਨੂੰ ਖੱਟਣਾ ਚਾਹੀਦਾ ਹੈ, ਤੇ ਇਹ ਨਾਮ, ਗੁਰੂ ਦੀ ਦੱਸੀ ਹੋਈ ਸਿਖਿਆ ਦੀ ਰਾਹੀਂ ਹੀ ਮਿਲ ਸਕਦਾ ਹੈ।6।
ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ ॥
ਸਾਚੀ ਦਰਗਹ ਬੈਸਈ ਭਗਤਿ ਸਚੀ ਅਰਦਾਸਿ ॥
ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ ॥7॥
ਹੇ ਵਣਜਾਰੇ ਜੀਵ, ਸਦਾ-ਥਿਰ ਰਹਣ ਵਾਲੀ, ਨਾਮ ਦੀ ਰਾਸ-ਪੂੰਜੀ ਹੀ ਜੋੜਨੀ ਚਾਹੀਦੀ ਹੈ, ਇਸ ਵਿਚੋਂ ਉਹ ਲਾਭ ਮਿਲਦਾ ਹੈ, ਜੋ ਸਦਾ ਕਾਇਮ ਰਹਿੰਦਾ ਹੈ। ਜਿਹੜਾ ਮਨੁੱਖ, ਸਦਾ-ਥਿਰ ਪ੍ਰਭੂ ਦੀ ਭਗਤੀ ਕਰਦਾ ਹੈ, ਉਸ ਅੱਗੇ ਅਰਦਾਸ ਕਰਦਾ ਹੈ, ਉਹ ਉਸ ਦੀ ਸਦਾ-ਥਿਰ ਹਜ਼ੂਰੀ ਵਿਚ ਬੈਠਦਾ ਹੈ, ਉਸ ਦੇ ਜੀਵਨ ਸਫਰ ਦਾ ਲੇਖਾ ਇੱਜ਼ਤ ਨਾਲ ਨਿੱਬੜ ਜਾਂਦਾ ਹੈ, ਕਿਉਂਕਿ ਉਸ ਦੇ ਅੰਦਰ ਪ੍ਰਭੂ ਦਾ ਨਾਮ ਉਜਾਗਰ ਹੋ ਜਾਂਦਾ ਹੈ, ਉਸ ਦਾ ਪ੍ਰਭੂ ਦੀ ਰਜ਼ਾ ਨਾਲ ਪਿਆਰ ਹੋ ਜਾਂਦਾ ਹੈ।7।
ਊਚਾ ਊਚਉ ਆਖੀਐ ਕਹਉ ਨ ਦੇਖਿਆ ਜਾਇ ॥
ਜਹ ਦੇਖਾ ਤਹ ਏਕੁ ਤੂੰ ਸਤਿਗੁਰਿ ਦੀਆ ਦਿਖਾਇ ॥
ਜੋਤਿ ਨਿਰੰਤਰਿ ਜਾਣੀਐ ਨਾਨਕ ਸਹਜਿ ਸੁਭਾਇ ॥8॥3॥
ਪਰਮਾਤਮਾ ਸਭ ਤੋਂ ਉੱਚਾ ਹੈ, ਪਰਮਾਤਮਾ ਸਭ ਤੋਂ ਉੱਚਾ ਹੈ, ਹਰ ਪਾਸਿਉਂ ਇਹੀ ਕਿਹਾ ਜਾਂਦਾ ਹੈ, ਮੈਂ ਵੀ ਇਹੀ ਆਖਦਾ ਹਾਂ ਕਿ ਪਰਮਾਤਮਾ ਸਭ ਤੋਂ ਉੱਚਾ ਹੈ, ਪਰ ਨਿਰਾ ਕਹਿਣ ਨਾਲ ਉਹ ਨਹੀਂ ਮਿਲ ਸਕਦਾ। ਹੇ ਪ੍ਰਭੂ ਜਦੋਂ ਗੁਰੂ ਨੇ ਮੈਨੂੰ ਤੇਰਾ ਦਰਸ਼ਨ ਕਰਾ ਦਿੱਤਾ ਤਾਂ, ਹੁਣ ਮੈਂ ਜਿੱਧਰ ਵੇਖਦਾ ਹਾਂ. ਤੂੰ ਹੀ ਤੂੰ ਦਿਸਦਾ ਹੈਂ। ਹੇ ਨਾਨਕ ਗੁਰੂ ਦੀ ਸਰਨ ਪੈ ਕੇ, ਆਤਮਕ ਅਡੋਲਤਾ ਵਾਲੀ ਅਵਸਥਾ ਵਿਚ ਟਿਕ ਕੇ, ਪ੍ਰੇਮ ਵਿਚ ਜੁੜ ਕੇ ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਦੀ ਜੋਤ ਹਰ ਥਾਂ ਇਕ-ਰਸ ਮੌਜੂਦ ਹੈ।8।3।
ਚੰਦੀ ਅਮਰ ਜੀਤ ਸਿੰਘ (ਚਲਦਾ)